ਰੈਜ਼ੀਡੈਂਟ ਵੀਜ਼ੇ-ਲੇਖਾ-ਜੋਖਾ: 168,013 ਲੋਕ ਹੋ ਗਏ ਪੱਕੇ, 82.35% ਅਰਜ਼ੀਆਂ ਨਿਬੜੀਆਂ-ਬਚੀਆਂ ਸਿਰਫ 18,722

45,800 ਤੋਂ ਵੱਧ ਭਾਰਤੀ ਹੋਏ ਪੱਕੇ

(ਔਕਲੈਂਡ):- ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ‘2021 ਰੈਜ਼ੀਡੈਂਟ ਵੀਜ਼ਾ ਸ਼੍ਰੇਣੀ’ ਅਧੀਨ ਦੋ ਗੇੜਾਂ ਵਿਚ ਅਰਜ਼ੀਆਂ ਮੰਗੀਆਂ ਗਈਆਂ ਸਨ ਅਤੇ ਇਹ 31 ਜੁਲਾਈ 2022 ਤੱਕ ਦਾਖਿਲ ਕਰਨ ਵਾਸਤੇ ਸਨ। ਇਸ ਸ਼੍ਰੇਣੀ ਅਧੀਨ ਹੁਣ ਤੱਕ (01 ਅਪ੍ਰੈਲ 2023 ਤੱਕ) ਅੱਪਡੇਟ ਹੋਏ ਅੰਕੜੇ  ਅਤੇ ਮੇਰੇ ਵੱਲੋਂ ਦਫਤਰ ਤੋਂ ਲਈ ਵਿਸ਼ੇਸ਼ ਜਾਣਕਾਰੀ ਅਨੁਸਾਰ ਹੁਣ ਤੱਕ ਕੁੱਲ 168,013 ਲੋਕ ਪੱਕੇ ਹੋ ਗਏ ਹਨ। ਇਸ ਸ਼੍ਰੇਣੀ ਅਧੀਨ ਕੁੱਲ 106,101 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚ ਕੁੱਲ 214,311 ਲੋਕ ਸ਼ਾਮਿਲ ਸਨ। ਇਨ੍ਹਾਂ ਅਰਜ਼ੀਆਂ ਵਿਚੋਂ 87,081 ਅਰਜ਼ੀਆਂ ਨਿਬੜ ਚੁੱਕੀਆਂ ਹਨ। 298 ਅਰਜ਼ੀਆਂ ਅਯੋਗ ਕਰਾਰ ਦਿੱਤੀਆਂ ਗਈਆਂ ਹਨ ਜਾਂ ਫਿਰ ਵਾਪਿਸ ਲੈ ਲਈਆਂ ਗਈਆਂ ਹਨ। ਇਨ੍ਹਾਂ ਮੰਜ਼ੂਰ ਹੋਈਆਂ ਅਰਜ਼ੀਆਂ ਦੇ ਵਿਚ 33,109 ਅਰਜ਼ੀਆਂ ਤੋਂ ਵੱਧ ਭਾਰਤੀ ਮੂਲ ਦੇ ਲੋਕਾਂ ਦੀਆਂ ਸਨ ਜਿਨ੍ਹਾਂ ਵਿਚੋਂ 28,074 ਤੋਂ ਵੱਧ ਦਾ ਨਿਬੇੜਾ ਹੋ ਚੁੱਕਾ ਹੈ ਅਤੇ 5000 ਦੇ ਕਰੀਬ ਰਹਿ ਗਈਆਂ ਹਨ। ਭਾਰਤੀ ਮੂਲ ਦੇ ਕੁੱਲ 56,250 ਵਿਚੋਂ 45,781 ਤੋਂ ਵੱਧ ਲੋਕ ਹੁਣ ਤੱਕ ਪੱਕੇ ਹੋ ਚੁੱਕੇ ਹਨ।