ਨਿਊਜ਼ੀਲੈਂਡ ਇਮੀਗ੍ਰੇਸ਼ਨ ਅਡਵਾਈਜ਼ਰਜ਼ ਅਥਾਰਟੀ’ ਵੱਲੋਂ ਇਕ ਤਾਜ਼ਾ ਸਰਵੇ ਜੋ 1 ਮਈ ਤੋਂ 2013 ਤੋਂ 30 ਅਪ੍ਰੈਲ 2014 ਤੱਕ ਕਰਵਾਇਆ ਗਿਆ। ਇਸ ਸਮੇਂ ਦੌਰਾਨ ਉਨ੍ਹਾਂ ਗਾਹਕਾਂ ਦੇ ਵਿਚਾਰ ਲਏ ਗਏ ਜਿਨ੍ਹਾਂ ਨੇ ਲਾਇਸੰਸ ਧਾਰਕ ਇਮੀਗ੍ਰੇਸ਼ਨ ਸਲਾਹਕਾਰਾਂ ਦੀ ਮਦਦ ਨਾਲ ਪ੍ਰਵਾਸ ਵਾਸਤੇ ਆਪਣੀ ਅਰਜ਼ੀ ਲਾਈ ਸੀ। ਨਿਊਜ਼ੀਲੈਂਡ ਦੇ ਵਿਚ ਇਮੀਗ੍ਰੇਸ਼ਨ ਸਲਾਹਕਾਰ ਮੈਡਮ ਸੋਨੀਆ ਅਰੋੜਾ (ਸਨਸ਼ਾਈਨ ਇਮੀਗ੍ਰੇਸ਼ਨ) ਅਤੇ ਇਮੀਗ੍ਰੇਸ਼ਨ ਅਡਵਾਈਜ਼ਰ ਵੈਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਾਇਆ ਗਿਆ ਕਿ ਜਦੋਂ ਤੋਂ ਲਾਇਸੰਸ ਧਾਰਕ ਇਮੀਗ੍ਰੇਸ਼ਨ ਸਲਾਹਕਾਰਾਂ ਦੇ ਰਾਹੀਂ ਅਰਜ਼ੀਆਂ ਲੱਗਣੀਆਂ ਸ਼ੁਰੂ ਹੋਈਆਂ ਹਨ ਤਾਂ ਸਫਲਤਾ ਦਰ ਉਚੀ ਅਤੇ ਕੰਮ ਦੇ ਵਿਚ ਉਚ ਮਾਪਦੰਢ ਵਿਕਸਤ ਹੋਏ ਹਨ। ਓਵਰਆਲ 83% ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਆਪਣੇ ਮਿੱਤਰਾਂ ਅਤੇ ਦੋਸਤਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਉਹ ਲਾਇਸੰਸ ਧਾਰਕ ਇਮੀਗਰੇਸ਼ਨ ਸਲਾਹਕਾਰਾਂ ਕੋਲੋਂ ਹੀ ਆਪਣੀਆਂ ਅਰਜ਼ੀਆਂ ਦਾਖਲ ਕਰਵਾਉਣ। ਗਾਹਕਾਂ ਦੇ ਕੀਤੇ ਸਰਵੇ ਵਿਚ 94% ਲੋਕਾਂ ਵੱਲੋਂ ਲਿਖਿਆ ਗਿਆ ਕਿ ਇਮੀਗ੍ਰੇਸ਼ਨ ਸਲਾਹਕਾਰਾਂ ਨੇ ਇੰਗਲਿਸ਼ ਭਾਸ਼ਾ ਦੇ ਵਿਚ ਵਧੀਆ ਕਾਰਗੁਜ਼ਾਰੀ ਅਤੇ ਤਾਲਮੇਲ ਕੀਤਾ ਹੈ। ਇਮੀਗ੍ਰੇਸ਼ਨ ਸਲਾਹਕਾਰਾਂ ਵੱਲੋਂ ਕੀਤੇ ਜਾਂਦੇ ‘ਟਰਮਜ਼ ਆਫ਼ ਦਾ ਐਗਰੀਮੈਂਟ’ ਅਤੇ ਸਰਵਿਸ ਵਿਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਐਗਰੀਮੈਂਟ ਵਿਚ ਵੀ 94% ਲੋਕਾਂ ਨੇ ਤਸੱਲੀ ਪ੍ਰਗਟ ਕੀਤੀ ਹੈ। ਇਮੀਗ੍ਰੇਸ਼ਨ ਅਡਵਾਈਜ਼ਰ ਮੈਡਮ ਸੋਨੀਆ ਅਰੋੜਾ ਨੇ ਜਾਰੀ ਬਿਆਨ ਵਿਚ ਕਿਹਾ ਕਿ ਅਜਿਹੇ ਸਰਵੇ ਲਾਇਸੰਸ ਧਾਰਕਾਂ ਨੂੰ ਇਕ ਚੰਗੀ ਸੇਧ, ਡੂੰਘੀ ਕੰਮ ਕਰਨ ਦੀ ਲਗਨ ਅਤੇ ਹੋਰ ਮੁਹਾਰਿਤ ਪ੍ਰਦਾਨ ਕਰਦੇ ਹਨ। 87% ਲੋਕਾਂ ਨੇ ਆਪਣੀਆਂ ਅਰਜ਼ੀਆਂ ਲਾਇਸੰਸ ਧਾਰਕਾਂ ਦੇ ਰਾਹੀਂ ਭਰੀਆਂ ਹਨ। 8% ਉਹ ਲੋਕ ਵੀ ਹਨ ਜਿਨ੍ਹਾਂ ਦਾ ਲਾਇਸੰਸ ਧਾਰਕਾਂ ਦੇ ਨਾਲ ਤਜ਼ਰਬਾ ਤਸੱਲੀਬਖਸ਼ ਨਹੀਂ ਰਿਹਾ ਤੇ 8% ਲੋਕਾਂ ਨੂੰ ਬਹੁਤ ਹੀ ਮਾੜੀ ਸਰਵਿਸ ਲਾਇਸੰਸ ਧਾਰਕਾਂ ਕੋਲੋਂ ਮਿਲੀ ਹੈ।
ਵਰਨਣਯੋਗ ਹੈ ਕਿ ਭਾਰਤ ਸਮੇਤ ਕਈ ਹੋਰ ਮੁਲਕਾਂ ਦੇ ਲੋਕ ਬਿਨਾਂ ਲਾਇਸੰਸ ਧਾਰਕ ਅਖੌਤੀ ਏਜੰਟਾਂ ਦੇ ਬਹਿਕਾਵੇ ਦੇ ਵਿਚ ਆ ਕੇ ਆਪਣੀਆਂ ਅਰਜ਼ੀਆਂ ਦਾਖਲ ਕਰ ਦਿੰਦੇ ਹਨ, ਜਿਨ੍ਹਾਂ ਦੇ ਵਿਚੋਂ ਬਹੁਤ ਸਾਰੀਆਂ ਅਰਜ਼ੀਆਂ ਅਧੂਰੀਆਂ ਪਾਈਆਂ ਜਾਂਦੀਆਂ ਅਤੇ ਵੀਜ਼ਾ ਪ੍ਰਾਪਤੀ ਤੋਂ ਕਿਤੇ ਦੂਰ ਰਹਿ ਜਾਂਦੀਆਂ ਹਨ। ਨਿਊਜ਼ੀਲੈਂਡ ਸਰਕਾਰ ਨੇ ਇਮੀਗ੍ਰੇਸ਼ਨ ਦੇ ਕੰਮ ਨੂੰ ਸੁਚਾਰੂ ਰੱਖਣ ਦੇ ਲਈ ਲਾਇਸੰਸ ਧਾਰਕਾਂ ਦੀਆਂ ਅਰਜ਼ੀਆਂ ਨੂੰ ਹੀ ਪ੍ਰਵਾਨ ਕਰਨ ਦਾ ਕਾਨੂੰਨ ਪਾਸ ਕੀਤਾ ਹੋਇਆ ਹੈ ਜਾਂ ਫਿਰ ਗਾਹਕ ਆਪਣੀ ਅਰਜ਼ੀ ਖੁਦ ਲਾ ਸਕਦਾ ਹੈ।