ਸਨਮਾਨ: ਭਾਰਤੀ ਮੰਤਰੀ-ਮਾਓਰੀ ਵੈਲਕਮ -ਭਾਰਤੀ ਵਿਦੇਸ਼ ਮੰਤਰੀ ਡਾ. ਸੁਬਰਾਮਨੀਅਮ ਜੈ ਸ਼ੰਕਰ ਦਾ ਨਿਊਜ਼ੀਲੈਂਡ ਦੌਰਾ 5 ਤੋਂ 11 ਅਕਤੂਬਰ

ਭਾਰਤ ਦੀ ਆਜ਼ਾਦੀ ਦੇ 75ਵੀਂ ਸਾਲਗਿਰਾ ਸਬੰਧੀ ‘ਆਜ਼ਾਦੀ ਕਾ ਅੰਮ੍ਰਿਤਮਾਂਉਤਸਵ’ ਡਾਕ ਟਿਕਟ ਅਤੇ ਜਾਰੀ ਹੋਵੇਗੀ

ਸ੍ਰੀ ਨਰਿੰਦਰ ਮੋਦੀ ਦੇ ਸਿੱਖ ਭਾਈਚਾਰੇ ਨਾਲ ਵਿਸ਼ੇਸ਼ ਬੰਧਨ ਸਬੰਧੀ ਕਿਤਾਬ ‘ਹਾਰਟਫੈਲਟ-ਦਾ ਲੈਗੇਸੀ ਆਫ ਫੇਥ’ ਵੀ ਜਾਰੀ ਕੀਤੀ ਜਾਵੇਗੀ।

(ਆਕਲੈਂਡ):-ਭਾਰਤ ਦੇ ਵਿਦੇਸ਼ ਮੰਤਰੀ ਡਾ: ਸੁਬਰਾਮਨੀਅਮ ਜੈਸ਼ੰਕਰ 5 ਤੋਂ 11 ਅਕਤੂਬਰ ਤੱਕ ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਦੌਰੇ ਉਤੇ ਆ ਰਹੇ ਹਨ। ਇਹ ਭਾਰਤੀ ਕੈਬਨਿਟ ਪੱਧਰ ਦੇ ਵਿਦੇਸ਼ ਮੰਤਰੀ ਦੀ ਨਿਊਜ਼ੀਲੈਂਡ ਦੀ ਪਹਿਲੀ ਫੇਰੀ ਹੋਵੇਗੀ, ਇਸ ਤੋਂ ਪਹਿਲਾਂ ਸਤੰਬਰ 2011 ਦੇ ਵਿਚ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਇਥੇ ਜਰੂਰ ਆ ਚੁੱਕੇ ਹਨ। ਭਾਰਤੀ ਵਿਦੇਸ਼ ਮੰਤਰੀ ਦਾ 6 ਅਕਤੂਬਰ ਨੂੰ ਵਿਸ਼ੇਸ਼ ਤੌਰ ਉਤੇ ਮਾਓਰੀ ਰਸਮੋ ਰਿਵਾਜਾਂ (ਪਾਹੁਰੀ) ਦੇ ਨਾਲ ਔਕਲੈਂਡ ਵਾਰ ਮੈਮੋਰੀਅਲ ਅਜਾਇਬ ਘਰ ਦੇ ਵਿਹੜੇ ਵਿਚ ਸਵਾਗਤ ਕੀਤਾ ਜਾਵੇਗਾ। ਇਸ ਉਪਰੰਤ ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨੈਨੀਆ ਮਾਹੂਤਾ  ਦੇ ਨਾਲ ਦੋਹਾਂ ਦੇਸ਼ਾਂ ਦੇ ਆਪਸੀ ਰਾਜਸੀ ਸਬੰਧਾਂ ਸਬੰਧੀ ਗੱਲਬਾਤ ਹੋਵੇਗੀ ਅਤੇ ਫਿਰ ਇਕ ਹੋਟਲ ਦੇ ਵਿਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਉਹ ਏਥਨਿਕ ਮਾਮਲਿਆਂ ਦੀ ਭਾਰਤੀ ਮੂਲ ਦੀ ਪਹਿਲੀ ਮੰਤਰੀ ਸ੍ਰੀਮਤੀ ਪਿ੍ਰਯੰਕਾ ਰਾਧਾਕ੍ਰਿਸ਼ਨਨ ਨਾਲ ਵੀ ਗੱਲਬਾਤ ਕਰਨਗੇ। ਭਾਰਤੀ ਹਾਈ ਕਮਿਸ਼ਨ ਵਲਿੰਗਟਨ ਤੋਂ ਸ੍ਰੀਮਤੀ ਨੀਤਾ ਭੂਸ਼ਣ ਅਤੇ ਆਨਰੇਰੀ ਔਕਲੈਂਡ ਕੌਂਸਿਲ ਸ. ਭਵਦੀਪ ਸਿੰਘ ਢਿੱਲੋਂ ਭਾਰਤ ਦੇ ਵਿਦੇਸ਼ ਮੰਤਰੀ ਦਾ ਨਿੱਘਾ ਸਵਾਗਤ ਕਰਨ ਵਾਸਤੇ ਸਾਰੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ।
ਸ਼ਾਮ ਨੂੰ ਇਕ ਭਾਰਤੀ ਮੂਲ ਦੀ ਅੰਗਰੇਜ਼ੀ ਅਖਬਾਰ ‘ਇੰਡੀਅਨ ਵੀਕਐਂਡਰ’ ਦੇ ਸਲਾਨਾ ਸਮਾਗਮ ‘ਕੀਵੀ-ਇੰਡੀਅਨ ਹਾਲ ਆਫ ਫੇਮ’ ਦੇ ਵਿਚ  ਨਿਊਜ਼ੀਲੈਂਡ ਦੀ ਮਾਣਯੋਗ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਆਰਡਨ ਦੇ ਨਾਲ ਸ਼ਿਰਕਤ ਕਰਨਗੇ। ਇਸ ਸਮਾਗਮ ਵਿਚ ਭਾਰਤ ਦੀ ਆਜ਼ਾਦੀ ਦੇ 75ਵੀਂ ਸਾਲਗਿਰਾ ਸਬੰਧੀ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਨੂੰ ਸਮਰਪਿਤ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ ਜਾਵੇਗੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਪ੍ਰਕਾਸ਼ਿਤ ਕਿਤਾਬ ‘ਡ੍ਰੀਮਜ ਮੀਟ ਡਿਲਿਵਰੀ’(Dreams Meet Delivery) ਅਤੇ ਸ੍ਰੀ ਮੋਦੀ ਦੇ ਸਿੱਖ ਭਾਈਚਾਰੇ ਨਾਲ ਵਿਸ਼ੇਸ਼ ਬੰਧਨ (ਖਾਸ ਰਿਸ਼ਤਿਆਂ) ਸਬੰਧੀ ਕਿਤਾਬ ‘ਹਾਰਟਫੈਲਟ-ਦਾ ਲੈਗੇਸੀ ਆਫ ਫੇਥ’ (Powhiri, or welcome ceremonies, provide a special opportunity for visitors to experience Maori traditions in action.) ਵੀ ਜਾਰੀ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ‘ਕੌਮੀ ਸੇਵਾ ਐਵਾਰਡ’ ਵੀ ਦਿੱਤਾ ਜਾ ਚੁੱਕਾ ਹੈ। ਇਹ ਐਵਾਰਡ 9 ਨਵੰਬਰ 2019 ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਮੌਕੇ ਦਿੱਤਾ ਗਿਆ ਸੀ।
9 ਅਕਤੂਬਰ ਵਿਦੇਸ਼ ਮੰਤਰੀ ਵਲਿੰਗਟਨ ਸਥਿਤ ਭਾਰਤੀ ਦੂਤਾਵਾਸ ਦੇ ਦਫਤਰ ਅਤੇ ਰਿਹਾਇਸ਼ੀ ਬਲਾਕ ਦਾ ਉਦਘਾਟਨ ਕਰਨਗੇ। ਆਸਟਰੇਲੀਆ ਵਿਖੇ ਉਹ ਕੈਨਬਰਾ ਅਤੇ ਸਿਡਨੀ ਦਾ ਦੌਰਾ ਕਰਨਗੇ ਤੇ ਸਰਕਾਰ ਨਾਲ ਮੀਟਿੰਗਾਂ ਕਰਨਗੇ।
ਵਰਨਣਯੋਗ ਹੈ ਕਿ ਜਿੱਥੇ ਨਿਊਜ਼ੀਲੈਂਡ ਦੇ ਮੰਤਰੀ ਭਾਰਤ ਜਾਂਦੇ ਰਹਿੰਦੇ ਹਨ ਉਥੇ ਭਾਰਤ ਦੇ ਮੰਤਰੀ ਵੀ ਇਥੇ ਆਉਂਦੇ ਰਹਿੰਦੇ ਹਨ। ਜੁਲਾਈ 2013 ਦੇ ਵਿਚ ਮਨੁੱਖੀ ਸ੍ਰੋਤਾਂ ਬਾਰੇ ਮੰਤਰੀ ਡਾ. ਐਮ. ਐਮ. ਪਾਲੱਮ ਵੀ ਇਥੇ ਆਏ ਸਨ। 2015 ਦੇ ਵਿਚ ਭਾਰਤੀ ਮੰਤਰੀ (ਸਕਿੱਲ ਡਿਵੈਲਪਮੈਂਟ ਐਂਡ ਇੰਟਰਪਰਨਿਊਰਸ਼ਿੱਪ’ ਵੀ ਇਥੇ ਆ ਚੁੱਕੇ ਹਨ। ਅਪ੍ਰੈਲ 2016 ਦੇ ਵਿਚ ਭਾਰਤੀ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਇਥੇ ਆਏ ਸਨ।