ਇਹ ਹੁੰਦਾ “ਸਾਡੇ ਹੱਕ ਇਥੇ ਰੱਖ” -ਨਿਊਜ਼ੀਲੈਂਡ ’ਚ ਇਤਿਹਾਸਕ ਫੈਸਲੇ ਬਾਅਦ ਹੁਣ ਮਰਦ ਅਤੇ ਔਰਤ ਕੰਮ ਮੁਤਾਬਿਕ ਬਰਾਬਰ ਤਨਖਾਹ ਦੇ ਹੱਕਦਾਰ

ਸਿਹਤ ਖੇਤਰ ਦੇ ਕਾਮਿਆ ਦਾ ਹੋਇਆ ਸਮਝੌਤਾ..ਕਈ ਹੋਰ ਲਾਈਨ ’ਚ

(ਔਕਲੈਂਡ): ਨਿਊਜ਼ੀਲੈਂਡ ਸਰਕਾਰ ਦੇ ਸਿਹਤ ਮੰਤਰਾਲਾ ਮੰਤਰੀ ਸ੍ਰੀ ਐਂਡਰੀਊ ਲਿਟਲ ਨੇ ਅੱਜ ਇਕ ਇਤਿਹਾਸਕ ਨੇਪਰੇ ਚੜ੍ਹੇ ਸਮਝੌਤੇ ਦਾ ਸਵਾਗਤ ਕੀਤਾ ਹੈ ਜਿਸ ਅਨੁਸਾਰ ਹੁਣ ਸਿਹਤ ਖੇਤਰ ਦੇ ਵਿਚ ਕੰਮ ਕਰਨ ਵਾਲੇ ਕਿਸੇ ਵੀ ਮਰਦ ਜਾਂ ਔਰਤ ਨੂੰ ਉਸਦੇ ਕੰਮ ਦੀ ਬਰਾਬਰ ਮਹੱਤਤਾ ਮੁਤਾਬਿਕ  ਬਰਾਬਰ ਤਨਖਾਹ ਦਾ ਹੱਕਦਾਰ ਸਮਝਿਆ ਜਾਵੇਗਾ। ‘ਪੇਅ ਇਕੁਇਟੀ’ (ਤਨਖਾਹ ਬਰਾਬਰ-ਬਰਾਬਰ ਮਹੱਤਤਾ ਵਾਲਾ ਕੰਮ) ਦੇ ਹੋਏ ਸਮਝੌਤੇ ਉਪਰੰਤ ਸਿਹਤ ਖੇਤਰ ਦੇ ਵਿਚ ਕੰਮ ਕਰਦੇ ਪ੍ਰਸ਼ਾਸ਼ਿਨਕ ਕਾਮਿਆਂ ਜਿਵੇਂ ਕਲਰਕ, ਕਲੀਨਿਕ ਕੋਡਰ, ਹੈਲਥ ਰਿਕਾਰਡ ਕਲਰਕ ਆਦਿ ਦੇ ਵਿਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦੇ ਨਿਊਜ਼ੀਲੈਂਡ ਵਿੱਚ 1950 ਦੇ ਦਹਾਕੇ ਵਾਲੇ ਤੌਰ ਤਰੀਕਿਆਂ ਦੀ ਹੁਣ ਕੋਈ ਥਾਂ ਨਹੀਂ ਹੈ। “ਇਹ ਸਰਕਾਰ ਕਰਮਚਾਰੀਆਂ ਨੂੰ ਉਚਿਤ ਤਨਖਾਹ ਦੇਣ ਲਈ ਵਚਨਬੱਧ ਹੈ। ਇਹੀ ਕਾਰਨ ਹੈ ਕਿ 2020 ਵਿੱਚ ਅਸੀਂ ਇਸ ਨੂੰ ਅਸਲੀ ਰੂਪ ਦੇਣ ਲਈ ਬਰਾਬਰ ਤਨਖਾਹ ਐਕਟ ਨੂੰ ਬਦਲ ਦਿੱਤਾ ਹੈ। ਇਹ ਸਮਝੌਤਾ ਉਸੇ ਦਾ ਸਿੱਧਾ ਨਤੀਜਾ ਹੈ।
ਲਗਪਗ 10,000 ਲੋਕਾਂ ਨੂੰ ਇਸ ਦਾ ਫਾਇਦਾ ਹੋਣ ਵਾਲਾ ਹੈ। ਸਿਹਤ ਖੇਤਰ ਦੇ ਵਿਚ ਪ੍ਰਸ਼ਾਸ਼ਨਿਕ ਕੰਮਾਂ ਦੇ ਵਿਚ 90% ਔਰਤਾਂ ਹੀ ਕੰਮ ਕਰਦੀਆਂ ਹਨ। ਤਨਖਾਹ ਦਾ ਕਿੰਨਾ ਕੁ ਵਾਧਾ ਹੋਵੇਗਾ,  ਉਦਾਹਰਣ ਵੱਜੋਂ ਦੱਖਣੀ ਟਾਪੂ ਦੇ ਵਿਚ ਵਾਰਡ ਕਲਰਕ ਜਿਸ ਨੂੰ ਸਲਾਨਾ 48,740 ਡਾਲਰ ਮਿਲਦੇ ਸਨ ਹੁਣ 68,340 ਡਾਲਰ ਮਿਲਣਗੇ, ਜੋ ਕਿ 40% ਤੱਕ ਦਾ ਵਾਧਾ ਹੈ। ਔਕਲੈਂਡ ਦੇ ਕਲੀਨਿਕ ਕੋਡਰ ਹੁਣ 51,753 ਡਾਲਰ ਦੀ ਥਾਂ 69,340 ਡਾਲਰ ਪ੍ਰਾਪਤ ਕਰਨਗੇ ਜੋ ਕਿ 34% ਵਾਧਾ ਹੈ। ਹੈਲਥ ਰਿਕਾਰਡ ਕਲਰਕ ਹੁਣ 50,840 ਦੀ ਥਾਂ 57,630 ਡਾਲਰ ਤੱਕ ਪ੍ਰਾਪਤ ਕਰਨਗੇ। ਇਸ ਨਵੀਂ ਬਰਾਬਰ ਮਿਹਨਤਾਨਾ ਪ੍ਰਣਾਲੀ ਦੇ ਵਿਚ ਆ ਰਹੇ ਹਰ ਵਿਅਕਤੀ ਨੂੰ 2500 ਡਾਲਰ ਅਲੱਗ ਤੋਂ ਇਕਮੁਕਤ ਰਾਸ਼ੀ ਵੀ ਮਿਲੇਗੀ।
ਇਸ ਫੈਸਲੇ ਤੱਕ ਪਹੁੰਚਣ ਲਈ ਲਗਪਗ 4 ਸਾਲ ਦਾ ਸਮਾਂ ਲੱਗ ਗਿਆ ਹੈ, ਪਰ ਔਰਤਾਂ ਨੇ ਆਪਣੇ ਹੱਕ ਇਥੇ ਰੱਖ ਵਾਲੀ ਗੱਲ ਸਾਬਿਤ ਕਰ ਵਿਖਾਈ ਹੈ। ਕਈ ਯੂਨੀਅਨਾਂ, ਪਬਲਿਕ ਸਰਵਿਸ ਸੰਸਥਾਵਾਂ, ਨਰਸਿੰਗ ਜਥੇਬੰਦੀਆਂ ਅਤੇ ਹੋਰ ਕਾਮੇ ਇਸ ਹੱਕ ਵਾਸਤੇ ਕਾਫੀ ਸਮੇਂ ਤੋਂ ਸਰਕਾਰ ਨਾਲ ਵਾਰਤਾਲਾਪ ਵਿਚ ਸਨ। ਸਿਹਤ ਖੇਤਰ ਤੋਂ ਬਾਅਦ ਹੋਰ ਵੀ ਵੱਖ-ਵੱਖ ਖੇਤਰਾਂ ਦੇ ਵਿਚ ‘ਪੇਅ ਇਕੁਇਟੀ’ ਲਾਗੂ ਹੋਣ ਵਾਲੀ ਹੈ। 

Install Punjabi Akhbar App

Install
×