ਗੈਬਰੀਅਲ ਤੂਫਾਨ: 4 ਮੌਤਾਂ, ਸੈਂਕੜੇ ਘਰ ਤਬਾਹ, 564 ਪਰਿਵਾਰ ਅਸਥਾਈ ਘਰਾਂ ’ਚ, 1,60,000 ਬਿਨਾਂ ਬਿਜਲੀ ਤੋਂ

ਅਜੇ ਲੱਗ ਰਿਹਾ ਮੋਟਾ-ਮੋਟਾ ਹਿਸਾਬ: ਗੈਬਰੀਅਲ ਤੂਫਾਨੀ ਗੇੜੇ ਨੇ ਪਾਇਆ ਕਿੰਨਾ ਖਿਲੇਰਾ?

700 ਫੌਜੀ ਵੀ ਬਚਾਅ ਕਾਰਜਾਂ ’ਚ ਲਾਏ

(ਔਕਲੈਂਡ): ਚੱਕਰਵਾਤੀ ਤੂਫਾਨ ਗੈਬਰੀਅਲ ਨਿਊਜ਼ੀਲੈਂਡ ਦੀ ਧਰਤੀ ਦਾ ਦੋ ਦਿਨਾਂ ਤੂਫਾਨੀ ਤੇ ਗੜਬੜੀ ਵਾਲਾ ਗੇੜਾ ਦੇ ਕੇ ਵੱਡੇ ਖਿਲਾਰੇ ਪਾ ਕੇ ਤੁਰਦਾ ਬਣਿਆ। ਇਸ ਦੇ ਖਿਲੇਰੇ ਕਿੰਨੇ ਪਏ ਨੇ ਅਜੇ ਬਹੁਤ ਸਮਾਂ ਲੱਗਣਾ ਸਮੇਟਣ ਨੂੰ। ਸਰਕਾਰ ਅਤੇ ਹੋਰ ਏਜੰਸੀਆਂ ਇਸ ਦਾ ਮੋਟਾ-ਮੋਟਾ ਹਿਸਾਬ ਕਿਤਾਬ ਲਗਾਉਣ ਲੱਗੀਆਂ ਹਨ। ਅੱਜ ਪ੍ਰਧਾਨ ਮੰਤਰੀ ਸ੍ਰੀ ਕ੍ਰਿਸ ਹਿੱਪਕਿਨਜ਼ ਅਤੇ ਰਿਹਾਇਸ਼ੀ ਘਰਾਂ ਬਾਰੇ ਮੰਤਰੀ ਸ੍ਰੀਮਤੀ ਮੈਗਨ ਵੁੱਡ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਦੇਸ਼ ਨੂੰ ਮੀਡੀਆ ਰਾਹੀਂ ਜਾਣਕਾਰੀ ਦਿੱਤੀ। ਉਨ੍ਹਾਂ ਮੋਟਾ-ਮੋਟਾ ਹਿਸਾਬ ਕਿਤਾਬ ਲਾਉਂਦਿਆਂ ਦੱਸਿਆ ਕਿ ਇਸ ਵੇਲੇ ਤੱਕ ਚਾਰ ਮੌਤਾਂ ਹੋ ਚੁੱਕੀਆਂ ਹਨ। ਜਿਨ੍ਹਾਂ ਵਿਚ ਇਕ ਬੱਚਾ (ਨਾਰਥ ਨੇਪੀਅਰ) ਵੀ  ਹੈ ਅਤੇ ਇਕ ਫਾਇਰ ਫਾਈਟਰ ਵੈਟ ਡਾਕਟਰ ਵੀ ਸ਼ਾਮਿਲ ਹੈ। ਇਹ ਫਾਇਰ ਫਾਈਟਰ ਨਿਸ਼ਕਾਮ ਸੇਵਾ ਕਰਦਾ ਸੀ ਅਤੇ ਮੂਰੀਵਾਈ ਬੀਚ ਲਾਗੇ ਕਿਸੇ ਘਰ ਉਤੇ ਡਿੱਗੀ ਢਿੱਗ ਦੌਰਾਨ ਉਥੇ ਉਨ੍ਹਾਂ ਨੂੰ ਬਚਾਉਣ ਗਿਆ ਸੀ। ਹਾਕਸਬੇਅ ਵਿਖੇ ਹੋਰ ਜਾਨੀ ਨੁਕਸਾਨ ਹੋਣ ਦੀ ਸੰਭਾਵਨਾ ਹੈ। 564 ਪਰਿਵਾਰਾਂ ਨੂੰ ਅਸਥਾਈ ਤੌਰ ਉਤੇ ਘਰ ਦਿੱਤੇ ਗਏ ਹਨ। 1,60,000 ਲੋਕ ਅਜੇ ਬਿਜਲੀ ਤੋਂ ਬਿਨਾਂ ਰਹਿ ਰਹੇ ਹਨ। 1442 ਲੋਕ ਅਜਿਹੇ ਹਨ ਜਿਨ੍ਹਾਂ ਦਾ ਆਪਣੇ ਪਰਿਵਾਰਾਂ ਨਾਲ ਸੰਪਰਕ ਨਹੀਂ ਹੋ ਰਿਹਾ। 1100 ਲੋਕ ਜਿਹੜੇ ਪਹਿਲਾਂ ਕਿਤੇ ਗੁੰਮ ਲੱਗ ਰਹੇ ਸੀ, ਦੁਬਾਰਾ ਸੰਪਰਕ ਵਿਚ ਆ ਗਏ ਹਨ। ਕਈ ਛੋਟੇ-ਵੱਡੇ ਪੁੱਲ ਵੀ ਟੁੱਟ ਗਏ ਹਨ। ਕਈ ਸੀਜਨਲ ਕਾਮਿਆਂ ਨੇ ਛੱਤਾਂ ਉਤੇ ਚੜ੍ਹ ਕੇ ਆਪਣੀ ਜਾਨ ਬਚਾਈ ਹੈ, ਜਿਨ੍ਹਾਂ ਨੂੰ ਦੂਸਰੇ ਲੋਕਾਂ ਨੇ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਫਿਰ ਸੁਰੱਖਿਅਤ ਲਾਹਿਆ ਗਿਆ। ਪੂਰੇ ਦੇਸ਼ ਵਿਚ ਸੈਂਕੜੇ ਘਰੇਲੂ ਅਤੇ ਅੰਤਰਰਾਸ਼ਟਰੀ ਫਲਾਈਟਾਂ ਕੈਂਸਿਲ ਕਰਨੀਆਂ ਪਈਆਂ ਹਨ।  ਇਸ ਵੇਲੇ ਵੀ ਤੂਫਾਨ ਨਿਊਜ਼ੀਲੈਂਡ ਦੇ ਨਕਸ਼ੇ ਦੇ ਬਿਲਕੁਲ ਲਾਗੇ ਹੀ ਗੇੜੀਆਂ ਦਿੰਦਾ ਨਜ਼ਰ ਆ ਰਿਹਾ ਹੈ।