ਨਿਊਜ਼ੀਲੈਂਡ ਦੇ ਵਿਚ ਪਹਿਲੀ ਵਾਰ ਮਾਨਵ ਤਸਕਰੀ ਕਰਨ ਦੇ ਮਾਮਲੇ ਵਿਚ ਤਿੰਨ ਭਾਰਤੀ ਗ੍ਰਿਫਤਾਰ

ਨਿਊਜ਼ੀਲੈਂਡ ਦੇ ਵਿਚ ਪਹਿਲੀ ਵਾਰ ਮਨੁੱਖੀ ਤਸਕਰੀ ਕਰਨ ਦੇ ਦੋਸ਼ ਅਧੀਨ ਤਿੰਨ ਭਾਰਤੀਆਂ ਨੂੰ ਅੱਜ ਦੋ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। 53 ਸਾਲਾ ਅਤੇ 52 ਸਾਲਾ ਦੋ ਭਾਰਤੀਆਂ ਨੂੰ ਦੱਖਣੀ ਟਾਪੂ ਦੇ ਸ਼ਹਿਰ ਮੋਟੂਇਕਾ ਵਿਖੇ ਗ੍ਰਿਫਤਾਰ ਕੀਤਾ ਗਿਆ ਜਦ ਕਿ ਇਕ ਨੂੰ ਔਕਲੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਸਹਾਇਕ ਜਨਰਲ ਮੈਨੇਜਰ ਅਤੇ ਬਾਰਡਰ ਮੈਨੇਜਰ ਨੇ ਦੱਸਿਆ ਹੈ ਕਿ ਇਸ ਕੇਸ ਦੀ ਪੈਰਵੀ ਦੇ ਵਿਚ ਬਹੁਤ ਹੀ ਅਰਥਪੂਰਨ ਗੱਲਾਂ ਸਾਹਮਣੇ ਨਿਕਲੀਆਂ ਹਨ। ਅਥਾਰਟੀ ਨੇ ਕਿਹਾ ਹੈ ਕਿ ਇਹ ਕੇਸ ਦਰਸਾਉਂਦਾ ਹੈ ਕਿ ਵਿਭਾਗ ਅਜਿਹੇ ਸੰਗੀਨ ਜ਼ੁਰਮਾਂ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ ਅਤੇ ਤੱਥ ਦੱਸਦੇ ਹਨ ਕਿ ਨਿਊਜ਼ੀਲੈਂਡ ਦੇ ਵਿਚ ਇਹ ਪਹਿਲਾ ਮਾਨਵ ਤਸਕਰੀ ਦਾ ਮਾਮਲਾ ਹੈ।
ਦੋ ਵਿਅਕਤੀਆਂ ਉਤੇ 11 ਵੱਖ-ਵੱਖ ਮਾਨਵ ਤਸਕਰੀ ਦੇ ਦੋਸ਼ ਲਗਾਏ ਗਏ ਹਨ। ਇਕ ਵਿਅਕਤੀ ਉਤੇ 7 ਹੋਰ ਵੱਖਰੇ ਦੋਸ਼ ਵੀ ਲਗਾਏ ਗਏ ਹਨ। ਔਕਲੈਂਡ ਤੋਂ ਫੜੇ ਗਏ ਭਾਰਤੀ ਉਤੇ 36 ਵੱਖ-ਵੱਖ ਦੋਸ਼ ਹਨ ਜੋ ਕਿ ਸ਼ਰਨਾਰਥੀ ਅਫਸਰ ਨੂੰ ਗਲਤ ਸੂਚਨਾ ਦੇਣ ਦੇ ਸਬੰਧ ਵਿਚ ਹਨ। ਕ੍ਰਾਈਮ ਐਕਟ 1961 ਦੇ ਅਧੀਨ ਦਰਜ ਇਹ ਮਾਮਲਾ 18 ਭਾਰਤੀਆਂ ਨੌਜਵਾਨਾਂ ਨੂੰ ਇਥੇ ਮੰਗਵਾਉਣ ਦਾ ਹੈ। ਤਿੰਨਾਂ ਦੋਸ਼ੀਆਂ ਨੂੰ ਅਗਲੇ 4 ਸਤੰਬਰ ਦਿਨ ਵੀਰਵਾਰ ਨੂੰ ਦੁਬਾਰਾ ਨੈਲਸਨ ਸ਼ਹਿਰ ਦੀ ਅਦਾਲਤ ਦੇ ਵਿਚ ਪੇਸ਼ ਕੀਤਾ ਜਾਵੇਗਾ। ਮਾਨਵ ਤਸਕਰੀ ਦੇ ਅਜਿਹੇ ਮਾਮਲਿਆਂ ਦੇ ਵਿਚ ਜੇਕਰ ਦੋਸ਼ੀ ਦਾਗੀ ਪਾਇਆ ਜਾਂਦਾ ਹੈ ਤਾਂ 5 ਲੱਖ ਡਾਲਰ ਤੱਕ ਜ਼ੁਰਮਾਨਾ ਅਤੇ 20 ਸਾਲਾਂ ਦੀ ਸਜ਼ਾ ਵੀ ਹੋ ਸਕਦੀ ਹੈ। ਜਾਅਲੀ ਸ਼ਰਨਾਰਥੀ ਸਾਬਿਤ ਹੋਣ ‘ਤੇ 7 ਸਾਲਾਂ ਦੀ ਸਜ਼ਾ ਅਤੇ ਇਕ ਲੱਖ ਡਾਲਰ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।