31 ਸਾਲਾ ਵਿਅਕਤੀ ਪੁਲਿਸ ਨੇ ਕੀਤਾ ਗਿ੍ਰਫਤਾਰ
(ਔਕਲੈਂਡ):- ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਸਭ ਤੋਂ ਵੱਡੇ ਸ਼ਹਿਰ ਕ੍ਰਾਈਸਟਚਰਚ ਦੀ ਲਿਨਵੁੱਡ ਐਵਨਿਊ ਉਤੇ ਪੈਂਦੀ ਲਿਨਵੁੱਡ ਪਾਰਕ (ਰਗਬੀ ਕਲੱਬ) ਵਿਖੇ ਬੀਤੇ ਸ਼ੁੱਕਰਵਾਰ ਸ਼ਾਮ 7.30 ਵਜੇ ਦੇ ਕਰੀਬ ਇਕ 60 ਸਾਲਾ ਭਾਰਤੀ ਬਜ਼ੁਰਗ (ਕਰਨਾਲ (ਹਰਿਆਣਾ) ਦਾ ਪੰਜਾਬੀ ਪਰਿਵਾਰ) ਉਤੇ ਇਕ 31 ਸਾਲਾ ਵਿਅਕਤੀ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਗੰਭੀਰ ਹਾਲਤ ਦੇ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਕੱਲ੍ਹ ਉਨ੍ਹਾਂ ਦੀ ਮੌਤ ਹੋ ਗਈ ਤੇ ਇਹ ਹਮਲਾ ਜਾਨ ਲੇਵਾ ਸਾਬਿਤ ਹੋਇਆ। ਉਹ ਤਿੰਨ ਕੁ ਮਹੀਨੇ ਪਹਿਲਾਂ ਆਪਣੇ ਇਕੋ-ਇਕ ਪੁੱਤਰ ਨੂੰ ਇਥੇ ਆਪਣੀ ਪਤਨੀ ਸਮੇਤ ਮਿਲਣ ਆਏ ਹੋਏ ਸਨ। ਇਨ੍ਹਾਂ ਦੇ ਇਥੇ ਪੁੱਜਣ ਉਤੇ ਹੀ ਪਰਿਵਾਰ ਦੇ ਵਿਚ ਕਿ ਬੱਚੀ ਨੇ ਜਨਮ ਲਿਆ ਸੀ। ਪੁਲਿਸ ਨੇ 31 ਸਾਲਾ ਵਿਅਕਤੀ ਨੂੰ ਗਿ੍ਰਫਤਾਰ ਕਰ ਲਿਆ ਹੈ, ਉਸ ਉਤੇ ਕਿਸੀ ਨੂੰ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਸਬੰਧੀ ਦੋਸ਼ ਲਾਏ ਗਏ ਹਨ। ਉਸਨੂੰ ਬੀਤੇ ਸ਼ਨੀਵਾਰ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਅਤੇ ਇਸ ਵੇਲੇ ਰਿਮਾਂਡ ਵਜੋਂ ਪੁਲਿਸ ਹਿਰਾਸਤ ਵਿਚ ਹੈ। ਅਗਲੇ ਮੰਗਲਵਾਰ ਨੂੰ ਉਸਨੂੰ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ ਅਤੇ ਹੋਰ ਦੋਸ਼ ਲਾਏ ਜਾ ਸਕਦੇ ਹਨ।