ਨਿਊਜ਼ੀਲੈਂਡ ’ਚ ਸਾਬਤ ਸੂਰਤ ਨੌਜਵਾਨ ਹਰਅੰਸ਼ ਸਿੰਘ ਨੇ ਬਾਕਸਿੰਗ ਵਿਚ ਜਿੱਤਿਆ ਸੋਨ ਤਮਗਾ

ਕਾਇਮ ਰੱਖਿਆ ਸਿੱਖੀ ਸਰੂਪ-ਖੇਡ ਚਾਹੇ ਜ਼ੋਰ ਅਜ਼ਮਾਈ ਦੀ

(ਔਕਲੈਂਡ) 15  ਜੂਨ, 2022: ਨਿਊਜ਼ੀਲੈਂਡ ਵਸਦੇ ਕਈ ਸਿੱਖ ਨੌਜਵਾਨ ਜਿੱਥੇ ਆਪਣੇ ਧਰਮ, ਸਭਿਆਚਾਰ ਅਤੇ ਜਨਮ ਤੋਂ ਮਿਲਿਆ ਸਿੱਖ ਵਿਰਸਾ ਸੰਭਾਲੀ ਇਕ ਸੰਤੁਲਿਤ ਬਣਾ ਕੇ ਇਨ੍ਹਾਂ ਦੇਸ਼ਾਂ ਦੇ ਬਿਹਤਰ ਬਾਸ਼ਿੰਦੇ ਬਣ ਰਹੇ ਹਨ, ਉਥੇ ਸਥਾਨਕ ਸੰਸਥਾਵਾਂ ਵੀ ਉਨ੍ਹਾਂ ਨੂੰ ਆਪਣੇ ਵਿਚ ਸ਼ਾਮਿਲ ਕਰਕੇ ਮਾਣ ਮਹਿਸੂਸ ਕਰਦੀਆਂ ਹਨ। 2 ਸਾਲ ਪਹਿਲਾਂ ਔਕਲੈਂਡ ਬਾਕਸਿੰਗ ਐਸੋਸੀਏਸ਼ਨ ਦੇ ਵਿਚ ਪੁੱਜਣ ਵਾਲਾ ਪਹਿਲਾ ਸਾਬਿਤ ਸੂਰਤ ਸਿੱਖ ਬਾਕਸਰ ਹਰਅੰਸ਼ ਸਿੰਘ ਬਣਿਆ ਸੀ। ਹੁਣ 18 ਸਾਲਾ ਇਸ ਨੌਜਵਾਨ ਹਰਅੰਸ਼ ਸਿੰਘ ਨੇ ਬਾਕਸਿੰਗ ਦਾ ਸਫਰ ਅਗਲੇ ਪੜਾਅ ’ਤੇ ਪਹੁੰਚਾਉਂਦਿਆਂ ਫਿਰ ਇਥੇ ਵਸਦੇ ਅਤੇ ਸਮੁੱਚੇ ਸਿੱਖ ਭਾਈਚਾਰੇ ਦਾ ਨਾਂਅ ਹੋਰ ਉੱਚਾ ਤੇ ਜਾਨਦਾਰ ਕਰ ਦਿੱਤਾ ਹੈ। ਨਿਊਜ਼ੀਲੈਂਡ ਦੇ ਵਿਚ ਪਹਿਲੀ ਵਾਰ ਹੋਇਆ ਕਿ ਇਕ ਸਿੱਖ ਬਾਕਸਰ ਹਰਅੰਸ਼ ਸਿੰਘ ਨੇ 63.5 ਕਿਲੋਗ੍ਰਾਮ ਵਰਗ ਅਧੀਨ ਨਾਰਥ ਆਈਲੈਂਡ ਗੋਲਡਨ ਗਲੋਵ ਚੈਂਪੀਅਨਸ਼ਿੱਪ ਦੇ ਵਿਚ ਸੋਨ ਤਮਗਾ ਜਿੱਤਿਆ ਹੈ। ਇਸ ਨੌਜਵਾਨ ਦੀ ਚੋਣ ਹੁਣ ਔਕਲੈਂਡ ਸਟੇਟ ਟੀਮ ਦੇ ਵਿਚ ਵੀ ਹੋ ਗਈ ਹੈ ਅਤੇ ਇਹ ਅਕਤੂਬਰ ਮਹੀਨੇ ਹੋ ਰਹੀਅੰ ਨੈਸ਼ਨਲ ਖੇਡਾਂ ਦੇ ਵਿਚ ਔਕਲੈਂਡ ਦੀ ਨੁਮਾਇੰਦਗੀ ਕਰੇਗਾ। ਇਹ ਵੀ ਇਥੇ ਪਹਿਲੀ ਵਾਰ ਹੋਵੇਗਾ ਕਿ ਬਾਕਸਿੰਗ ਦੇ ਵਿਚ ਇਕ ਸਿੱਖ ਬਾਕਸਰ ਅਗਵਾਈ ਕਰਦਾ ਵਿਖਾਈ ਦੇਵੇਗਾ। ਨਿਊਜ਼ੀਲੈਂਡ ਦੇ ਵਿਚ ਇਸਦਾ ਰੈਂਕ ਇਸ ਵੇਲੇ ਨੰਬਰ 2 ਹੈ। ਪਾਕੂਰੰਗਾ ਕਾਲਜ ਨੇ ਵੀ ਆਪਣੇ ਇਸ ਵਿਦਿਆਰਥੀ ਨੂੰ ਵਧਾਈ ਦਿੱਤੀ ਹੈ।
ਕਰੋਨਾ ਦੇ ਚਲਦਿਆਂ ਇਸ ਸਿੱਖ ਨੌਜਵਾਨ ਦੀ ਪ੍ਰੈਕਟਿਸ ਭਾਵੇਂ ਕੁਝ ਪ੍ਰਭਾਵਿਤ ਹੋਈ ਪਰ ਉਸਦੇ ਕੋਚਾਂ ਸ੍ਰੀ ਲਾਂਸ ਰੇਵਿਲ ਅਤੇ ਜੋਨੇ ਨੇ ਸਾਰੀਆਂ ਕਮੀਆਂ ਪੂਰੀਆਂ ਕਰਵਾ ਦਿੱਤੀਆਂ। ਇਸ ਨੌਜਵਾਨ ਨੇ ਸਿੱਖ ਬੱਚਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਸਿੱਖੀ ਸਰੂਪ ਦੇ ਵਿਚ ਰਹਿ ਬਾਕਸਿੰਗ ਦੇ ਵਿਚ ਆ ਸਕਦੇ ਹਨ ਜਿਸ ਨਾਲ ਸਮੁੱਚੀ ਕਮਿਊਨਿਟੀ ਮਾਣ ਮਹਿਸੂਸ ਕਰੇਗੀ। ਹਰਅੰਸ਼ ਸਿੰਘ ਪਾਕੂਰੰਗਾ ਕਾਲਿਜ ਦਾ ਪੜਿ੍ਹਆ ਹੈ। ਸ. ਜਸਜੀਤ ਸਿੰਘ ਅਤੇ ਸ੍ਰੀਮਤੀ ਜਤਿੰਦਰ ਕੌਰ  ਗੋਇੰਦਵਾਲ (ਤਰਨਤਾਰਨ) ਦਾ ਇਹ ਹੋਣਹਾਰ ਪੁੱਤਰ ਆਪਣੇ ਪਰਿਵਾਰ ਦੇ ਨਾਲ 4 ਕੁ ਸਾਲ ਪਹਿਲਾਂ ਹੀ ਇੰਡੀਆ ਤੋਂ ਇਥੇ ਆ ਕੇ ਵਸਿਆ ਹੈ। ਇਸ ਨੌਜਵਾਨ ਸਿੱਖੀ ਸਰੂਪ ਬਣਾਈ ਰੱਖਿਆ ਹੋਇਆ ਹੈ, ਚਾਹੇ ਉਸਦੀ ਖੇਡ ਜ਼ੋਰ ਅਜ਼ਮਾਈ ਕਰਨ ਵਾਲੀ ਹੈ।

ਪੰਜਾਬੀ ਕਮਿਊਨਿਟੀ ਅਤੇ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਹਰਅੰਸ਼ ਸਿੰਘ ਦੀ ਕਾਮਯਾਬੀ ਲਈ ਸ਼ੁੱਭ ਕਾਮਨਾਵਾਂ ਸ਼ਾਲਾ! ਇਹ ਸਿੱਖ ਬੱਚਾ ਕਮਿਊਨਿਟੀ ਦਾ ਨਾਂਅ ਹੋਰ ਚਮਕਾਵੇ।

Install Punjabi Akhbar App

Install
×