ਪਟਿਆਲਾ ਗਈ ਗੋਰੀ-ਵਾਪਿਸ ਨਾ ਮੁੜੀ

– ਕ੍ਰਾਈਸਟਚਰਚ ਤੋਂ 24 ਸਾਲਾ ਗੋਰੀ ਕੁੜੀ ਜੈਸਿਕਾ ਡੂਡ ਪੰਜਾਬੀ ਮੁੰਡੇ ਦੀ ਮਹਿਲਾ ਮਿੱਤਰ ਬਣ ਗਈ ਸੀ ਇੰਡੀਆ
– ਪੰਜਾਬੀ ਮੁੰਡੇ ਨੇ ਆਪਣੇ ਆਪ ਨੂੰ ਦੱਸਿਆ ਸੀ ਮਿਲੀਅਨਰ
– ਕੁੜੀ ਦੇ ਘਰਦਿਆਂ ਉਸਨੂੰ ਅਊਟਿਸਟਿਕ (ਸਵਲੀਨ-ਇਕ ਬਿਮਾਰੀ) ਪੀੜ੍ਹਤ ਦੱਸਿਆ

lovvvve
ਔਕਲੈਂਡ – ਕ੍ਰਾਈਸਟਚਰਚ ਵਿਖੇ ਪਟਿਆਲਾ ਦੇ ਇਕ ਪੰਜਾਬੀ ਮੁੰਡੇ ਦਾ ਇਕ 24 ਸਾਲਾ ਗੋਰੀ ਕੁੜੀ ਉਤੇ ਅਜਿਹਾ ਦਿਲ ਆ ਗਿਆ ਸੀ। ਇਹ ਮੁੰਡਾ ਬੀਤੀ 17 ਦਸੰਬਰ ਨੂੰ ਵਾਪਿਸ ਇੰਡੀਆ ਪਰਤ ਗਿਆ ਸੀ ਤੇ ਇਹ ਕੁੜੀ ਉਸ ਮੁੰਡੇ ਦੇ ਮਗਰ ਇੰਡੀਆ ਚਲੇ ਗਈ। ਉਸਦੇ ਘਰਦਿਆਂ ਨੇ ਭਾਵੇਂ ਉਸ ਕੁੜੀ ਦੇ ਅਸਲੀ ਪਾਸਪੋਰਟ ਉਤੇ ਯਾਤਰਾ ਕਰਨ ਉਤੇ ਪਾਬੰਦੀ ਲਗਵਾ ਦਿੱਤੀ ਸੀ ਪਰ ਉਹ ਗੁਪਤ ਤਰੀਕੇ ਨਾਲ ਆਪਣਾ ਨਾਂਅ ਬਦਲ ਕੇ ਫਿਰ ਨਵਾਂ ਪਾਸਪੋਰਟ ਬਣਾ ਕੇ ਬੀਤੀ 16 ਮਾਰਚ ਨੂੰ ਇੰਡੀਆ ਪਹੁੰਚ ਗਈ।  ਪੰਜ ਸਰਕਾਰੀ ਏਜੰਸੀਆਂ ਦੀ ਮਦਦ ਨਾਲ ਭਾਵੇਂ ਕੁੜੀ ਨੂੰ ਲੱਭ ਲਿਆ ਗਿਆ ਸੀ, ਪਰ ਉਹ ਇਸਨੂੰ ਵਾਪਿਸ ਲਿਆਉਣ ਦੇ ਵਿਚ ਅਸਮਰਥ ਰਹੇ ਕਿਉਂਕਿ ਉਹ ਆਉਣਾ ਨਹੀਂ ਚਾਹੁੰਦੀ। ਉਮਰ ਬਾਲਗ ਹੋਣ ਕਰਕੇ ਉਸਦੀ ਮਰਜ਼ੀ ਚੱਲਣੀ ਹੈ। ਜਦੋਂ ਮੁੰਡਾ ਨਿਊਜ਼ੀਲੈਂਡ ਉਸਦੇ ਨਾਲ ਰਹਿੰਦਾ ਸੀ ਤਾਂ ਉਸ ਕੁੜੀ ਸਿਰ 50,000 ਡਾਲਰ ਦਾ ਕਰਜਾ ਵੀ ਹੋ ਗਿਆ ਸੀ ਜਿਸ ਨਾਲ ਉਸਨੇ ਦੋ ਕਾਰਾਂ ਖਰੀਦੀਆਂ ਅਤੇ ਕਿਰਾਇਆ ਆਦਿ ਭਰਦੀ ਸੀ। ਕੁੜੀ ਦੇ ਘਰਦਿਆਂ ਨੇ ਇਥੇ ਉਸਦੇ ਗੁੰਮ ਹੋਣ ਦੀ ਰਿਪੋਰਟ ਲਿਖਵਾਈ ਸੀ ਤੇ ਪੁਲਿਸ ਨੇ ਦੱਸਿਆ ਕਿ ਉਹ ਇੰਡੀਆ ਜਾ ਚੁੱਕੀ ਹੈ। ਜੈਸਿਕਾ ਦਾ ਪਿਤਾ ਉਸਨੂੰ ਇੰਡੀਆ ਲੱਭਣ ਪਹੁੰਚਿਆ। ਪਟਿਆਲਾ ਪੁਲਿਸ ਨੇ ਉਸਦੇ ਪਿਤਾ ਨੂੰ ਸੂਚਿਤ ਕਰ ਦਿੱਤਾ ਕਿ ਉਸ ਦੀ ਲੜਕੀ ਇਥੇ ਹੀ ਹੈ ਅਤੇ ਉਹ ਉਸਨੂੰ ਪੁਲਿਸ ਸਟੇਸ਼ਨ ਵਿਖੇ ਹੀ ਮਿਲ ਸਕਦੇ ਹਨ ਅਤੇ ਕੁਝ ਸ਼ਰਤਾਂ ਰੱਖੀਆਂ। ਇਸਦੇ ਪਿਤਾ ਨੂੰ ਸਿਰਫ ਪੰਜ ਸਵਾਲ ਕਰਨ ਦਿੱਤੇ ਗਏ। ਇਕ ਸਵਾਲ ਦੇ ਜਵਾਬ ਵਿਚ ਉਸਨੇ ਕਿਹਾ ਕਿ ਉਹ ਵਾਪਿਸ ਨਹੀਂ ਜਾਵੇਗੀ ਕਿਉਂਕਿ ਉਹ ਅਤੇ ਉਸਦੀ ਮਾਤਾ ਨੇ ਉਸਨੂੰ ਤਿੰਨ ਹਫਤਿਆਂ ਤੱਕ ਕਮਰੇ ਵਿਚ ਬੰਦ ਕੀਤਾ ਸੀ ਅਤੇ ਕੁਟਿਆ ਸੀ। ਇਸਦੇ ਪਿਤਾ ਨੂੰ ਕਿਹਾ ਗਿਆ ਕਿ ਤੁਸੀਂ ਪਟਿਆਲਾ ਸ਼ਹਿਰ ਤੋਂ ਨਵੀਂ ਦਿੱਲੀ ਚਲੇ ਜਾਓ।
2 ਕੁ ਸਾਲ ਪਹਿਲਾਂ ਇਸ ਪੰਜਾਬੀ ਮੁੰਡੇ ਦਾ ਇਸ ਕੁੜੀ ਨਾਲ ਪਿਆਰ ਪਿਆ ਸੀ ਅਤੇ ਇਸਨੇ ਕਿਹਾ ਸੀ ਕਿ ਉਹ ਮਿਲੀਅਨਰ ਹੈ ਅਤੇ ਆਪਣੇ ਵਿਆਹ ਉਤੇ ਅਮਰੀਕਾ ਦਾ ਬੈਸਟ ਬੈਂਡ ਮੈਰੂਨ-5 ਵਜਾਏਗਾ। ਕੁੜੀ ਦੀ ਉਮਰ ਭਾਵੇਂ 24 ਸਾਲ ਹੈ ਪਰ ਇਕ ਅਊਟਿਸਟਿਕ (ਸਵਲੀਨ) ਬਿਮਾਰੀ ਦੇ ਚਲਦਿਆਂ ਉਸਦਾ ਦਿਮਾਗ 14 ਸਾਲਾਂ ਦੇ ਬੱਚੇ ਦੇ ਬਰਾਬਰ ਹੈ। ਭਾਵੇਂ ਇਸ ਕੁੜੀ ਦੇ ਘਰ ਵਾਲੇ ਉਸਦੇ ਭਵਿੱਖ ਅਤੇ ਪੀੜ੍ਹਤ ਬਿਮਾਰੀ ਨੂੰ ਲੈ ਕੇ ਕਾਫੀ ਫਿਕਰਮੰਦ ਹਨ ਅਤੇ ਉਸਨੂੰ ਵਾਪਿਸ ਨਿਊਜ਼ੀਲੈਂਡ ਲਿਆਉਣਾ ਚਾਹੁੰਦੇ ਹਨ ਪਰ ਪਿਆਰ ਦੇ ਬੰਨ੍ਹੇ ਕੱਚੇ ਧਾਗੇ ਐਨੇ ਪੱਕੇ ਹੋ ਚੁੱਕੇ ਹਨ ਕਿ ਕੁੜੀ ਨੂੰ ਸਮੁੰਦਰੋ ਪਾਰ ਖਿੱਚ ਲੈਣਾ ਹੁਣ ਉਨ੍ਹਾਂ ਦੇ ਵਸ ਦੀ ਗੱਲ ਨਹੀਂ ਰਹੀ।

Install Punjabi Akhbar App

Install
×