ਨਿਊਜ਼ੀਲੈਂਡ ‘ਚ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਤੋਂ ਸਜਿਆ ਵਿਸ਼ਾਲ ਨਗਰ ਕੀਰਤਨ: 15 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ

NZ PIC 26 April-1 ਅੱਜ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਲਾਨਾ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਵੇਰੇ 9.30 ਵਜੇ  ਪਹਿਲਾਂ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਗਈ ਅਤੇ ਰੱਖੇ ਗਏ ਅਖੰਠ ਪਾਠ ਦੇ ਭੋਗ ਪਾਏ ਗਏ। ਨਗਰ ਕੀਰਤਨ ਦੀ ਸ਼ੁਰੂਆਤ ਸਵੇਰੇ 11.30 ਵਜੇ ਅਰਦਾਸ ਕਰਨ ਉਪਰੰਤ ਹੋਈ। ਸੋਹਣੇ ਸਜਾਏ ਗਏ ਟਰੱਕ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕੀਤਾ ਗਿਆ ਅਤੇ ਰਹਿਨੁਮਾਈ ਲਈ ਗਈ। ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਨੇ ਇਸ ਨਗਰ ਕੀਰਤਨ ਦੀ ਅਗਵਾਈ ਕੀਤੀ। ਮੂਹਰੇ-ਮੂਹਰੇ ਨਗਾਰੇ ਦੀ ਸੇਵਾ ਹੋਈ ਜਦ ਕਿ ਗਤਕਾ ਪਾਰਟੀਆਂ ਨੇ ‘ਸਿੱਖ ਮਾਰਸ਼ਲ ਆਰਟ’ ਦੀ ਪੇਸ਼ਕਾਰੀ ਕੀਤੀ। ਸੇਂਟ ਸੋਲਜ਼ਰ ਗਤਕਾ ਅਕੈਡਮੀ ਹੇਸਟਿੰਗ ਤੋਂ 13 ਮੈਂਬਰੀ ਦੱਲ ਪਹੁੰਚਿਆ ਅਤੇ ਅਕਾਲ ਖਾਲਸਾ ਗਤਕਾ ਅਕੈਡਮੀ  ਦੇ ਛੋਟੇ-ਵੱਡੇ ਮੈਂਬਰਾਂ ਨੇ ਗਤਕੇ ਦੇ ਜੌਹਰ ਵਿਖਾਏ। ਰਸਤੇ ਦੇ ਵਿਚ ਬਲਿਹਾਰ ਸਿੰਘ ਬੈਂਸ, ਅਵਤਾਰ ਸਿੰਘ ਮੱਲ੍ਹੀ ਅਤੇ ਗੁਰਜਿੰਦਰ ਸਿੰਘ ਦੇ ਪਰਿਵਾਰ ਵੱਲੋਂ ਫਲਾਂ ਦਾ ਲੰਗਰ, ਡਰਿੰਕਾਂ ਦੀ ਸੇਵਾ ਮਨਦੀਪ ਸਿੰਘ, ਰਵਿੰਦਰ ਸੋਢੀ, ਰੌਕੀਜੀ ਮੈਨੁਰੇਵਾ, ਆਈਸ ਕ੍ਰੀਮ ਦੀ ਸੇਵਾ ਹੈਰੀ ਲੱਖੇਵਾਲਾ ਅਤੇ ਸਮੋਸਿਆਂ ਦੀ ਸੇਵਾ ਇੰਟਰਨੈਸ਼ਨਲ ਸਟੂਡੈਂਟ ਗਰੁੱਪ ਲਾਇਆ ਗਿਆ। ਹਜ਼ੂਰੀ ਰਾਗੀ ਭਾਈ ਧੰਨਾ ਸਿੰਘ, ਭਾਈ ਵਰਿੰਦਰ ਸਿੰਘ ਮੁਲਤਾਨੀ ਅਤੇ ਭਾਈ ਗੁਰਸੇਵਕ ਸਿੰਘ ਹੋਰਾਂ ਸ਼ਬਦ ਕੀਰਤਨ ਕੀਤਾ। ਇਸ ਤੋਂ ਇਲਾਵਾ ਸੰਗਤ ਦੇ ਵਿੱਚੋਂ ਵੀ ਕਈ ਪ੍ਰਾਣੀਆਂ ਨੇ ਕੀਰਤਨ ਗਾਇਨ ਕੀਤਾ। ਟਰੱਕ ਦੀ ਸੇਵਾ ਬਲਜਿੰਦਰ ਸਿੰਘ ਮੋਗਾ ਵੱਲੋਂ ਕੀਤੀ ਗਈ। ਗੁਰਦੁਆਰਾ ਸਾਹਿਬ ਅਤੇ ਨਗਰ ਕੀਰਤਨ ਲਈ ਸਜਾਏ ਗਏ ਵਾਹਨਾਂ ਦੀ ਸਜਾਵਟ ‘ਸਪੋਕਨ ਵਰਡਜ਼ ਯੂਥ ਗਰੁੱਪ’ ਵੱਲੋਂ ਕੀਤੀ ਗਈ। ਲਗਪਗ 1.30 ਵਜੇ ਦੇ ਕਰੀਬ ਇਹ ਨਗਰ ਕੀਰਤਨ ਮੈਨੁਰੇਵਾ ਦੇ ਕਈ ਰਸਤਿਆਂ ਦੇ ਵਿੱਚੋਂ ਹੋ ਕੇ ਵਾਪਿਸ ਗੁਰਦੁਆਰਾ ਸਾਹਿਬ ਪਰਤਿਆ। ਅੱਜ ਸਜੇ ਨਗਰ ਕੀਰਤਨ ਦੇ ਵਿਚ ਦੂਰ-ਦੂਰ ਤੱਕ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਨਜ਼ਰ ਆਇਆ। ਗੁਰਦੁਆਰਾ ਪ੍ਰਬੰਧਕਾਂ ਵੱਲੋਂ ਅੱਜ ਨਗਰ ਕੀਰਤਨ ਦੇ ਵਿਚ ਸ਼ਾਮਿਲ ਹੋਈਆਂ ਸਾਰੀਆਂ ਸੰਗਤਾਂ, ਸੇਵਾਦਾਰਾਂ ਅਤੇ ਸਹਿਯੋਗ ਦੇਣ ਵਾਲੇ ਸਾਰੇ ਵੀਰਾਂ-ਭੈਣਾਂ ਦਾ ਧੰਨਵਾਦ ਕੀਤਾ ਗਿਆ।

NZ PIC 26 April-2ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਕੱਲ੍ਹ ਹੋਏ ਚੌਥੇ ਅੰਮ੍ਰਿਤ ਸੰਚਾਰ ਵਿਚ 15 ਪ੍ਰਾਣੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੇ। ਅੰਮ੍ਰਿਤ ਛਕਣ ਵਾਲਿਆਂ ਵਿਚ ਸਭ ਤੋਂ ਛੋਟੀ ਉਮਰ ਦੀ ਬੱਚੀ 11 ਕੁ ਸਾਲਾਂ ਦੀ ਸੀ ਅਤੇ ਵੱਧ ਉਮਰ ਵਾਲਿਆਂ ਵਿਚ 65-70 ਸਾਲ ਦੀ ਸੀ। ਪੰਜਾਂ ਪਿਆਰਿਆਂ ਦੀ ਸੇਵਾ ਭਾਈ ਉਂਕਾਰ ਸਿੰਘ, ਭਾਈ ਕਮਲਜੀਤ ਸਿੰਘ, ਭਾਈ ਨਛੱਤਰ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਭਗਵੰਤ ਸਿੰਘ ਨੇ ਨਿਭਾਈ ਅਤੇ ਭਾਈ ਵਰਿੰਦਰ ਸਿੰਘ ਨੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਈ। ਕਕਾਰਾਂ ਦੀ ਸੇਵਾ ਅੰਮ੍ਰਿਤ ਪਾਨ ਕਰਵਾਉਣ ਵਾਲੇ ਸਿੰਘਾਂ ਵੱਲੋਂ ਕੀਤੀ ਗਈ।

Install Punjabi Akhbar App

Install
×