ਲਗਪਗ 5 ਸਾਲ ਤੋਂ ਮਾਲਵਾ ਕਲੱਬ ਲਈ ਦੇਸ਼ ਅਤੇ ਵਿਦੇਸ਼ ਲਈ ਖੇਡ ਰਹੇ ਹਨ
(ਔਕਲੈਂਡ):-ਸ਼ਹਿਰ ਬਰਨਾਲਾ ਦਾ, ਮੁੰਡਾ ਧਾਲੀਵਾਲਾਂ ਨਾਂਅ ਪੈ ਗਿਆ ‘ਲਾਲਾ’ 2016 ਦੇ ਵਿਚ ਇਥੇ ਪੜ੍ਹਾਈ ਕਰ ਰਹੀ ਆਪਣੀ ਧਰਮ ਪਤਨੀ ਦੇ ਨਾਲ ਆਉਂਦਾ ਹੈ ਅਤੇ ਫਿਰ ਇਥੇ ਹੀ ਰਹਿ ਕੇ ਪੰਜਾਬੀ ਖੇਡ ਮੇਲਿਆਂ ’ਚ ਲਾਲਾ ਲਾਲਾ ਕਰਵਾ ਜਾਂਦਾ ਹੈ ਤੇ ਲੋਕ ਉਸਦਾ ਪੂਰਾ ਨਾਂਅ ਪੁੱਛਦੇ ਰਹਿ ਜਾਂਦੇ ਹਨ। ਇਸ ਨੌਜਵਾਨ ਦਾ ਪੂਰਾ ਨਾਂਅ ਹੈ ਸ. ਗੁਰਪ੍ਰੀਤ ਸਿੰਘ ਧਾਲੀਵਾਲ, ਜਿਸ ਨੂੰ ਖੇਡ ਮੈਦਾਨਾਂ ਦੇ ਵਿਚ ‘ਲਾਲਾ’ ਕਰਕੇ ਜਾਣਿਆ ਜਾਂਦਾ ਹੈ। ਇਸ ਨੌਜਵਾਨ ਨੂੰ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ 20 ਨਵੰਬਰ ਨੂੰ ਬੈਰੀ ਕਰਟਿਸ ਪਾਰਕ ਫਲੈਟਬੁੱਸ਼ ਵਿਖੇ ਕਰਵਾਏ ਜਾ ਰਹੇ ਖੇਡ ਕਾਰਨੀਵਾਲ ਦੇ ਵਿਚ ‘ਜੀਪ ਰੈਂਗਲਰ’ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ‘ਰੈਂਗਲਰ’ ਦੇ ਅੱਖਰੀ ਅਰਥ ਵੇਖੇ ਜਾਣ ਤਾਂ ਘੋੜਿਆਂ ਦੇ ਉਤੇ ਕਾਠੀ ਪਾਉਣ ਦੇ ਮਾਹਿਰ ਮਾਸਟਰ ਨੂੰ ਰੈਂਗਲਰ ਕਿਹਾ ਜਾਂਦਾ ਹੈ। ਕਾਠੀ ਪਾ ਕੇ ਘੋੜ ਸਵਾਰੀ ਕਰਨੀ ਸੁਰੱਖਿਅਤ ਅਤੇ ਲੰਬੇਰੀ ਹੁੰਦੀ ਹੈ। ਸੋ ਕਿਤੇ ਨਾ ਕਿਤੇ ਮਾਲਵਾ ਕਲੱਬ ਵੱਲੋਂ ਇਸ ਰੈਂਗਲਰ ਜੀਪ ਦੀ ਚੋਣ ਕੀਤੀ ਜਾਣੀ, ਉਸਦੀ ਸਖਸ਼ੀਅਤ ਦੇ ਨੇੜੇ-ਤੇੜੇ ਪਹੁੰਚਦੀ ਹੈ, ਕਿਉਂਕਿ ਉਹ ਕਬੱਡੀ ਦੇ ਮੈਦਾਨ ਵਿਚ ਅਜਿਹੀ ਹੀ ਖੇਡ ਦਾ ਪ੍ਰਦਰਸ਼ਨ ਕਰ ਜਾਂਦਾ ਹੈ।
ਕਬੱਡੀ ਦਾ ਸ਼ੁਰੂਆਤੀ ਸਫਰ: ਲਾਲਾ ਦੇ ਸਤਿਕਾਰਯੋਗ ਪਿਤਾ ਸ. ਮਨਜੀਤ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਵਿਚ ਹਨ, ਬਹੁੱਤ ਅੱਛੇ ਕਬੱਡੀ ਖਿਡਾਰੀ ਹਨ। ਉਨ੍ਹਾਂ ਦੇ ਪਦ ਚਿਨ੍ਹਾਂ ਉਤੇ ਚਲਦਿਆਂ ਲਾਲਾ ਨੇ ਆਪਣੇ ਜੀਵਨ ਦੀ ਪਹਿਲੀ ਕਬੱਡੀ ਆਪਣੇ ਸਕੂਲੀ ਜੀਵਨ ਵਿਚ 8ਵੀਂ ਕਲਾਸ ’ਚ ਪੜ੍ਹਦਿਆਂ ਪਾਈ। ਉਸ ਸਮੇਂ ਨੈਸ਼ਨਲ ਕਬੱਡੀ ਜਿਆਦਾ ਪ੍ਰਚਲਤ ਸੀ। 10+2 ਤਕ ਪੜ੍ਹਾਈ ਕਰਦਿਆਂ ਉਨ੍ਹਾਂ ਨੇ ਆਪਣਾ ਰੁਖ ਕਬੱਡੀ ਖੇਡ ਦੇ ਸਫਰ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਉਣ ਦਾ ਸੁਪਨਾ ਆਪਣੇ ਦਿਲ ਵਿਚ ਸਿੰਜੋਅ ਲਿਆ। 2010 ਦੇ ਵਿਚ ਪਟਿਆਲਾ ਵਿਖੇ ਹੋਏ ਇਕ ਵੱਡੇ ਖੇਡ ਟੂਰਨਾਮੈਂਟ ਵਿਚ ਲਾਲਾ ਨੇ ਮਾਲਵਾ ਕਲੱਬ ਜਗਰਾਉਂ ਦੀ ਤਰਫ ਤੋਂ ਰੇਡਰ ਵਜੋਂ ਭਾਗ ਲਿਆ। ਇਸ ਦੀ ਟੀਮ ਉਪ ਜੇਤੂ ਰਹੀ ਪਰ ਇਸ ਦੌਰਾਨ ਉਨ੍ਹਾਂ ਦੀ ਖੇਡ ਨੂੰ ਪਾਰਖੂ ਅੱਖਾਂ ਨੇ ਪਛਾਣ ਲਿਆ ਅਤੇ ਆਪਣੇ ਕਲੱਬਾਂ ਦੇ ਲਈ ਜੇਤੂ ਰੂਪ ਵਿਚ ਸਵੀਕਾਰ ਕਰ ਲਿਆ। ਇਸ ਨੂੰ ਫਿਰ ਵਿਦੇਸ਼ਾਂ ਵਿਚੋਂ ਖੇਡਣ ਦੇ ਸੱਦੇ ਆਉਣ ਲੱਗੇ। 2011 ਦੇ ਵਿਚ ਉਹ ਗਿੱਲ ਟਰਾਂਸਪੋਰਟ ਕੰਪਨੀ ਵੱਲੋਂ ਕਰਵਾਏ ਗਏ ਖੇਡ ਟੂਰਨਾਮੈਂਟ ਦੇ ਵਿਚ ਭਾਗ ਲੈਣ ਡੁਬਈ ਗਏ। ਇਸ ਤੋਂ ਬਾਅਦ 2013 ਦੇ ਵਿਚ ਉਹ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਦੇ ਵਿਚ ਹੋਏ ਖੇਡ ਟੂਰਨਾਮੈਂਟਾਂ ਦੇ ਵਿਚ ਭਾਗ ਲੈਣ ਗਏ ਅਤੇ ‘ਵਲਸਲ’ ਕਲੱਬ ਲਈ 6 ਮੈਚ ਖੇਡੇ। 2016 ਦੇ ਵਿਚ ਇਨ੍ਹਾਂ ਦੀ ਆਮਦ ਨਿਊਜ਼ੀਲੈਂਡ ਹੁੰਦੀ ਹੈ, ਕੱਬਡੀ ਦਾ ਪਿਛੋਕੜ ਹੋਣ ਕਰਕੇ ਕਈ ਕਲੱਬਾਂ ਨੇ ਇਨ੍ਹਾਂ ਦੇ ਨਾਲ ਸੰਪਰਕ ਕਰਕੇ ਆਪਣੇ ਨਾਲ ਸ਼ਾਮਿਲ ਹੋਣ ਲਈ ਬੇਨਤੀ ਕੀਤੀ। ਦੋ ਕੁ ਸਾਲ ਉਹ ਕਿਸੇ ਹੋਰ ਕਲੱਬ ਲਈ ਖੇਡੇ ਪਰ ਲਗਪਗ 2018 ਤੋਂ ਉਹ ਪੱਕੇ ਤੌਰ ’ਤੇ ‘ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ’ ਦੇ ਲਈ ਖੇਡਣ ਲੱਗੇ। ਇਸ ਕਲੱਬ ਦੇ ਵਿਚ ਉਨ੍ਹਾਂ ਹੁਣ ਤੱਕ ਲਗਪਗ ਹਰ ਖੇਡ ਮੇਲੇ ਵਿਚ ਮੈਚ ਖੇਡੇ ਹਨ, ਜਿਨ੍ਹਾਂ ਦੀ ਗਿਣਤੀ 100 ਤੱਕ ਵੀ ਹੋ ਸਕਦੀ ਹੈ। ਇਸ ਦੌਰਾਨ ਉਹ ਆਸਟਰੇਲੀਆ ਵਿਖੇ ਵੀ ਖੇਡਣ ਜਾਂਦੇ ਰਹਿੰਦੇ ਹਨ। ਨਿਊਜ਼ੀਲੈਂਡ ਟੀਮ ਦੇ ਕੈਪਟਨ ਵਜੋਂ ਉਹ ਆਸਟਰੇਲੀਆ ਵਿਖੇ ਹੋਏ ‘ਪਨਬੱਕ ਵਿਸ਼ਵ ਕਬੱਡੀ ਕੱਪ-2018’ ਦੇ ਵਿਚ ਵੀ ਖੇਡਣ ਗਏ ਤੇ ਸੈਮੀਫਾਈਨਲ ਤੱਕ ਪਹੁੰਚੇ ਸਨ।
ਬੈਸਟ ਰੇਡਰ ਦੇ ਤੌਰ ਉਤੇ ਉਹ ਲਗਪਗ ਹਰ ਟੂਰਨਾਮੈਂਟ ਦੇ ਵਿਚ ਕਿਤੇ ਨਾ ਕਿਤੇ ਚੁਣੇ ਜਾਂਦੇ ਹਨ। ਬਹੁਤ ਵਾਰ ਸੋਨੇ ਦੀ ਮੁੰਦਰੀ ਅਤੇ ਨਗਦ ਇਨਾਮ ਇਨ੍ਹਾਂ ਨੂੰ ਮਿਲਦੇ ਰਹੇ ਹਨ। ਪਰ ਹੁਣ ਮਾਲਵਾ ਕਲੱਬ ਨੇ ਚਾਰ ਕਦਮ ਅੱਗੇ ਪੁਟਦਿਆਂ, ਉਸਦੀ ਕਲੱਬ ਪ੍ਰਤੀ ਵਫਾਦਾਰੀ ਅਤੇ ਸਮਰਪਨ ਭਾਵਨਾ ਦੀ ਕਦਰ ਕਰਦਿਆਂ ਉਸਨੂੰ ‘ਰੈਂਗਲਰ’ ਜੀਪ ਦੇ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਮਾਲਵਾ ਕਲੱਬ ਦੇ ਸਾਰੇ ਮੈਂਬਰ ਉਸਦੀਆਂ ਪ੍ਰਾਪਤੀਆਂ ਤੋਂ ਖੁਸ਼ ਹਨ ਅਤੇ ਸਨਮਾਨ ਕਰਨ ਉਤੇ ਮਾਣ ਮਹਿਸੂਸ ਕਰਦੇ ਹਨ।