ਅਖੇ ਤੂੰ ਡਾਲ-ਡਾਲ ਮੈਂ ਪਾਤ-ਪਾਤ: ਭਾਰਤੀ ਏਜੰਟਾਂ ਦੀ ਚਲਾਕੀ ਫੜ੍ਹਨ ਦਾ ਇਮੀਗ੍ਰੇਸ਼ਨ ਨੇ ਕੱਢਿਆ ਹੱਲ-ਹੁਣ ਫਾਰਮ ਭਰਵਾ ਕੇ ਵੇਖ ਸਕਦੇ ਹਨ

NZ PIC 29 Feb-3ਭਾਰਤੀ ਏਜੰਟਾਂ ਦੀ ਚਲਾਕੀ ਪੂਰੇ ਵਿਸ਼ਵ ਵਿਚ ਮਸ਼ਹੂਰ ਹੈ ਪਰ ਨਿਊਜ਼ੀਲੈਂਡ ਇਮੀਗ੍ਰੇਸ਼ਨ ਵਾਲੇ ਅਜਿਹੀ ਚਲਾਕੀ ਨੂੰ ਫੜ ਕੇ ਸ਼ਾਇਦ ਇਕ ਕਹਾਵਤ ਕਿ ‘ਤੂੰ ਡਾਲ ਡਾਲ ਮੈਂ ਪਾਤ ਪਾਤ’ ਵੀ ਸਿੱਧ ਕਰ ਰਹੇ ਹਨ। ਨਿਊਜ਼ੀਲੈਂਡ ਵਿਖੇ ਇਮੀਗ੍ਰੇਸ਼ਨ ਮੈਟਰਜ਼ ਕੰਪਨੀ ਤੋਂ ਇਮੀਗ੍ਰੇਸ਼ਨ ਸਲਾਹਕਾਰ ਸ. ਜਗਜੀਤ ਸਿੰਘ ਹੋਰਾਂ ਅੱਜ ਇਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤੀ ਏਜੰਟ ਖਾਸ ਕਰ ਪੰਜਾਬ ਦੇ ਏਜੰਟ ਨਿਊਜ਼ੀਲੈਂਡ ਆਉਣ ਵਾਲੇ ਲੋਕਾਂ ਦਾ ਕੇਸ ਲਾਉਣ ਵੇਲੇ ਫਾਰਮ ਤਾਂ ਆਪ ਭਰਦੇ ਹਨ ਪਰ ਕਈ ਕੇਸਾਂ ਵਿਚ ਲਾਇਸੰਸ ਦੀ ਸ਼ਰਤ ਹੋਣ ਕਰਕੇ ਗਾਹਕ ਨੂੰ ਇਹ ਕਹਿ ਦਿੰਦੇ ਹਨ ਕਿ ਜੇਕਰ ਇਮੀਗ੍ਰੇਸ਼ਨ ਵਾਲੇ ਪੁੱਛਣ ਕਹਿ ਦੇਣਾ ਕਿ ਖੁਦ ਹੀ ਭਰੇ ਹਨ। ਨਵੀਂ ਦਿੱਲੀ ਵਾਲੀ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਸ਼ਾਖਾ ਤੋਂ ਬਹੁਤ ਸਾਰੇ ਵੀਜ਼ੇ ਰੱਦ ਹੋ ਰਹੇ ਹਨ ਅਤੇ ਬਹੁਤਿਆਂ ਦਾ ਕਾਰਨ ਕੇਸ ਠੀਕ ਤਰ੍ਹਾਂ ਨਾ ਲਗਾਉਣਾ ਸਾਹਮਣੇ ਆ ਰਿਹਾ ਹੈ। ਲੱਖਾਂ ਰੁਪਏ ਲੈ ਕੇ ਏਜੰਟ ਫਾਰਮ ਤਾਂ ਭਰ ਦਿੰਦੇ ਹਨ ਪਰ ਸਹੀ ਨਾ ਹੋਣ ਕਰਕੇ ਵੀਜ਼ੇ ਤੋਂ ਨਾਂਹ ਹੋ ਜਾਂਦੀ ਹੈ ਜਾਂ ਫਿਰ ਅਗਲੇ ਪ੍ਰਸ਼ਨ ਪੁੱਛੇ ਜਾਣ ਲਗਦੇ ਹਨ। ਹੁਣ ਪਤਾ ਲੱਗਾ ਹੈ ਕਿ ਇਮੀਗ੍ਰੇਸ਼ਨ ਵਾਲੇ ਗਾਹਕ ਨੂੰ ਆਪਣੇ ਦਫਤਰ ਬੁਲਾ ਕੇ ਦੁਬਾਰਾ ਭਰਨ ਵਾਸਤੇ ਕਹਿੰਦੇ ਹਨ। ਜਿਹੜੇ ਗਾਹਕ ਫਾਰਮ ਭਰਨ ਸਕਣ ਦੇ ਯੋਗ ਨਹੀਂ ਹੁੰਦੇ ਉਹ ਫਸ ਜਾਂਦੇ ਹਨ ਕਿਉਂਕਿ ਜੋ ਫਾਰਮ ਪਹਿਲਾਂ ਭਰ ਕੇ ਭੇਜਿਆ ਹੁੰਦਾ ਹੈ ਉਸ ਉਤੇ ਖੁਦ ਦਾ ਭਰਿਆ ਹੋਇਆ ਦਰਸਾਇਆ ਜਾਂਦਾ ਹੈ। ਅਜਿਹੇ ਮਾਮਲਿਆਂ ਦੇ ਵਿਚ ਇਮੀਗ੍ਰੇਸ਼ਨ ਗਾਹਕ ਨੂੰ  ਚੰਗੇ ਆਚਰਣ (ਨਾਟ ਏ ਗੁੱਡ ਕਰੈਕਟਰ) ਦੀਆਂ ਨਜ਼ਰਾਂ ਨਾਲ ਵੇਖਦੀ ਹੈ। ਅਜਿਹੀਆਂ ਅਰਜ਼ੀਆਂ ਦੇ ਵਿਚ ਕਰੈਕਟਰ ਨੂੰ ਲੈ ਕੇ ਇਤਰਾਜ਼ ਲਗਾ ਦਿੱਤਾ ਜਾਂਦਾ ਹੈ। ਏਜੰਟਾਂ ਦੀ ਚਲਾਕੀ ਕਈ ਵਾਰ ਤਾਂ ਚਲ ਜਾਂਦੀ ਹੈ ਪਰ ਹੁਣ ਇਮੀਗ੍ਰੇਸ਼ਨ ਵਾਲਿਆਂ ਨੂੰ ਸਭ ਪਤਾ ਲੱਗ ਗਿਆ ਹੈ। ਸ. ਜਗਜੀਤ ਸਿੰਘ ਹੋਰਾਂ ਨੇ ਸਾਰੇ ਭਾਰਤੀ ਖਾਸ ਕਰ ਪੰਜਾਬੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੀਆਂ ਅਰਜ਼ੀਆਂ ਲਾਇਸੰਸ ਧਾਰਕ ਸਲਾਹਕਾਰਾਂ ਤੋਂ ਲਗਵਾਓ ਜਾਂ ਫਿਰ ਖੁਦ ਪੜ੍ਹ ਕੇ ਆਪ ਲਗਾਈਆਂ ਜਾਣ। ਬਿਨਾਂ ਲਾਇਸੰਸ ਵਾਲੇ ਏਜੰਟ ਬਹੁਤ ਸਾਰੇ ਕੇਸਾਂ ਨੂੰ ਖਰਾਬ ਕਰ ਰਹੇ ਹਨ ਜਿਸ ਕਾਰਨ ਗਾਹਕਾਂ ਦਾ ਪੈਸਾ ਅਤੇ ਸਮਾਂ ਬਰਬਾਦ ਹੋ ਰਿਹਾ ਹੈ।

Install Punjabi Akhbar App

Install
×