ਮਿਲਣੀ ਗਾਇਕ ਤੇ ਗੀਤਕਾਰ ਦੀ: ਗਾਇਕ ਹਰਮਿੰਦਰ ਨੂਰਪੁਰੀ ਜਲਦੀ ਹੀ ਗਾਉਣਗੇ ਗੀਤਕਾਰ ਸ. ਚਰਨਜੀਤ ਢਿੱਲੋਂ ਦਾ ਗੀਤ

(ਔਕਲੈਂਡ):- ਪੰਜਾਬ ਦੇ ਪ੍ਰਸਿੱਧ ਗਾਇਕ ਹਰਮਿੰਦਰ ਨੂਰਪੁਰੀ ਜੋ ਕਿ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਵਿਚ ਭਾਗ ਲੈਣ ਆਏ ਸਨ, ਇਨ੍ਹੀਂ ਦਿਨੀਂ ਵੱਖ-ਵੱਖ ਥਾਵਾਂ ਉਤੇ ਆਪਣੇ ਚਹੇਤਿਆਂ ਨਾਲ ਮਿਲ ਰਹੇ ਹਨ। ਅੱਜ ਉਹ ਵਿਸ਼ੇਸ਼ ਤੌਰ ’ਤੇ ਹਮਿਲਟਨ ਰਹਿੰਦੇ ਵੀਰ ਸ. ਚਰਨਜੀਤ ਸਿੰਘ ਢਿੱਲੋਂ ਜੋ ਕਿ ਪ੍ਰਸਿੱਧ ਗੀਤਕਾਰ ਹਨ, ਨੂੰ ਮਿਲਣ ਪਹੁੰਚੇ। ਉਨ੍ਹਾਂ ਦੇ ਨਾਲ ਸ. ਕੁਲਵਿੰਦਰ ਸਿੰਘ ਢਿੱਲੋਂ ਪਾਪਾਕੁਰਾ ਤੋਂ ਵੀ ਗਏ ਸਨ। ਹਮਿਲਟਨ ਪਹੁੰਚ ਉਨ੍ਹਾਂ ਸ. ਚਰਨਜੀਤ ਸਿੰਘ ਢਿੱਲੋਂ (ਸੀ. ਡੀ. ਮਾਂਗੇਵਾਲ ਸੰਗੀਤ ਕੰਪਨੀ) ਹੋਰਾਂ ਦਾ ਜਿੱਥੇ ਐਗਰੀਕਲਚਰ ਫਾਰਮ ਅਤੇ ਹੋਰ ਕਾਰੋਬਾਰ ਵੇਖੇ ਉਥੇ ਪੰਜਾਬ ਦੀ ਗਾਇਕੀ, ਗੀਤਕਾਰੀ ਅਤੇ ਸੰਗੀਤਕ ਮਾਹੌਲ ਉਤੇ ਵੀ ਵਿਚਾਰਾਂ ਕੀਤੀਆਂ। ਗਾਇਕ ਅਤੇ ਗੀਤਕਾਰ ਦੀ ਮਿਲਣੀ ਦੇ ਵਿਚੋਂ ਇਹ ਨਤੀਜਾ ਨਿਕਲਿਆ ਕਿ ਹੁਣ ਗੀਤਕਾਰ ਸ. ਚਰਨਜੀਤ ਸਿੰਘ ਢਿੱਲੋਂ ਦਾ ਲਿਖਿਆ ਦੋਗਾਣਾ ਗਾਇਕ ਹਰਮਿੰਦਰ ਨੂਰਪੁਰੀ ਅਤੇ ਇਕ ਪ੍ਰਸਿੱਧ ਗਾਇਕਾ ਗਾਉਣਗੇ। ਸ. ਢਿੱਲੋਂ ਹੋਰਾਂ ਦੱਸਿਆ ਕਿ ਕੋਸ਼ਿਸ਼ ਰਹੇਗੀ ਕਿ ਇਸ ਗਾਣੇ ਦੀ ਆਡੀਓ-ਵੀਡੀਓ ਇਕੱਠੀ ਜਾਰੀ ਕੀਤੀ ਜਾਵੇ। ਇਹ ਦੋਗਾਣਾ ਗੀਤ ‘ਬੀਟ ਸੌਂਗ’ ਹੋਵੇਗਾ ਅਤੇ ਵਿਆਹ ਸ਼ਾਦੀਆਂ ਉਤੇ ਵੱਜਿਆ ਕਰੇਗਾ। ‘ਬੀਟ ਸੌਂਗ’ ਉਹ ਕਿਹਾ ਜਾਂਦਾ ਹੈ ਜਿਸ ਦਾ ਸੰਗੀਤ ਸੁਣਦੇ ਹੀ ਸਰੋਤੇ ਆਪਣੇ ਪੈਰ ਥਪਾਉਣ ਲੱਗ ਜਾਣਾ, ਤਾਲ ਨਾਲ ਤਾਲ ਮਿਲਾ ਲੋਕਾਂ ਦਾ ਮਨ ਨੱਚਣ ਨੂੰ ਕਰਨ ਲੱਗ ਜਾਏ। ਮਿਊਜ਼ਕ ਐਲਬਮ ਦੇ ਲਈ ਸੀ. ਡੀ. ਮਾਂਗੇਵਾਲ ਕੰਪਨੀ ਇਹ ਸਾਰਾ ਪ੍ਰਾਜੈਕਟ ਆਪਣੀ ਕੰਪਨੀ ਰਾਹੀਂ ਕਰੇਗੀ ਅਤੇ ਆਪਣੇ ਯੂ.ਟਿਊਬ ਚੈਨਲ ਉਤੇ ਇਸ ਗੀਤ ਨੂੰ ਲਾਂਚ ਕੀਤਾ ਜਾਵੇਗਾ। ਦੋਗਾਣਾ ਗਾਇਕੀ ਦੇ ਲਈ ਪੰਜਾਬ ਦੀ ਪ੍ਰਸਿੱਧ ਗਾਇਕਾ ਨੂੰ ਚੁਣਿਆ ਜਾਵੇਗਾ ਜਿਸ ਬਾਰੇ ਬਾਅਦ ਵਿਚ ਦੱਸਿਆ ਜਾਵੇਗਾ।
ਵਰਨਣਯੋਗ ਹੈ ਕਿ ਸ. ਚਰਨਜੀਤ ਸਿੰਘ ਢਿੱਲੋਂ ਇਸ ਵੇਲੇ 100 ਤੋਂ ਵੱਧ ਗੀਤ ਲਿਖ ਕੇ ਰਿਕਾਰਡ ਕਰਵਾ ਚੁੱਕੇ ਹਨ। ਸ. ਢਿੱਲੋਂ ਹੋਰਾਂ ਦਾ ਇਹ ਸ਼ੌਕ ਬਚਪਨ ਦਾ ਹੀ ਹੈ ਅਤੇ ਹੁਣ ਇਸ ਵੇਲੇ ਵਿਹਲੇ ਸਮੇਂ ਦੇ ਵਿਚ ਪੂਰਾ ਕਰ ਰਹੇ ਹਨ।