ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਕ੍ਰਿਸਮਸ ਤੱਕ 1500 ‘ਰੈਜ਼ੀਡੈਂਟ ਵੀਜ਼ਾ’ ਵੀਜਿਆਂ ਦੀ ਆਸ
22 ਦਸੰਬਰ ਤੱਕ 1057 ਲੋਕਾਂ ਨੂੰ ਮਿਲ ਗਈ ਹੈ ਪੀ. ਆਰ.
ਇਕ ਵੀ ਅਰਜ਼ੀ ਰੱਦ ਨਹੀਂ ਹੋਈ
ਸਭ ਤੋਂ ਪਹਿਲਾਂ 6 ਦਸੰਬਰ ਨੂੰ ਲੱਗਿਆ ਸੀ ਇਕ ਹੀ ਵੀਜ਼ਾ
ਔਕਲੈਂਡ :ਇਮੀਗ੍ਰੇਸ਼ਨ ਨਿਊਜ਼ੀਲੈਂਡ ‘2021 ਰੈਜ਼ੀਡੈਂਟ ਵੀਜ਼ਾ’ ਸ਼੍ਰੇਣੀ ਤਹਿਤ ਇਸ ਵਾਰ ਕ੍ਰਿਸਮਸ ਤੋਂ ਪਹਿਲਾਂ ਲਗਪਗ 1500 ਲੋਕਾਂ ਨੂੰ ਰੈਜੀਡੈਂਟ ਵੀਜ਼ਾ ਦੇ ਕੇ ‘ਕ੍ਰਿਸਮਸ ਗਿਫਟ’ ਦੇ ਰਹੀ ਹੈ। ਜਾਰੀ ਸੂਚਨਾ ਅਨੁਸਾਰ 22 ਦਸੰਬਰ ਤੱਕ 1057 ਲੋਕਾਂ ਦੀ ਪੀ. ਆਰ. ਮੰਜ਼ੂਰ ਕਰ ਲਈ ਗਈ ਸੀ ਅਤੇ 500 ਹੋਰਾਂ ਦੇ ਮੋਹਰ ਲੱਗਣ ਵਾਲੀ ਸੀ। ਇਮੀਗ੍ਰੇਸ਼ਨ ਨੇ ਪਹਿਲੀ ਦਸੰਬਰ ਤੋਂ ਅਰਜ਼ੀਆਂ ਲਈਆਂ ਸਨ ਪਰ ਪਹਿਲਾ ਵੀਜ਼ਾ 6 ਦਸੰਬਰ ਨੂੰ ਇਕ ਹੀ ਜਾਰੀ ਕੀਤਾ ਗਿਆ ਅਤੇ ਫਿਰ ਹੌਲੀ-ਹੌਲੀ ਮੋਟੀ ਚਾਲ ਹੁੰਦੀ ਗਈ ਅਤੇ ਵੀਜ਼ਾ ਅਰਜ਼ੀਆਂ ਵਧਦੀਆਂ ਗਈਆਂ। ਕਈ ਲੋਕਾਂ ਨੇ ਫੇਸ ਬੁੱਕ ਉਤੇ ਇਹ ਪਾ ਦਿੱਤਾ ਸੀ ਕਿ ਉਨ੍ਹਾਂ ਨੂੰ ਪਹਿਲੇ ਦਿਨ ਹੀ ਵੀਜ਼ਾ ਲੱਗ ਗਿਆ ਜਦ ਕਿ ਪਹਿਲਾ ਵੀਜ਼ਾ 6 ਦਸੰਬਰ ਨੂੰ ਜਾਰੀ ਹੋਇਆ ਸੀ। ਸੂਚਨਾ ਅਨੁਸਾਰ 22 ਦਸੰਬਰ ਤੱਕ 11697 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ ਇਨ੍ਹਾਂ ਵਿਚ 27784 ਲੋਕ ਸ਼ਾਮਿਲ ਹਨ। ਪਹਿਲੇ ਗੇੜ ਦੇ ਵਿਚ ਕੁੱਲ ਅਰਜ਼ੀਆਂ ਦੀ ਸੰਭਾਵਨਾ ਮੁਤਾਬਿਕ ਇਹ 80% ਤੋਂ ਜਿਆਦਾ ਹੋ ਚੁੱਕੀਆਂ ਹਨ। ਅਜੇ ਤੱਕ ਇਕ ਵੀ ਅਰਜ਼ੀ ਰੱਦ ਨਹੀਂ ਹੋਈ।