ਆਮ ਜਨਤਕ ਥਾਵਾਂ ਉਤੇ ਮਾਸਕ ਪਾਉਣ ਦੀ ਸ਼ਰਤ ਖਤਮ
ਹਸਪਤਾਲਾਂ ਅਤੇ ਬਜ਼ੁਰਗਾਂ ਦੀ ਦੇਖ-ਰੇਖ ਸੈਂਟਰਾਂ ਵਿਚ ਮਾਸਕ ਰਹੇਗਾ ਜਾਰੀ
(ਆਕਲੈਂਡ):-ਨਿਊਜ਼ੀਲੈਂਡ ਸਰਕਾਰ ਨੇ ਕਰੋਨਾ ਦੀ ਰੋਕਥਾਮ ਲਈ ਅਪਣਾਏ ਗਏ ਕਰੋਨਾ ਟ੍ਰੈਫਿਕ ਸਿਸਟਮ (ਬਚਾਅ ਮਾਪਦੰਡ ਜੋ ਕਿ ਲਾਲ, ਸੰਤਰੀ ਅਤੇ ਹਰੇ ਰੰਗ ਵਿਚ ਵੰਡੇ ਸਨ) ਨੂੰ ਅੱਧੀ ਰਾਤ ਤੋਂ ਖਤਮ ਕਰ ਦਿੱਤਾ ਹੈ। ਸੋ ਪੰਜਾਬੀ ਸਟਾਈਲ ਵਿਚ ਕਹਿਣਾ ਹੋਵੇ ਤਾਂ ਟ੍ਰੈਫਿਕ ਲਾਈਟਾਂ ਦਾ ਕੁਨੈਕਸ਼ਨ ਅੱਜ ਰਾਤ ਸਰਕਾਰ ਵੱਲੋਂ ਕੱਟ ਦਿੱਤਾ ਗਿਆ ਹੈ। ਇਹ ਸਿਸਟਮ 25 ਮਾਰਚ ਤੋਂ ਚੱਲ ਰਿਹਾ ਸੀ। ਇਸਦੇ ਸੇਵਾਮੁਕ ਹੋਣ ਨਾਲ ਹੁਣ ਲੋਕਾਂ ਨੂੰ…..
– ਜਨਤਕ ਥਾਵਾਂ ਉਤੇ ਮਾਸਕ ਪਾਉਣ ਤੋਂ ਰਾਹਤ ਮਿਲ ਜਾਵੇਗੀ ਪਰ ਸਿਹਤ ਦੀ ਦੇਖਭਾਲ ਕਰਨ ਵਾਲੇ ਹਸਪਤਾਲਾਂ, ਐਮਰਜੈਂਸੀ ਕੇਅਰ, ਫਾਰਮੇਸੀ, ਜਨਰਲ ਪ੍ਰੈਕਟੀਸ਼ਨਰਾਂ (ਜੀ.ਪੀ.) ਅਤੇ ਬਜ਼ੁਰਗਾਂ ਦੇ ਲਈ ਬਣਾਏ ਦੇਖਭਾਲ ਸੈਂਟਰਾਂ ਦੇ ਵਿਚ ਮਾਸਕ ਪਹਿਨਣਾ ਜਾਰੀ ਰਹੇਗਾ।
ਜੇਕਰ ਕੋਈ ਵਿਅਕਤੀ ਕਰੋਨਾ ਪਾਜੇਟਿਵ ਆਉਂਦਾ ਹੈ ਤਾਂ ਉਸਨੂੰ 7 ਦਿਨਾਂ ਵਾਸਤੇ ਇਕਾਂਤਵਾਸ ਕਰਨਾ ਹੋਵੇਗਾ, ਪਰ ਬਾਕੀ ਘਰਦਿਆਂ ਨੂੰ ਨਹੀਂ।
– 26 ਸਤੰਬਰ ਤੱਕ ਸਾਰੇ ਸਰਕਾਰੀ ਥਾਵਾਂ ਉਤੇ ਟੀਕਾਕਰਣ ਦੀ ਸ਼ਰਤ ਚੁੱਕੀ ਜਾਵੇਗੀ। ਰੁਜ਼ਗਾਰ ਦਾਤਾ ਅਜੇ ਆਪਣੀ ਮਰਜ਼ੀ ਕਰ ਸਕਦੇ ਹਨ ਕਿ ਉਨ੍ਹਾਂ ਟੀਕਾਕਰਣ ਵਾਲੇ ਰੱਖਣੇ ਹਨ ਤਾਂ ਬਿਨਾਂ ਟੀਕਾਕਰਣ ਵਾਲੇ ਵੀ ਰੱਖ ਸਕਦੇ ਹਨ।
– ਦੇਸ਼ ਵਿਚ ਦਾਖਲ ਹੋਣ ਵਾਲਿਆਂ ਲਈ ਹੁਣ ਟੀਕਾਕਰਣ ਦੀ ਸ਼ਰਤ ਖਤਮ ਹੋ ਜਾਵੇਗੀ ਅਤੇ ਏਅਰ ਲਾਈਨ ਸਟਾਫ ਉਤੇ ਵੀ ਇਹ ਸ਼ਰਤ ਖਤਮ ਹੋ ਜਾਵੇਗੀ।
-ਬਿਜ਼ਨਸ ਅਤੇ ਕਾਮਿਆਂ ਦੀ ਸਹਾਇਤਾ ਵਾਸਤੇ ਛੁੱਟੀਆਂ ਦੇ ਪੈਸੇ ਮਿਲਦੇ ਰਹਿਣਗੇ।
-65 ਸਾਲ ਤੋਂ ਉਪਰ ਵਾਲੇ ਅਤੇ ਮਾਓਰੀ ਮੂਲ ਦੇ 50 ਸਾਲ ਤੋਂ ਉਪਰ ਵਾਲੇ ਹੁਣ ਆਪਣੇ ਆਪ ਹੱਕ ਰੱਖਣਗੇ ਕਿ ਉਹ ਕੋਵਿਡ ਐਂਟੀ ਵਾਇਰਸ ਦੀ ਇਸਤੇਮਾਲ ਕਰ ਸਕਣ।
ਇਸ ਐਲਾਨ ਉਤੇ ਐਕਟ ਪਾਰਟੀ ਨੇ ਕਿਹਾ ਹੈ ਕਿ ਸਰਕਾਰ ਦਾ ਇਹ ਫੈਸਲਾ 6 ਮਹੀਨੇ ਲੇਟ ਆਇਆ ਹੈ। ਆਸਟਰੇਲੀਆ ਨੇ ਪਹਿਲਾਂ ਫੈਸਲਾ ਲਿਆ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਲੇਬਰ ਦੀ ਪੂਰਤੀ ਕਰਕੇ ਅੱਗੇ ਵਧ ਰਿਹਾ ਹੈ।