ਓਹੀ ਗੱਲ ਹੋਈ….ਕਦੇ ਮੰਗੀ ਸੀ ਆਕਸੀਜਨ…

ਨਿਊਜ਼ੀਲੈਂਡ ਹਾਈ ਕਮਿਸ਼ਨ ਨਵੀਂ ਦਿੱਲੀ ਦਾ ਬਜ਼ੁਰਗ ਮੁਲਾਜ਼ਮ ਕਰੋਨਾ ਕਾਰਨ ਚੱਲ ਵਸਿਆ
-40 ਸਟਾਫ ਮੈਂਬਰਾਂ ਦਾ ਦੱਲ ਹੈ ਉਥੇ ਕੰਮ ਕਰਦਾ

ਆਕਲੈਂਡ :-ਨਵੀਂ ਦਿੱਲੀ ਸਥਿਤ ਨਿਊਜ਼ੀਲੈਂਡ ਹਾਈ ਕਮਿਸ਼ਨ ਦਾ ਇਕ ਬਜ਼ੁਰਗ ਮੁਲਾਜ਼ਮ ਕਰੋਨਾ ਦੀ ਮਾਰ ਨਾ ਝਲਦਾ ਹੋਇਆ ਇਸ ਜਹਾਨ ਤੋਂ 16 ਮਈ ਨੂੰ ਤੁਰ ਗਿਆ। ਭਾਰਤ ਨਾਲ ਸਬੰਧਿਤ ਇਹ ਮੁਲਾਜ਼ਮ 1986 ਤੋਂ ਕਮਿਸ਼ਨ ਵਿਚ ਆਪਣੀ ਨੌਕਰੀ ਕਰ ਰਿਹਾ ਸੀ। ਉਸ ਸਮੇਂ ਪਰਬਤ ਆਰੋਹੀ ਸਰ ਐਡਮੰਡ ਹਿਲੇਰੀ ਉਥੇ ਹਾਈ ਕਮਿਸ਼ਨਰ ਹੋਇਆ ਕਰਦੇ ਸਨ। ਉਹ 1985 ਤੋਂ 1989 ਤੱਕ ਹਾਈ ਕਮਿਸ਼ਨਰ ਰਹੇ।
ਇਸ ਮੁਲਾਜ਼ਮ ਨੂੰ ਬਿਮਾਰ ਹੋਣ ’ਤੇ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਦੋ ਦਿਨ ਬਾਅਦ ਉਸਦੀ ਮੌਤ ਹੋ ਗਈ।  ਵਿਦੇਸ਼ ਮੰਤਰੀ ਨਾਨਾਇਆ ਮਾਹੂਟਾ ਨੇ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ। ਹਾਈ ਕਮਿਸ਼ਨ ਦੇ ਵਿਚ ਕੰਮ ਕਰਦੇ 6 ਹੋਰ ਮੁਲਾਜ਼ਮ ਵੀ ਕਰੋਨਾ ਦੀ ਲਾਗ ਨਾਲ ਦਾਗੀ ਹੋਏ ਸਨ ਪਰ ਠੀਕ ਹੋ ਗਏ। ਤਿੰਨ ਦਾ ਕੋਵਿਡ ਨਤੀਜਾ ਨੈਗੇਟਿਵ ਆ ਚੁੱਕਾ ਹੈ। ਭਾਰਤ ਤੋਂ ਕੰਮ ਕਰਦੇ ਸਟਾਫ ਮੈਂਬਰ ਕਰੋਨਾ ਪਾਜੇਟਿਵ ਪਾਏ ਗਏ ਹਨ ਪਰ ਨਿਊਜ਼ੀਲੈਂਡ ਵਾਲੇ ਬਚੇ ਹੋਏ ਹਨ। ਵਰਨਣਯੋਗ ਹੈ ਕਿ ਮਈ ਮਹੀਨੇ ਦੇ ਪਹਿਲੇ ਹਫਤੇ ਇਕ ਬਿਮਾਰ ਸਟਾਫ ਮੈਂਬਰ ਵਾਸਤੇ ਸੋਸ਼ਲ ਮੀਡੀਆ ਉਤੇ ਹਾਈ ਕਮਿਸ਼ਨ ਨੇ ਆਕਸੀਜਨ ਮੰਗ ਲਈ ਸੀ, ਜਿਸ ਤੋਂ ਬਾਅਦ ਉਸਦਾ ਕਈ ਤਰ੍ਵ੍ਹਾਂ ਵਿਰੋਧ ਹੁੰਦਾ ਰਿਹਾ ਸੀ, ਇਹ ਤਰੀਕਾ ਠੀਕ ਨਹੀਂ ਸੀ। ਮਰਨ ਵਾਲਾ ਵਿਅਕਤੀ ਵੀ ਉਸ ਸਮੇਂ ਇਸ ਲੋੜ ਦੀ ਕੇਂਦਰ ਵਿਚ ਸੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਦੋ ਸਟਾਫ ਮੈਂਬਰ ਵਾਪਿਸ ਨਿਊਜ਼ੀਲੈਂਡ ਪਰਤੇ ਸਨ ਤੇ ਵਾਪਿਸ ਚਲੇ ਗਏ ਹਨ,  ਪਰ ਹੁਣ ਹੋਰ ਕੋਈ ਸਟਾਫ ਮੈਂਬਰ ਵਾਪਿਸ ਨਿਊਜ਼ੀਲੈਂਡ ਨਹੀਂ ਪਰਤ ਰਿਹਾ। ਨਿਊਜ਼ੀਲੈਂਡ ਦਾ ਵਿਦੇਸ਼ਾਂ ਵਿਚ 1100 ਦੇ ਕਰੀਬ ਸਟਾਫ ਕੰਮ ਕਰਦਾ ਹੈ ਅਤੇ ਸਰਕਾਰ ਸਾਰਿਆਂ ਦਾ ਧਿਆਨ ਰੱਖ ਰਹੀ ਹੈ। ਭਾਰਤ ਦੇ ਵਿਚ ਬਹੁਤ ਸਾਰੇ ਸਿਟੀਜ਼ਨ ਵਾਪਿਸ ਪਰਤਣ ਲਈ ਕਾਹਲੇ ਪਏ ਹਨ ਪਰ ਫਲਾਈਟਾਂ ਨਾ ਹੋਣ ਕਰਕੇ ਸਰਕਾਰ ਉਤੇ ਦਬਾਅ ਹੈ ਕਿ ਉਹ ਦੁਬਾਰਾ ਰੀਪੈਟਰੀਏਸ਼ਨ ਫਲਾਈਟਾਂ ਚਲਾਏ। ਪਰ ਸਰਕਾਰ ਦਾ ਅਜੇ  ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਵਰਨਣਯੋਗ ਹੈ ਕਿ ਇਸ ਵੇਲੇ ਸ੍ਰੀ ਡੇਵਿਡ ਪਾਈਨ  ਭਾਰਤ ਵਿਚ ਹਾਈ ਕਮਿਸ਼ਨਰ ਹਨ ਅਤੇ ਇਹ ਦਫਤਰ 1958 ਤੋਂ ਚੱਲ ਰਿਹਾ ਹੈ।

Install Punjabi Akhbar App

Install
×