ਕਿਰਪਾਨ ਪਹਿਨਣਾ ਕੋਈ ਜ਼ੁਰਮ ਨਹੀਂ – ਨਿਊਜ਼ੀਲੈਂਡ ‘ਚ ਕਿਰਪਾਨ ਪਹਿਨਣ ਦੇ ਮਾਮਲੇ ਵਿਚ ‘ਐਕਟਿੰਗ ਮਨਿਸਟਰ ਆਫ਼ ਜਸਟਿਸ’ ਨੇ ਜਾਰੀ ਕੀਤਾ ਪੱਤਰ

NZ PIC 15 Sep-3
ਨਿਊਜ਼ੀਲੈਂਡ ਦੇ ਵਿਚ ਕਿਰਪਾਨ ਪਹਿਨ ਕੇ ਵਿਚਰਨਾ ਓਨੀ ਦੇਰ ਤੱਕ ਜ਼ੁਰਮ ਨਹੀਂ ਹੈ ਜਿਨ੍ਹਾਂ ਚਿਰ ਤੁਹਾਡੀ ਕਿਰਪਾਨ ਕਿਸੇ ਨੂੰ ਸਰੀਰਕ ਹਾਨੀ ਨਹੀਂ ਪਹੁੰਚਾਉਂਦੀ। ਜੇਕਰ ਕੋਈ ਕਾਰਨ ਬਣਦਾ ਹੈ ਕਿ ਤੁਹਾਡੀ ਕਿਰਪਾਨ ਕਿਸੇ ਨੂੰ ਜ਼ਖਮੀ ਕਰ ਦਿੰਦੀ ਹੈ ਤਾਂ ਇਹ ਜ਼ੁਰਮ ਮੰਨਿਆ ਜਾ ਸਕਦਾ ਹੈ। ਇਸ ਵੇਲੇ ‘ਕ੍ਰਾਈਮ ਐਕਟ 1961 ਸੈਕਸ਼ਨ 202 ਏ’ ਦੇ ਮੁਤਾਬਿਕ ਅਜਿਹੇ ਦਿਸ਼ਾ ਨਿਰਦੇਸ਼ ਸੈਟ ਕੀਤੇ ਹੋਏ ਹਨ। ਜੇਕਰ ਜਨਤਕ ਥਾਵਾਂ ਉਤੇ ਕਿਰਪਾਨ ਪਹਿਨਣੀ ਹੈ ਤਾਂ ਕਿਰਪਾਨ ਧਾਰਕ ਕੋਲ ਇਸ ਨੂੰ ਪਹਿਨਣ ਦਾ ਸਾਰਥਿਕ ਕਾਰਨ ਹੋਣਾ ਚਾਹੀਦਾ ਹੈ ਜਿਵੇਂ ਧਾਰਮਿਕ ਸ਼ਰਤ ਆਦਿ।  ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਾਣਯੋਗ ‘ਐਕਟਿੰਗ ਜਸਟਿਸ ਮਨਿਸਟਰ’ ਮਾਣਯੋਗ ਸ੍ਰੀ ਕ੍ਰਿਸਟੋਫਰ ਫਿਨਲੇਅਸਨ ਨੇ ਸਾਂਸਦ ਸ੍ਰੀ ਫਿੱਲ ਗੌਫ ਨੂੰ ਲਿਖੇ ਇਕ ਪੱਤਰ ਦੇ ਜਵਾਬ ਵਿਚ ਕੀਤਾ ਹੈ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਬਣਾਏ ਗਏ ਇਕ ਸਾਂਝੇ ਮੋਰਚੇ ਅਤੇ ਕਾਨੂੰਨੀ ਸਲਾਹਕਾਰ ਸ੍ਰੀ ਮੌਟ ਰੌਬਸਨ ਨੇ ਇਹ ਮਾਮਲਾ ਲੇਬਰ ਲੀਡਰ ਸ੍ਰੀ ਫਿੱਲ ਗੌਫ ਦੇ ਰਾਹੀਂ ਨਿਆਂ ਮੰਤਰੀ ਕੋਲ ਉਠਾਇਆ ਸੀ। ਨਿਊਜ਼ੀਲੈਂਡ ਦੇ ਸਿੱਖਾਂ ਦੀ ਇਸ ਮੰਗ ਕਿ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਪੂਰਨ ਕਾਨੂੰਨੀ ਖੁੱਲ੍ਹ ਦਿੱਤੀ ਜਾਵੇ, ਦੇ ਸਬੰਧ ਵਿਚ ਨਿਆਂ ਮੰਤਰੀ ਨੂੰ 8 ਅਗਸਤ ਨੂੰ ਇਕ ਪੱਤਰ ਲਿਖਿਆ ਸੀ। ਇਸ ਚਿੱਠੀ ਦੇ ਵਿਚ ਕਿਰਪਾਨ ਦਾ ਭਾਵੇਂ ਕੋਈ ਸਾਈਜ਼ ਆਦਿ ਨਹੀਂ ਦਿੱਤਾ ਗਿਆ ਪਰ ਫਿਰ ਵੀ ਇਥੇ ਛੋਟੀ ਕਿਰਪਾਨ (ਕਕਾਰ) ਦੀ ਗੱਲ ਕੀਤੀ ਗਈ ਹੈ। ਨਿਆਂ ਮੰਤਰੀ ਨੇ ਇਹ ਵੀ ਸਾਫ ਕੀਤਾ ਹੈ ਕਿ ਅਜੇ ਇਸ ਸਬੰਧੀ ਬਣੇ ਕਾਨੂੰਨ ਨੂੰ ਦੁਬਾਰਾ ਵਿਚਾਰਨ ਜਾਂ ਉਸ ਵਿਚ ਕੋਈ ਤਬਦੀਲੀ ਕਰਨ ਦੀ ਕੋਈ ਯੋਜਨਾ ਨਹੀਂ ਹੈ। ਜਿਹੜੇ ਸਿੱਖਾਂ ਨੂੰ ਕਿਰਪਾਨ ਪਹਿਨਣ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੋਵੇ ਤਾਂ ਉਹ ਇਸ ਚਿੱਠੀ ਦਾ ਰੈਂਫਰੈਂਸ ਦੇ ਸਕਦੇ ਹਨ। ਇਸ ਤੋਂ ਪਹਿਲਾਂ ਹੁਣ ਤੱਕ ਇਕ ਪੁਲਿਸ ਸਾਰਜੈਂਟ ਵੱਲੋਂ 1987 ਵੇਲੇ ਦੀ ਜਾਰੀ ਇਕ ਚਿੱਠੀ ਨੂੰ ਅਧਾਰ ਬਣਾ ਕੇ ਜਾਂ ਪੁਲਿਸ ਵੱਲੋਂ ਮਿਲਦੀ ਛੋਟ ਨਾਲ ਹੀ ਸਿੱਖ ਕਿਰਪਾਨ ਪਹਿਨਣ ਦਾ ਹੱਕ ਜਿਤਾ ਰਹੇ ਸਨ, ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਇਕ ਨਿਆਂ ਮੰਤਰੀ ਵੱਲੋਂ ਇਹ ਚਿੱਠੀ ਜਾਰੀ ਕੀਤੀ ਗਈ ਹੈ।
ਆਪਣੇ ਚੋਣ ਪ੍ਰਚਾਰ ਦੌਰਾਨ ਲੇਬਰ ਪਾਰਟੀ ਦੇ ਸ੍ਰੀ ਡੇਵਿਡ ਕਨਲਿਫ, ਸ੍ਰੀ ਫਿੱਲ ਗੌਫ, ਗ੍ਰੀਨ ਪਾਰਟੀ ਦੀ ਸ੍ਰੀਮਤੀ ਮਟਰੀਆ, ਨੈਸ਼ਨਲ ਪਾਰਟੀ ਤੋਂ ਸ੍ਰੀਮਤੀ ਜੂਠਿਤ ਕੌਲਿਨ ਅਤੇ ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੀ ਇਸ ਮੰਗ ਨੂੰ ਗੰਭੀਰਤਾ ਨਾਲ ਲਿਆ ਹੈ। ਆਸ ਹੈ ਕਿ ਅਗਲੀ ਸਰਕਾਰ ਦੇ ਰਾਜ ਕਾਲ ਵਿਚ ਇਸ ਸਬੰਧੀ ਕੋਈ ਫੈਸਲਾ ਹੋ ਸਕੇ।

Install Punjabi Akhbar App

Install
×