ਸਿਹਤਮੰਦ ਦੋਸਤੀ: ਨੀਂਹ ਪੱਥਰ ਰੱਖਣ ਵੇਲੇ ਵੀ ਨਾਲ ਸੀ ਤੇ ਹੁਣ ਵੀ…

– ਨਿਊਜ਼ੀਲੈਂਡ ਵੱਲੋਂ ਭਾਰਤ ਦੀ ਕਰੋਨਾ ਵਿਰੁੱਧ ਜੰਗ ਲਈ ਰੈਡ ਕ੍ਰਾਸ ਰਾਹੀਂ 1 ਮਿਲੀਅਨ ਡਾਲਰ ਦੀ ਸਹਾਇਤਾ
– ਰਾਜਧਾਨੀ ਦੇ ਏਮਜ਼ ਹਸਪਤਾਲ ਦਾ ਨੀਂਹ ਪੱਥਰ ਰੱਖਣ ਵੇਲੇ ਦਿੱਤਾ ਸੀ 1 ਮਿਲੀਅਨ ਪੌਂਡ

ਆਕਲੈਂਡ :-ਭਾਰਤ ਇਸ ਵੇਲੇ ਕਰੋਨਾ ਦੀ ਮਹਾਂਮਾਰੀ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਗਿਆ ਹੈ। ਇਕ ਦਿਨ ਵਿਚ ਪੌਣੇ 4 ਲੱਖ ਦੇ ਕਰੀਬ ਨਵੇਂ ਕਰੋਨਾ ਮਰੀਜ਼ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਵੱਖ-ਵੱਖ ਦੇਸ਼ਾਂ ਤੋਂ ਇਲਾਵਾ ਨਿਊਜ਼ੀਲੈਂਡ ਨੇ ਵੀ ਭਾਰਤ ਦੇ ਨਾਲ ਸਿਹਤਮੰਦ ਦੋਸਤੀ ਦਾ ਇਜ਼ਹਾਰ ਕਰਦਿਆਂ ਅਤੇ ਆਪਣਾ ਕਿਸੇ ਵੇਲੇ ਸਿਰਜਿਆ ਹੋਇਆ ਇਤਿਹਾਸ ਦੁਹਰਾਂਦਿਆਂ ਇਕ ਮਿਲੀਅਨ ਡਾਲਰ ਦੀ ਰਾਸ਼ੀ ‘ਰੈਡ ਕ੍ਰਾਸ ਸੁਸਾਇਟੀ’ ਦੇ ਰਾਹੀਂ ਭਾਰਤ ਦੇ ਵਿਚ ਕਰੋਨਾ ਦੇ ਨਾਲ ਲੜ੍ਹਨ ਲਈ ਸਹਾਇਤਾ ਵਜੋਂ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਉਤੇ ਕਿਹਾ ਕਿ ‘‘ਭਾਰਤ ਤੋਂ ਪ੍ਰਾਪਤ ਖਬਰਾਂ ਅਤੇ ਤਸਵੀਰਾਂ ਕਿਸੀ ਬਰਬਾਦੀ ਤੋਂ ਘੱਟ ਨਹੀਂ ਹਨ। ਨਿਊਜ਼ੀਲੈਂਡ ਭਾਰਤ ਦੇ ਮੁਕਾਬਲੇ ਬਹੁਤ ਛੋਟਾ ਦੇਸ਼ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਆਪਸੀ ਏਕਤਾ ਅਤੇ ਹਮਦਰਦੀ ਨਾ ਵਿਖਾ ਸਕੀਏ। ਇਸ ਕਰਕੇ ਨਿਊਜ਼ੀਲੈਂਡ ‘ਇੰਟਰਨੈਸ਼ਨਲ ਫੈਡਰੇਸ਼ਨ ਆਫ ਦਾ ਰੈਡ ਕ੍ਰਾਸ’ ਨੂੰ ਇਕ ਮਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ ਪੇਸ਼ ਕਰਦਾ ਹੈ। ਇਹ ਫੈਡਰੇਸ਼ਨ ਇੰਡੀਅਨ ਰੈਡ ਕ੍ਰਾਸ ਦੇ ਨਾਲ ਕੰਮ ਕਰਕੇ ਉਥੇ ਆਕਸੀਜਨ, ਆਕਸੀਜਨ ਕੰਸਨਟ੍ਰੇਟਰ ਅਤੇ ਹੋਰ ਡਾਕਟਰੀ ਸਮਾਨ ਮੁਹੱਈਆ ਕਰ ਰਹੀ ਹੈ। ਇਹ ਫੈਡਰੇਸ਼ਨ ਐਮਰਜੈਂਸੀ ਸੇਵਾਵਾਂ, ਖੂਨ ਸੇਵਾਵਾਂ ਅਤੇ ਪੀ.ਪੀ.ਈ. ਕਿੱਟਾਂ ਦਾ ਵੀ ਪ੍ਰਬੰਧ ਕਰ ਰਹੀ ਹੈ। ਅਸੀਂ ਸਾਰੀ ਅਵਸਥਾ ਉਤੇ ਨਜ਼ਰ ਰੱਖ ਰਹੇ ਹਾਂ ਅਤੇ ਸਹਾਇਤਾ ਵਾਸਤੇ ਨਾਲ ਖੜ੍ਹੇ ਹਾਂ। ਅਸੀਂ ਓਨਾ ਚਿਰ ਸੁਰੱਖਿਅਤ ਨਹੀਂ ਜਿੰਨਾ ਚਿਰ ਅਸੀਂ ਸਾਰੇ ਸੁਰੱਖਿਅਤ ਨਹੀਂ’’।

ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਾਨਾਇਆ ਮਾਹੂਟਾ ਨੇ ਵੀ ਭਾਰਤ ਦੇ ਇਸ ਮੁਸ਼ਕਿਲ ਸਮੇਂ ਉਤੇ ਕੀਤੀ ਜਾ ਰਹੀ ਸਹਾਇਤਾ ਬਾਰੇ ਆਪਣੇ ਸ਼ੋਸ਼ਲ ਸਫੇ ਉਤੇ ਲਿਖ ਕੇ ਪਾਇਆ ਹੈ।
ਵਰਨਣਯੋਗ ਹੈ ਕਿ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਜ਼) ਦਾ ਨੀਂਹ ਪੱਥਰ 4 ਅਪ੍ਰੈਲ 1952 ਨੂੰ ਨਿਊਜ਼ੀਲੈਂਡ ਦੇ ਉਦਯੋਗ ਅਤੇ ਕਾਮਰਸ ਮੰਤਰੀ ਸ੍ਰੀ ਜੇ.ਟੀ.ਵਾਟਸ ਨੇ ਰੱਖਿਆ ਸੀ। ਉਸ ਸਮੇਂ 10 ਲੱਖ ਪੌਂਡ (ਇਕ ਮਿਲੀਅਨ) ਇਸ ਹਸਪਤਾਲ ਦੇ ਨਿਰਮਾਣ ਵਾਸਤੇ ਦਿੱਤੇ ਗਏ ਸਨ। ਇਸ ਮੌਕੇ ਲੱਗਿਆ ਨੀਂਹ ਪੱਥਰ ਵਾਲਾ ਬੋਰਡ ਅਜੇ ਵੀ ਨਿਊਜ਼ੀਲੈਂਡ ਦੀ ਭਾਰਤ ਨਾਲ ਮਜ਼ਬੂਤ ਦੋਸਤੀ ਦੀ ਗਵਾਹੀ ਭਰਦਾ ਹੈ।  ਇਸ ਹਸਪਤਾਲ ਦਾ ਸੁਪਨਾ ਪੰਡਿਤ ਜਵਾਹਰ ਲਾਲ ਨਹਿਰੂ ਦਾ ਸੀ ਅਤੇ ਇਸ ਹਸਪਤਾਲ ਦੇ ਵਿਚ ਵਿਦਿਆਰਥੀਆਂ ਨੂੰ ਸਿਖਿਆ ਦੇ ਕੇ ਡਾ. ਬਨਾਉਣ ਦਾ ਸੁਪਨਾ ਦੇਸ਼ ਦੀ ਪਹਿਲੀ ਸਿਹਤ ਮੰਤਰੀ ਰਾਜਕੁਮਾਰੀ ਅੰਮਿ੍ਰਤ ਕੌਰ (ਕਪੂਰਥਲਾ ਰਾਜ ਘਰਾਣੇ ਨਾਲ ਸਬੰਧਿਤ) ਦਾ ਸੀ। 1961 ਦੇ ਵਿਚ ਇੰਗਲੈਂਡ ਦੀ ਮਹਾਰਾਣੀ ਏਲਿਜ਼ਾਬੇਥ-2 ਵੀ ਉਥੇ ਪਹੁੰਚੀ ਸੀ ਅਤੇ ਇਕ ਪੌਦਾ ਲਗਾਇਆ ਸੀ। ਇਸ ਹਸਪਤਾਲ ਦੇ ਵਿਚ ਹਜ਼ਾਰਾਂ ਮਰੀਜਾਂ ਦੇ ਇਲਾਜ ਦਾ ਪ੍ਰਬੰਧ ਹੈ ਅਤੇ ਹਜ਼ਾਰਾਂ ਵਿਦਿਆਰਥੀ ਡਾਕਟਰੀ ਕਿੱਤੇ ਦੀ ਪੜ੍ਹਾਈ ਕਰ ਰਹੇ ਹਨ। ਕਰੋਨਾ ਮਹਾਂਮਾਰੀ ਦੇ ਵਿਚ ਇਹ ਹਸਪਤਾਲ ਵੱਡੀਆਂ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਭਾਰਤ ਦੇਸ਼ ਜਲਦੀ ਇਸ ਮਹਾਂਮਾਰੀ ਤੋਂ ਨਿਜਾਤ ਪਾਵੇ ਇਹ ਸਭ ਦੀ ਦੁਆ ਹੈ।

Install Punjabi Akhbar App

Install
×