ਨਿਊਜ਼ੀਲੈਂਡ ’ਚ ‘ਵਰਕਿੰਗ ਹਾਲੀਡੇਅ ਵੀਜ਼ੇ’ ਲਈ ਭਾਰਤੀਆਂ ਨੂੰ ਨਹੀਂ ਕੀਤਾ ਹੋਇਆ ਸ਼ਾਮਿਲ

…ਅਖੇ ਐਲ. ਐਮ. ਏ. ਬਨਾਉਣ ਦਾ ਕੀ ਫਾਇਦਾ ਹੋਇਆ ਤੇ
‘‘ਕਾਹਦਾ ਬਚਿਆ ਕੀਵੀ-ਭਾਰਤੀ ਪਿਆਰ
ਕਾਮੇ ਆਉਣ ਭਾਰਤ ਤੋਂ ਉਸ ਪਾਰ’’

(ਔਕਲੈਂਡ): ਨਿਊਜ਼ੀਲੈਂਡ ਸਰਕਾਰ ਵੱਲੋਂ ਕਰੋਨਾ ਤੋਂ ਬਾਅਦ ਵੱਖ-ਵੱਖ ਮੁਲਕਾਂ ਤੋਂ ਕਾਮੇ ਬੁਲਾਉਣ ਦਾ ਸਿਲਸਿਲੇਵਾਰ ਕਾਰਜ ਚੱਲ ਰਿਹਾ ਹੈ ਜੋ ਸਤੰਬਰ ਮਹੀਨੇ ਤੱਕ ਚੱਲਣਾ ਹੈ। ਵੱਖ-ਵੱਖ ਦੇਸ਼ਾਂ ਦੇ ਲੋਕਾਂ ਲਈ ਕੋਟਾ ਹੈ ਅਤੇ ਤਰੀਕਾਂ ਮਿੱਥੀਆਂ ਹੋਈਆਂ ਹਨ ਜਿਨ੍ਹਾਂ ਦੇ ਅਧੀਨ ਕਈ ਦੇਸ਼ਾਂ (ਬੈਲਜ਼ੀਅਮ, ਕੈਨੇਡਾ, ਡੈਨਮਾਰਕ, ਫਿਨਲੈਂਡ, ਫਰਾਂਸ, ਜ਼ਰਮਨੀ, ਇਰਲੈਂਡ, ਇਟਲੀ, ਨੀਦਰਲੈਂਡ, ਨਾਰਵੇ, ਸਵੀਡਨ, ਇੰਗਲੈਂਡ,  ਯੂ. ਐਸ.ਏ.ਅਤੇ ਜਾਪਾਨ) ਦੇ ਵਿਚੋਂ ਅਣਗਣਿਤ ਕਾਮੇ ਆ ਸਕਦੇ ਹਨ ਅਤੇ ਕਈ ਮੁਲਕਾਂ ਤੋਂ 50 ਤੋਂ ਲੈ ਕੇ 3000 ਤੱਕ। ਭਾਰਤੀਆਂ ਨੂੰ ਇਹ ਜਾਣਕੇ ਦੁੱਖ ਹੋਵੇਗਾ ਕਿ ਇਕ ਪਾਸੇ ਤਾਂ ਮੁਕਤ ਵਪਾਰ ਸਮਝੌਤੇ (New Zealand-9ndia 6“1) ਦੀਆਂ ਗੱਲਾਂ (ਗੱਲਾਂਬਾਤਾਂ ਦੇ 10 ਗੇੜ ਹੋ ਚੁੱਕੇ ਹਨ) ਨੂੰ ਸੁਨਣ ਨੂੰ ਮਿਲਦੀਆਂ ਹਨ, ਦੂਜੇ ਪਾਸੇ ਸਾਡੇ ਦੇਸ਼ ਭਾਰਤ ਤੋਂ ਡੇਢ ਗੁਣਾ ਦੂਰ ਜਾ ਕੇ ਚੈਕ ਰੀਪਬਲਿਕ (18000 ਕਿਲੋਮੀਟਰ ਦੂਰ) ਤੋਂ ਇਥੇ 1200 ਕਾਮੇ ਆ ਸਕਦੇ ਹਨ। ਪਰ ਹੈਰਾਨ ਹੁੰਦੀ ਹੈ ਕਿ ਭਾਰਤ ਤੋਂ 50 ਕਾਮੇ ‘ਵਰਕਿੰਗ ਹਾਲੀਡੇਅ ਵੀਜ਼ੇ’ ਅਧੀਨ ਲੋਕਾਂ ਨੂੰ ਇਥੇ ਮੰਗਵਾਉਣ ਦਾ ਵੀ ਹੱਕ ਨਹੀਂ ਹੈ। ਭਾਵੇਂ ਸਾਡੇ ਕਈ ਮੈਂਬਰ ਪਾਰਲੀਮੈਂਟ ਵੀ ਬਣੇ ਰਹੇ ਹਨ ਪਰ ਸ਼ਾਇਦ ਇਸ ਪਾਸੇ ਧਿਆਨ ਦੇਣ ਦਾ ਸਮਾਂ ਨਹੀਂ ਲੱਗਾ, ਕਿਉਂਕਿ ਕਹਿੰਦੇ ਹੁੰਦੇ ਹਨ ਕਿ ਬਈ ਹੋਰ ਵੀ ਕਈ ਕੰਮ ਕਰਨੇ ਹੁੰਦੇ ਹਨ। ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੇ ਕੱਲ੍ਹ ਆਪਣੀ ਸਿੰਗਾਪੋਰ ਫੇਰੀ ਦੌਰਾਨ ਇਨ੍ਹਾਂ ਸਿੰਗਾਪੁਰੀ ਕਾਮਿਆਂ ਦੀ ਗਿਣਤੀ 200 ਦੀ ਥਾਂ ਵਧਾ ਕੇ 300 ਕਰ ਦਿੱਤੀ ਹੈ ਅਤੇ ਹਵਾਈ ਜ਼ਹਾਜਾਂ ਦੇ ਲਈ ਕਈ ਵਧੀਆ ਸਮਝੌਤੇ ਕੀਤੇ ਹਨ, ਪਰ ਨੈਸ਼ਨਲ ਪਾਰਟੀ ਦੀ ਸਰਕਾਰ ਵੇਲੇ 2011 ਅਤੇ ਫਿਰ 2016 ਦੇ ਵਿਚ  ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਭਾਰਤ ਤੱਕ ਵੀ ਗਏ, ਤਾਜ ਮਹਿਲ ਵੀ ਆਪਣੀ ਧਰਮ ਪਤਨੀ ਨੂੰ ਵਿਖਾ ਆਏ ਪਰ ਇਥੇ ਵਸਦੇ ਭਾਰਤੀਆਂ ਦੇ ਪੱਲੇ ਕੁਝ ਬਾਹਲਾ ਪ੍ਰਵਾਸੀ ਲਾਹਾ ਲੈਣ ਵਾਲਾ ਕੋਈ ਖਰਾ ਸੌਦਾ ਪੱਲੇ ਨਹੀਂ ਪਿਆ। ਵਰਨਣਯੋਗ ਹੈ ਕਿ ਭਾਰਤ ਨਿਊਜ਼ੀਲੈਂਡ ਲਈ ਦਸਵਾਂ ਵੱਡਾ ਦੇਸ਼ ਹੈ ਜਿੱਥੇ ਜਿਆਦਾ ਆਯਾਤ-ਨਿਰਯਾਤ ਹੁੰਦਾ ਹੈ। ਇਹ ਆਦਾਨ ਪ੍ਰਦਾਨ ਇਸ ਵੇਲੇ ਬਿਲੀਅਨ ਡਾਲਰ (2.2) ਵਿਚ ਹੈ। ਭਾਰਤ ਤੋਂ ਇਥੇ ਆਉਣ ਵਾਲੇ ਵਿਦਿਆਰਥੀ ਵੀ ਦੂਜੀ ਵੱਡੀ ਗਿਣਤੀ ਦੇ ਵਿਚ ਸਨ। ਪਰ ਇਸ ਸਾਰੇ ਦੇ ਬਾਵਜੂਦ ਵਰਕਿੰਗ ਹਾਲੀਡੇਅ ਸਕੀਮ ਦੇ ਵਿਚ ਅਸੀਂ ਸਕੀਮ ਲਾਉਣ ਵਿਚ ਕਾਮਯਾਬ ਨਾ ਹੋ ਸਕੇ।
ਇਹ ਮੌਕਾ ਹੈ ਕਿ ਸਾਡੀਆਂ ਸੰਸਥਾਵਾਂ ਜਾਂ ਇਮੀਗ੍ਰੇਸ਼ਨ ਸਲਾਹਕਾਰ ਇਕੱਠੇ ਹੋ ਕੇ ਇਸ ਪਾਸੇ ਇਮੀਗ੍ਰੇਸ਼ਨ ਮੰਤਰੀ ਦਾ ਅਤੇ ਸਰਕਾਰ ਦਾ ਧਿਆਨ ਖਿੱਚਣ। ਨਹੀਂ ਤਾਂ ਆਮ ਵਿਅਕਤੀ ਤਾਂ ਇਹ ਕਹਿ ਕੇ ਹੀ ਤੰਜ ਕੱਸੇਗਾ ਕਿ ‘‘ਤੂਹਾਨਾ ਵੋਟਾਂ ਪਾਉਣ ਦਾ ਅਤੇ ਐਲ. ਐਮ. ਏ. ਬਨਾਉਣ ਦਾ ਕੀ ਫਾਇਦਾ ਹੋਇਆ ਜਦੋਂ ਤੁਸੀਂ ਸਾਡਾ ਖਿਆਲ ਹੀ ਨਾ ਰੱਖਿਆ ਅਤੇ ਫਿਰ ਕਾਹਦਾ ਬਚਿਆ ਕੀਵੀ-ਭਾਰਤੀ ਪਿਆਰ ਜਦੋਂ ਕਾਮੇ ਆਉਣ ਭਾਰਤ ਤੋਂ ਉਸ ਪਾਰ।’’

Install Punjabi Akhbar App

Install
×