ਪ੍ਰਣਾਮ ਸ਼ਹੀਦਾਂ ਨੂੰ… ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਪਾਮੋਆ ਵਿਖੇ 31 ਅਕਤੂਬਰ ਨਾਲ ਸਬੰਧਿਤ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ

ਭਾਈ ਸਰਵਣ ਸਿੰਘ ਅਗਵਾਨ ਵੱਲੋਂ ਨੌਜਵਾਨਾਂ ਦੇ ਪੰਥਕ ਜ਼ਜਬੇ ਨੂੰ ਸਲਾਮ

(ਔਕਲੈਂਡ):- ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਪਾਪਾਮੋਆ ਜੋ ਕਿ ਪਿਛਲੇ ਸਾਲ ਨਵੰਬਰ ਮਹੀਨੇ ਸਥਾਪਿਤ ਕੀਤਾ ਗਿਆ ਸੀ, ਵਿਖੇ ਸਿੱਖ ਪੰਥ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਥੇ ਦੇ ਨੌਜਵਾਨ ਨੇ ਵਿਸ਼ੇਸ਼ ਉਪਰਾਲਾ ਕੀਤਾ। ਸਥਾਨਕ ਨੌਜਵਾਨਾਂ ਵੱਲੋਂ ਰਖਵਾਏ ਗਏ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਵਿਸ਼ੇਸ਼ ਕੀਰਤਨ ਦਰਬਾਰ ਸਜਿਆ। ਸ੍ਰੀ ਅਕਾਲ ਤਖਤ ਸਾਹਿਬ ਨੂੰ ਗੋਲੀਆਂ ਤੇ ਤੋਪਾਂ ਨਾਲ ਪ੍ਰਧਾਨ ਮੰਤਰੀ ਦੇ ਇਸ਼ਾਰੇ ਉਤੇ ਭਾਰਤੀ ਫੌਜ ਵੱਲੋਂ ਢਾਹੇ ਜਾਣ ਦਾ ਬਦਲਾ 31 ਅਕਤੂਬਰ 1984 ਨੂੰ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਨੇ ਲੈ ਕੇ ਪੰਥ ਦੀ ਅਣਖ ਬਰਕਰਾਰ ਰੱਖਿਆ ਸੀ। ਇਸ ਘਟਨਾ ਉਪਰੰਤ ਸ਼ਰਾਰਤੀ ਗੁੰਡਾ ਹਜ਼ੂਮ ਨੇ ਸਰਕਾਰੀ ਸ਼ੈਅ ਉਤੇ ਨਵੰਬਰ 84 ਸਿੱਖ ਕਤਲੇਆਮ ਨੂੰ ਅੰਜ਼ਾਮ ਦਿੱਤਾ ਜਿਸ ਵਿਚ ਅਣਗਿਣਤ ਸਿੰਘ-ਸਿੰਘਣੀਆਂ ਸ਼ਹੀਦ ਕਰ ਦਿੱਤੇ ਗਏ, ਬੇਪੱਤ ਕੀਤੇ ਗਏ ਅਤੇ ਜ਼ਿੰਦਾ ਸਾੜ ਦਿੱਤੇ ਗਏ। ਸ਼ਹੀਦ ਸਤਵੰਤ ਸਿੰਘ ਹੋਰਾਂ ਦੇ ਛੋਟੇ ਭਾਰਾਤਾ ਭਾਈ ਸਰਵਣ ਸਿੰਘ ਅਗਵਾਨ ਨੇ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਬਾਕੀ ਪਰਿਵਾਰ ਨੇ ਸਾਰਾ ਵਰਤਾਰਾ ਬਹੁਤ ਨੇੜਿਓ ਵੇਖਿਆ, ਹੰਢਾਇਆ, ਤਸੀਹੇ ਝੱਲੇ ਅਤੇ ਨਜ਼ਰਬੰਦੀ ਵਾਲੀ ਜ਼ਿੰਦਗੀ ਬਿਤਾਈ। ਉਨ੍ਹਾਂ 1989 ਵਿਚ ਸ਼ਹੀਦ ਸਤਵੰਤ ਸਿੰਘ ਦੀ ਫਾਂਸੀ ਹੋਣ ਤੱਕ, ਜੇਲ੍ਹ ਵਿਚ ਕਈ ਮੁਲਾਕਾਤਾਂ ਕੀਤੀਆਂ ਮਿਲ ਕੇ ਕਈ ਗੱਲਾਂ ਦੇ ਰਾਜ ਪ੍ਰਾਪਤ ਕੀਤੇ। ਜੇਕਰ ਇਹ ਸਿੰਘ ਅਜਿਹਾ ਕਾਰਜ ਨਾ ਕਰਦੇ ਤਾਂ ਪੰਥ ਦਾ ਬਹੁਤ ਵੱਡਾ ਨੁਕਸਾਨ ਕਰਨ ਦੀਆਂ ਭਾਰਤ ਦੀਆਂ ਚਾਲਾਂ ਸਫਲ ਹੋ ਜਾਣੀਆਂ ਸਨ। ਭਾਈ ਸਰਵਣ ਸਿੰਘ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿਚ ਪਹੁੰਚੇ ਸਨ ਅਤੇ ਇਨ੍ਹਾਂ ਉਪਰੋਕਤ ਗੱਲਾਂ ਦਾ ਪ੍ਰਗਟਾਵਾ ਉਨਾਂ ਸੰਗਤ ਨੂੰ ਸੰਬੋਧਨ ਕਰਦਿਆਂ ਕੀਤਾ।  ਉਨ੍ਹਾਂ ਨੇ ਨੌਜਵਾਨਾਂ ਦੇ ਪੰਥਕ ਜ਼ਜਬੇ ਨੂੰ ਸਲਾਮ ਕੀਤਾ ਅਤੇ ਕਿਹਾ ਕਿ ਇਹ ਜ਼ਜਬਾ ਕਾਇਮ ਰੱਖਣਾ ਹੀ ਸਿੱਖੀ-ਸਿਦਕ ਨੂੰ ਬਰਕਰਾਰ ਰੱਖਣ ਦੇ ਬਰਾਬਰ ਹੈ। ਉਨ੍ਹਾਂ ਕੁਰਬਾਨੀ ਦਾ ਜ਼ਜਬਾ ਰੱਖਣ ਦੀਆਂ ਕਈ ਉਦਾਹਰਣਾ ਦਿੱਤੀਆਂ, ਨਵੰਬਰ 84 ਦੇ ਵਿਚ ਹੋਏ ਕਤਲੇਆਮ ਦੀ ਦਿਲ ਕੰਬਾਊ ਘਟਨਾ ਬਿਆਨ ਕੀਤੀ ਅਤੇ ਕਿਹਾ ਕਿ ਸਾਡਾ ਗੁਰੂ ਸਾਹਿਬ ਉਤੇ ਅਤੁੱਟ ਵਿਸ਼ਵਾਸ਼ ਹੋਣਾ ਚਾਹੀਦਾ ਹੈ, ਸਾਨੂੰ ਤਿਆਰ ਬਰ ਤਿਆਰ ਹੋਣਾ ਚਾਹੀਦਾ ਹੈ। ਗੁਰੂ ਘਰਾਂ ਦੇ ਵਿਚ ਸ਼ਹੀਦੀ ਦਿਹਾੜੇ ਮਨਾਉਣੇ ਇਤਿਹਾਸ ਨੂੰ ਯਾਦ ਰੱਖਣ ਦੇ ਬਰਾਬਰ ਹਨ ਅਤੇ ਅਜਿਹੇ ਪ੍ਰੋਗਰਾਮ ਸਲਾਨਾ ਹੋਣੇ ਚਾਹੀਦੇ ਹਨ।  ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਨੌਜਵਾਨੀ ਨੂੰ ਨਸ਼ਿਆ ਤੋਂ ਰੋਕ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਕੋਸ਼ਿਸ਼ ਵਿਚ ਹੈ, ਜਿਸ ਨੂੰ ਸਮਝਣ ਦੀ ਲੋੜ ਹੈ। ਸੰਗਤ ਨੂੰ ਸ. ਰਵਿੰਦਰ ਸਿੰਘ, ਰਣਦੀਪ ਸਿੰਘ ਖਾਲਸਾ, ਸ. ਜਤਿੰਦਰ ਸਿੰਘ ਮੋਹਾਲੀ, ਸ. ਗੁਰਿੰਦਰ ਸਿੰਘ ਸ਼ਾਦੀਪੁਰ ਅਤੇ ਸ. ਨਾਜਰ ਸਿੰਘ ਬਾਠ ਹੋਰਾਂ ਵੀ ਸੰਬੋਧਨ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਈ ਅਮਰਿੰਦਰ ਸਿੰਘ ਸੰਧੂ ਜੋ ਕਿ ਭਾਈ ਸਰਵਣ ਸਿੰਘ ਹੋਰਾਂ ਨਾਲ ਗਏ ਸਨ, ਨੇ ਵੀ ਨੌਜਵਾਨਾਂ ਦੇ ਜ਼ਜਬੇ ਦੀ ਸਿਫਤ ਕੀਤੀ ਅਤੇ ਅਜਿਹੇ ਪ੍ਰੋਗਰਾਮ ਉਲੀਕੇ ਜਾਣ ਲਈ ਧੰਨਵਾਦ ਕੀਤਾ। ਗੁਰਦੁਆਰਾ ਕਮੇਟੀ ਵੱਲੋਂ ਪਹੁੰਚੇ ਬੁਲਾਰਿਆਂ ਨੂੰ ਸਿਰਪਾਓ ਅਤੇ ਯਾਦਗਾਰੀ ਚਿੰਨ੍ਹਾਂ ਦੇ ਕੇ ਸਨਮਾਨਿਤ ਕੀਤਾ ਗਿਆ।