ਨਿਊਜ਼ੀਲੈਂਡ ਦੀ 53ਵੀਂ ਸਰਕਾਰ ਦੇ ਇਸ ਹਫਤੇ ਦੌਰਾਨ ਮਹਾਰਾਣੀ ਦੀ ਸਪੀਚ ਦੇ ਕੁੱਝ ਅੰਸ਼

cof

ਨਿਊਜ਼ੀਲੈਂਡ ਦੀ ਪ੍ਰੰਪਰਾ ਹੈ ਕਿ ਹਰ ਕੌਮੀ ਮੌਕੇ ਉਪਰ ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੈਥ॥ ਵੱਲੋਂ ਆਪਣੀ ਸਪੀਚ ਭੇਜੀ ਜਾਂਦੀ ਹੈ ਅਤੇ ਉਸਨੂੰ ਗਵਰਨਰ ਜਨਰਲ ਦੀ ਤਰਫੋਂ ਪੜ੍ਹਿਆ ਜਾਂਦਾ ਹੈ। ਇਸੇ ਪ੍ਰੰਪਰਾ ਦੇ ਤਹਿਤ ਨਿਊਜ਼ੀਲੈਂਡ ਅੰਦਰ ਹਾਲ ਵਿੱਚ ਹੀ ਚੁਣੀ ਗਈ 53ਵੀਂ ਸਰਕਾਰ ਜਿਸ ਦਾ ਸੰਚਾਲਨ ਸਿਰਫ ਨਿਊਜ਼ੀਲੈਂਡ ਦੇ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿਚ ਹਰਮਨ ਪਿਆਰੇ ਹੋ ਚੁਕੇ ਮਹਾਮਹਿਮ ਜੈਸਿੰਡਾ ਆਰਡਰਨ ਪ੍ਰਧਾਨ ਮੰਤਰੀ ਵੱਜੋਂ (ਲਗਾਤਾਰ ਦੂਸਰੀ ਵਾਰੀ) ਕਰ ਰਹੇ ਹਨ ਅਤੇ ਅੱਜ ਪਾਰਲੀਮੈਂਟ ਦੇ ਸੈਸ਼ਨ ਦੋਰਾਨ ਗਵਰਨਰ ਜਨਰਲ ਵੱਲੋਂ ਮਹਾਰਾਣੀ ਦੀ ਸਪੀਚ ਪਾਰਲੀਮੈਂਟ ਅੰਦਰ ਪੜ੍ਹੀ ਗਈ ਜਿਸ ਦੇ ਅੰਸ਼ ਇਸ ਪ੍ਰਕਾਰ ਹਨ:
ਪਹਿਲੀ ਗੱਲ: ਸਮੁੱਚੇ ਸੰਸਾਰ ਨੂੰ ਹੀ ਇਸ ਵਕਤ ਕੋਵਿਡ-19 ਵਾਲੀ ਨਾਮੁਰਾਦ ਬਿਮਾਰੀ ਨੇ ਝੰਜੋੜ ਕੇ ਰੱਖਿਆ ਹੋਇਆ ਹੈ ਪਰੰਤੂ ਨਿਊਜ਼ੀਲੈਂਡ ਇੱਕ ਅਜਿਹਾ ਦੇਸ਼ ਹੈ ਜਿੱਥੇ ਕਿ ਇਸ ਦਾ ਅਸਰ ਬਹੁਤ ਘੱਟ ਦੇਖਣ ਨੂੰ ਮਿਲਿਆ ਹੈ ਅਤੇ ਸਮੇਂ ਸਿਰ ਚੁੱਕੇ ਕਦਮਾਂ ਦੇ ਸਦਕਾ ਇੱਥੋਂ ਦੀ ਜਨਤਾ ਉਕਤ ਮਹਾਮਾਰੀ ਦੀ ਚਪੇਟ ਵਿੱਚ ਆਉਣ ਤੋਂ ਬਚੀ ਹੋਈ ਹੈ, ਤਾਂ ਸਾਡਾ ਸਭ ਤੋਂ ਪਹਿਲਾ ਅਤੇ ਅਹਿਮ ਕੰਮ ਹੈ ਕਿ ਆਪਣੀ ਜਨਤਾ ਦੀ ਸਿਹਤ ਸਬੰਧੀ ਸਾਰੇ ਇੰਤਜ਼ਾਮਾਂ ਦਾ ਗਹਿਰਾਈ ਨਾਲ ਜਾਂਚ ਕਰਨੀ ਅਤੇ ਉਨ੍ਹਾਂ ਨੂੰ ਹਮੇਸ਼ਾ ਆਧੁਨਿਕ ਤਕਨੀਕਾਂ ਨਾਲ ਲਗਾਤਾਰ ਲੈਸ ਕਰਦੇ ਰਹਿਣਾ। ਕੋਵਿਡ-19 ਦੀ ਵੈਕਸੀਨ ਆਉਣ ਤੇ ਸਮੁੱਚੀ ਜਨਤਾ ਨੂੰ ਹੀ ਇਹ ਦਵਾਈ ਮੁਫਤ ਮੁਹੱਈਆ ਕਰਵਾਈ ਜਾਵੇਗੀ; ਕੁਆਰਨਟੀਨ ਮੁਕਤ ਯਾਤਰਾਵਾਂ ਜਿੱਥੇ ਕਿਤੇ ਵੀ ਸੁਰੱਖਿਅਤ ਹਨ, ਲਾਗੂ ਕਰ ਦਿੱਤੀਆਂ ਜਾਣਗੀਆਂ; ਅਤੇ ਕੰਟੈਕਟ ਟ੍ਰੇਸਿੰਗ ਅਤੇ ਟੈਸਟਿੰਗ ਪ੍ਰਕਿਰਿਆਵਾਂ ਨੂੰ ਤੇਜ਼ ਕੀਤਾ ਜਾਵੇਗਾ।
ਦੂਸਰੀ ਗੱਲ: ਕਿਉਂਕਿ ਸਮੁੱਚੇ ਸੰਸਾਰ ਨੂੰ ਹੀ ਕਰੋਨਾ ਦੀ ਬਿਮਾਰੀ ਨੇ ਹੱਦ ਤੋਂ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ ਅਤੇ ਸਾਰੇ ਹੀ ਸੰਸਾਰ ਦੀ ਅਰਥ-ਵਿਵਸਥਾ ਡਾਂਵਾਂਡੋਲ ਹੋ ਕੇ ਰਹਿ ਗਈ ਹੈ। ਇਸ ਨਾਲ ਨਿਊਜ਼ੀਲੈਂਡ ਦੀ ਅਰਥ-ਵਿਵਸਥਾ ਨੂੰ ਵੀ ਬਹੁਤ ਨੁਕਸਾਨ ਉਠਾਉਣਾ ਪਿਆ ਹੈ ਤਾਂ ਫੇਰ ਹੁਣ ਸਾਡਾ ਅਹਿਮ ਕੰਮ ਬਣਦਾ ਹੈ ਕਿ ਦੇਸ਼ ਦੀ ਅਰਥ-ਵਿਵਸਥਾ ਨੂੰ ਮੁੜ ਤੋਂ ਲੀਹਾਂ ਉਪਰ ਲੈ ਕੇ ਆਉਣਾ। ਇਸ ਵਾਸਤੇ ਬੁਨਿਆਦੀ ਢਾਂਚੇ ਖੜ੍ਹੇ ਕੀਤੇ ਜਾਣਗੇ ਜਿਨ੍ਹਾਂ ਵਿੱਚ ਛੋਟੇ ਤੋਂ ਛੋਟੇ ਕੰਮ-ਧੰਦਿਆਂ ਤੋਂ ਲੈ ਕੇ ਵੱਡੇ ਉਦਯੋਗਾਂ ਤੱਕ ਦੇ ਨਾਲ ਨਾਲ ਆਯਾਤ-ਨਿਰਯਾਤ ਦੇ ਢਾਂਚੇ ਨੂੰ ਵੀ ਮਦਦ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਹਰ ਕੋਈ ਇਸ ਭਿਆਨਕ ਬਿਮਾਰੀ ਕਾਰਨ ਪਈ ਮਾਰ ਵਿੱਚੋਂ ਦੋਬਾਰਾ ਤੋਂ ਖੜ੍ਹਾ ਹੋ ਸਕੇ। ਬਾਹਰੀ ਲੋਕਾਂ ਨੂੰ ਮੁੜ ਤੋਂ ਇਹ ਯਕੀਨ ਦਿਵਾਉਣਾ ਹੋਵੇਗਾ ਕਿ ਦੇਸ਼ ਦੀ ਅਰਥ-ਵਿਵਸਥਾ ਕੋਵਿਡ ਤੋਂ ਸੁਰੱਖਿਅਤ ਹੈ ਅਤੇ ਇੱਥੇ ਹੋਣ ਵਾਲਾ ਵਪਾਰ ਵੀ ਸੁਰੱਖਿਅਤ ਹੈ।
ਤੀਸਰੀ ਗੱਲ: ਉਪਰੋਕਤ ਦੇ ਨਾਲ ਨਾਲ ਹੁਣ ਵਾਰੀ ਆਉਂਦੀ ਹੈ ਇੱਕ ਹੋਰ ਵੀ ਅਹਿਮ ਚੈਲੇਂਜ ਦੀ ਅਤੇ ਉਹ ਹੈ ਕਿ ਜਨਤਕ ਤੌਰ ਤੇ ਬੁਨਿਆਦੀ ਸਹੂਲਤਾਂ -ਮਸਲਨ ਲੋੜ ਅਨੁਸਾਰ, ਸਾਰਿਆਂ ਲਈ ਇੱਕ ਵੱਖਰਾ ਅਤੇ ਆਰਾਮਦਾਇਕ ਘਰ, ਗਰੀਬ ਬੱਚਿਆਂ ਦੀ ਪਾਲਣ ਪੋਸ਼ਣ, ਉਨ੍ਹਾਂ ਦੀ ਪੜ੍ਹਾਈ ਲਿਖਾਈ ਅਤੇ ਰੌਜ਼ਗਾਰ ਦਾ ਪ੍ਰਬੰਧ; ਅਤੇ ਇਸਦੇ ਨਾਲ ਹੀ ਵਾਤਾਵਰਣ ਦੀ ਸੁਰੱਖਿਆ ਅਤੇ ਸਾਂਭ-ਸੰਭਾਲ। ਬੀਤੇ ਤਿੰਨ ਸਾਲਾਂ ਦੌਰਾਨ ਅਜਿਹੇ ਕਈ ਕਦਮ ਚੁੱਕੇ ਗਏ ਹਨ ਜਿਨ੍ਹਾਂ ਨਾਲ ਕਿ ਉਪਰੋਕਤ ਸਹੂਲਤਾਂ ਵਿੱਚ ਇਜ਼ਾਫ਼ਾ ਹੀ ਹੋਇਆ ਹੈ ਅਤੇ ਇਸਨੂੰ ਚਾਲੂ ਰੱਖਣਾ ਹੁਣ ਸਰਕਾਰ ਦਾ ਅਗਲਾ ਅਹਿਮ ਕਦਮ ਹੈ।
ਪੂਰੀ ਸਪੀਚ ਦੀ ਕਾਪੀ https://www.beehive.govt.nz/speech/speech-throne-3 ਉਪਰ ਵਿਜ਼ਿਟ ਕਰਕੇ ਪੜ੍ਹੀ ਅਤੇ ਡਾਊਨਲੋਡ ਜਾਂ ਪ੍ਰਿੰਟ ਵੀ ਕੀਤੀ ਜਾ ਸਕਦੀ ਹੈ।

Install Punjabi Akhbar App

Install
×