ਵੋਟਾਂ ਰਾਹੀਂ ਜਿੱਤ ਕੇ ਰਚਿਆ ਸੀ ਇਤਿਹਾਸ…ਪਰ….. ਰੁੱਸੇ-ਰੁੱਸੇ ਚੱਲ ਰਹੇ ਹਮਲਿਟਨ ਪੱਛਮੀ ਤੋਂ ਭਾਰਤੀ ਸਾਂਸਦ ਸ੍ਰੀ ਗੌਰਵ ਸ਼ਰਮਾ ਨੇ ਦਿੱਤਾ ਅਸਤੀਫਾ

-ਲੇਬਰ ਪਾਰਟੀ ਦੀ ਟਿਕਟ ਤੋਂ ਬਣੇ ਸੀ ਸਾਂਸਦ…

(ਆਕਲੈਂਡ):-ਨਿਊਜ਼ੀਲੈਂਡ ਦੇ ਵਿਚ ਵੋਟਾਂ ਰਾਹੀਂ ਚੋਣ ਜਿੱਤ ਕੇ ਸਾਂਸਦ ਬਨਣ ਵਾਲੇ ਹਿਮਾਚਲ ਮੂਲ ਦੇ ਭਾਰਤੀ ਸ੍ਰੀ ਗੌਰਵ ਸ਼ਰਮਾ ਨੇ 17 ਅਕਤੂਬਰ 2020 ਨੂੰ ਇਕ ਤਰ੍ਹਾਂ ਨਾਲ ਇਤਿਹਾਸ ਰਚਿਆ ਸੀ, ਸੰਸਦੀ ਸਹੁੰ ਸੰਸਕ੍ਰਿਤ ਭਾਸ਼ਾ ਵਿਚ ਚੁੱਕੀ ਸੀ, ਪਰ ਅੱਜ ਪੂਰੇ ਦੋ ਸਾਲ ਪੂਰੇ ਹੋਣ ਬਾਅਦ ਉਨ੍ਹਾਂ ਆਪਣਾ ਸੰਸਦੀ ਜੀਵਨ ਅਸਤੀਫਾ ਦੇ ਕੇ ਨਵਾਂ ਅਧਿਆਏ ਸ਼ੁਰੂ ਕਰਨ ਦਾ ਫੈਸਲਾ ਲਿਆ। ਉਹ ਹਮਿਲਟਨ ਪੱਛਮੀ ਹਲਕੇ ਤੋਂ ਚੋਣ ਜਿੱਤੇ ਸਨ। ਮੌਜੂਦਾ ਸਰਕਾਰ ਦੇ ਨਾਲ ਉਨ੍ਹਾਂ ਦੀ ਕਈ ਮਾਮਲਿਆਂ ਵਿਚ ਤਕਰਾਰ ਚੱਲ ਰਹੀ ਸੀ। ਉਨ੍ਹਾਂ ਨੂੰ ਪਾਰਟੀ ਦੇ ਕਾਕਸ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ 11 ਅਗਸਤ 2022 ਨੂੰ ਇਕ ਰਾਸ਼ਟਰੀ ਅਖਬਾਰ ਦੇ ਵਿਚ ਇਹ ਕਹਿ ਦਿੱਤਾ ਸੀ ਕਿ ਪਾਰਲੀਮੈਂਟ ਦੇ ਵਿਚ ਉਨ੍ਹਾਂ ਨਾਲ ਈਰਖਾ ਭਰਿਆ ਵਰਤਾਓ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਸਦੇ ਪਾਰਲੀਮੈਂਟ ਸਟਾਫ ਦੇ ਨਾਲ ਵੀ ਰਾਸ ਨਹੀਂ ਰਲ ਰਹੀ ਸੀ। ਉਨ੍ਹਾਂ ਨੂੰ ਗੁਪਤਤਾ ਅਤੇ ਆਪਣੇ ਸੰਸਦੀ ਸਾਥੀਆਂ ਦਾ ਵਿਸ਼ਵਾਸ਼ ਗੁਆਉਣ ਕਰਕੇ ਲੇਬਰ ਪਾਰਟੀ ਕਾਕਸ (ਬੈਠਕ ਦੱਲ) ਤੋਂ ਬਾਹਰ ਕਰ ਦਿੱਤਾ ਗਿਆ ਸੀ।
ਸ੍ਰੀ ਗੌਰਵ ਸ਼ਰਮਾ ਨੇ ਅਸਤੀਫੇ ਦਾ ਕਾਰਨ ਇਹ ਪ੍ਰਗਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਅਤੇ ਲੇਬਰ ਪਾਰਟੀ ਉਨ੍ਹਾਂ ਨੂੰ ਸੰਸਦ ਤੋਂ ਹਟਾਉਣ ਲਈ ਅਗਲੀਆਂ ਆਮ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਵਾਕਾ ਜੰਪਿੰਗ ਨਿਯਮ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈੈ, ਜੋ ਇਹ ਯਕੀਨੀ ਬਣਾਏਗਾ ਕਿ ਉਪ ਚੋਣ ਦੀ ਕੋਈ ਲੋੜ ਨਹੀਂ ਹੈ। ਵਾਕਾ ਜੰਪਿੰਗ ਬਿਲ 2018 ਵਿਚ ਪਾਸ ਹੋਇਆ ਸੀ ਕਿ ਜੇਕਰ ਚੁਣਿਆ ਹੋਇਆ ਸਾਂਸਦ ਪਾਰਟੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸਨੂੰ ਕਿਵੇਂ ਪਾਰਲੀਮੈਂਟ ਤੋਂ ਰੋਕਿਆ ਜਾ ਸਕਦਾ ਹੈ। ਉਸਨੂੰ ਪਾਰਲੀਮੈਂਟ ਵਿਚ ਪਹੁੰਚਣ ਲਈ ਦੁਬਾਰਾ ਜ਼ਿਮਣੀ ਚੋਣ ਰਾਹੀਂ ਆਉਣਾ ਪਵੇਗਾ। ਇਸ ਬਿਲ ਦੇ ਹੱਕ ਵਿਚ 63 ਵੋਟਾਂ ਪਈਆਂ ਸਨ ਅਤੇ ਵਿਰੋਧ ਵਿਚ 57।
ਸ੍ਰੀ ਸ਼ਰਮਾ ਨੇ ਆਪਣੀ ਪੋਸਟ ਵਿਚ ਲਿਖਿਆ ਹੈ ਕਿ ਮੈਨੂੰ ਗੰਭੀਰ ਚਿੰਤਾਵਾਂ ਹਨ ਕਿ ਇਸ ਗੁੰਝਲਦਾਰ ਕਦਮ ਦਾ ਮਤਲਬ ਹੈ ਕਿ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਛੇ ਮਹੀਨਿਆਂ ਤੱਕ ਹੈਮਿਲਟਨ ਪੱਛਮੀ ਦੇ ਲੋਕਾਂ ਦੀ ਸੰਸਦ ‘ਚ ਕੋਈ ਆਵਾਜ਼ ਨਹੀਂ ਹੋਵੇਗੀ। ਹਮਿਲਟਨ ਦੇ ਲੋਕਾਂ ਨੂੰ ਆਪਣੇ ਜਮਹੂਰੀ ਹੱਕਾਂ ਨੂੰ ਨਾ ਗੁਆਉਣ ਦਾ ਮੌਕਾ ਦੇਣ ਲਈ ਸੰਸਦ ਤੋਂ ਅਸਤੀਫ਼ਾ ਦੇਣ ਅਤੇ ਜ਼ਿਮਨੀ ਚੋਣ ਕਰਵਾਉਣ ਦਾ ਰਾਹ ਪੱਧਰਾ ਕੀਤਾ ਹੈ। ਸ਼ਰਮਾ ਨੇ ਕਿਹਾ ਕਿ ਉਹ ਉਪ-ਚੋਣਾਂ ਦੇ ਨਾਲ-ਨਾਲ ਇੱਕ ‘ਨਿਊ ਸੈਂਟਰਿਸਟ (ਕੇਂਦਰਵਾਦੀ) ਪਾਰਟੀ’ ਸ਼ੁਰੂ ਕਰਨ ਦਾ ਇਰਾਦਾ ਰੱਖਦੇ ਹਨ।
ਜਦੋਂ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਉਸ ਦੇ ਦਾਅਵੇ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਵਾਕਾ ਜੰਪਿੰਗ ਵਿਵਸਥਾਵਾਂ ਨੂੰ ਲਾਗੂ ਕਰਨ ਬਾਰੇ ਕੋਈ ਵਿਚਾਰ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਪਹਿਲਾਂ ਕਿਹਾ ਹੈ ਕਿ ਹਰੇਕ ਜ਼ਿਮਨੀ ਚੋਣ ‘ਤੇ ਟੈਕਸਦਾਤਾ ਦਾ ਅੰਦਾਜ਼ਨ 1 ਮਿਲੀਅਨ ਡਾਲਰ ਖ਼ਰਚ ਹੁੰਦਾ ਹੈ। ਲੇਬਰ ਲੀਡਰ ਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਜ਼ਿਮਨੀ ਚੋਣ ਸਮੇਂ ਅਤੇ ਪੈਸੇ ਦੀ ਬਰਬਾਦੀ ਹੋਵੇਗੀ, ਕਰਦਾਤਾ ਨੂੰ ਲੱਖਾਂ ਡਾਲਰਾਂ ਦਾ ਖ਼ਰਚਾ ਹੋਵੇਗਾ। ਪ੍ਰਧਾਨ ਮੰਤਰੀ ਆਰਡਰਨ ਨੇ ਸ਼ਰਮਾ ਨੂੰ ਇੱਕ ਸੁਤੰਤਰ ਤੌਰ ’ਤੇ ਸੰਸਦ ਵਿੱਚ ਰਹਿਣ ਦੀ ਅਪੀਲ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ‘ਵਾਕਾ ਜੰਪਿੰਗ’ ਟ੍ਰਿਗਰ ਨੂੰ ਖ਼ੁਦ ਸੰਸਦ ਤੋਂ ਬਾਹਰ ਧੱਕਣ ਦੀ ਕੋਈ ਯੋਜਨਾ ਨਹੀਂ ਸੀ। ਉਨ੍ਹਾਂ ਨੇ ਸ਼ਰਮਾ ਨੂੰ ਆਪਣੇ ਅਸਤੀਫ਼ੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਪ ਚੋਣ ਟੈਕਸਦਾਤਾਵਾਂ ਦੇ ਫ਼ੰਡਾਂ ਨੂੰ ਬਰਬਾਦ ਕਰੇਗੀ। ਉਹ ਜ਼ਿਮਨੀ ਚੋਣ ਸ਼ੁਰੂ ਕਰਵਾਉਣ ਲਈ ਟੈਕਸਦਾਤਾ ਦੇ ਲੱਖਾਂ ਡਾਲਰਾਂ ਦਾ ਬੇਲੋੜਾ ਖ਼ਰਚਾ ਕਰਵਾ ਰਿਹਾ ਹੈ, ਜਿਸ ’ਚ ਉਹ ਖੜੇ ਹੋਣ ਦਾ ਇਰਾਦਾ ਰੱਖਦਾ ਹੈ। ਅਸੀਂ ਇਸ ਨੂੰ ਬੇਲੋੜਾ ਅਤੇ ਫ਼ਜ਼ੂਲ ਸਮਝਦੇ ਹਾਂ ਕਿਉਂਕਿ 2023 ਵਿੱਚ ਆਮ ਚੋਣਾਂ ਹੋਣੀਆਂ ਹਨ।
ਸਾਂਸਦ ਸ਼ਰਮਾ ਨੇ ਲੇਬਰ ਕਾਕਸ ਤੋਂ ਕੱਢੇ ਜਾਣ ਤੋਂ ਬਾਅਦ ਆਜ਼ਾਦ ਸੰਸਦ ਮੈਂਬਰ ਵਜੋਂ ਕੰਮ ਕਰਨਾ ਜਾਰੀ ਰੱਖਿਆ ਸੀ। ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਮੰਗਲਵਾਰ ਨੂੰ ਹੀ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਅਤੇ ਨਵੀਂ ਸਿਆਸੀ ਪਾਰਟੀ ਬਣਾਉਣ ਦੀ ਯੋਜਨਾ ਬਣਾਈ ਹੈ। ਅਸਤੀਫ਼ਾ ਦੇਣ ਦੇ ਬਾਵਜੂਦ, ਸ਼ਰਮਾ ਨੇ ਕਿਹਾ ਕਿ ਉਹ ਜ਼ਿਮਨੀ ਚੋਣ ਜਿੱਤਣਾ ਚਾਹੁੰਦੇ ਹਨ ਅਤੇ ਹੈਮਿਲਟਨ ਵੈਸਟ ਲਈ ਇੱਕ ਆਜ਼ਾਦ ਸੰਸਦ ਮੈਂਬਰ ਵਜੋਂ ਦੁਬਾਰਾ ਸੰਸਦ ਵਿੱਚ ਪਰਤਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕੋਈ ਤਰੀਕਾ ਨਹੀਂ ਹੈ ਕਿ ਉਹ ਆਪਣੇ ਅਸਤੀਫ਼ੇ ’ਤੇ ਮੁੜ ਵਿਚਾਰ ਕਰਨਗੇ। ਸ਼ਰਮਾ ਨੇ ਕਿਹਾ ਕਿ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਰਾਹਤ ਮਹਿਸੂਸ ਹੋਈ ਹੈ।
ਸੋ ਵੋਟਾਂ ਰਾਹੀਂ ਜਿੱਤ ਕੇ ਭਾਵੇਂ ਸ੍ਰੀ ਗੌਰਵ ਸ਼ਰਮਾ ਨੇ ਇਤਿਹਾਸ ਸਿਰਜ ਦਿੱਤਾ ਸੀ, ਪਰ ਕਈ ਤਰ੍ਹਾਂ ਦੇ ਰੋਸਿਆਂ ਦੇ ਆਏ ਵਾਵਰੋਲਿਆਂ ਨੇ ਇਹ ਸੁਹਾਵਨਾ ਸਫਰ ਡਾਵਾਂਡੋਲ ਕਰ ਦਿੱਤਾ ਅਤੇ ਸਥਿਤੀ ਦੁਬਾਰਾ ‘ਏ’ ਤੋਂ ਸ਼ੁਰੂ ਕਰਨ ਤੱਕ ਜਾ ਪਈ।

Install Punjabi Akhbar App

Install
×