ਦਿਆਲੂ ਦਿਲ ਦੀ ਵਰਜਿਸ਼:  ਡਿੱਗਿਆ ਨੂੰ ਚੁੱਕ ਲਓ -ਹਫਤੇ ਤੋਂ ਗੁਰਦੁਆਰਾ ਸਾਹਿਬ ਹੇਸਟਿੰਗਜ਼ ਤੋਂ ਜਾਰੀ ਹੈ ਚੱਕਰਵਾਤ ਪੀੜਤਾਂ ਲਈ ਲੰਗਰ ਸੇਵਾ

(ਔਕਲੈਂਡ): ਇਕ ਬੁੱਧੀਜੀਵੀ ਅੰਗਰੇਜ਼ ਅਨੁਸਾਰ ‘‘ਥੱਲੇ ਡਿੱਗੇ ਲੋਕਾਂ ਨੂੰ ਉਪਰ ਚੁੱਕਣਾ ਦਿਲ ਦੀ ਸਭ ਤੋਂ ਵਧੀਆ ਵਰਜਿਸ਼ ਹੈ।’’ ਸਾਡੇ ਗੁਰੂਆਂ ਨੇ ਵੀ ਪਰ-ਉਪਕਾਰੀ ਬਣੇ ਰਹਿਣ ਦੀ ਸਿੱਖਿਆ ਦਿੱਤੀ ਹੋਈ ਹੈ ਅਤੇ ਸਿੱਖ ਸਮਾਜ ਭਾਂਵੇ ਕਿਤੇ ਵੀ ਵਸੇਬਾ ਰੱਖ ਰਿਹਾ ਹੋਵੇ, ਆਪਣਾ ਘਰ ਕਿਵੇਂ ਦਾ ਵੀ ਹੋਵੇ, ਪਰ ਦੂਜਿਆਂ ਦੇ ਘਰ-ਬਾਰ ਅਤੇ ਰੋਟੀ ਪਾਣੀ ਵੀ ਚਲਦਾ ਰਹੇ, ਸਬੰਧੀ ਜਦ ਵੀ ਲੋੜ ਪਈ ਨਿੱਜੀ ਤੌਰ ਉਤੇ ਅਤੇ ਜਾਂ ਸੰਸਥਾ ਦੇ ਤੌਰ ਉਤੇ ਸਾਹਮਣੇ ਆਇਆ ਹੈ। ਗੁਰਗੁਆਰਾ ਸਾਹਿਬ ਹੇਸਟਿੰਗਜ਼ ਵਿਖੇ ਲਗਪਗ ਇਕ ਹਫਤੇ ਤੋਂ ਰੋਜ਼ਾਨਾ ਲੰਗਰ ਦੀ ਸੇਵਾ ਜਾਰੀ ਹੈ। ਇਥੇ ਹਰ ਰੋਜ਼ 700 ਤੋਂ 800 ਤੱਕ ਖਾਣੇ ਦੇ ਡੱਬੇ ਤਿਆਰ ਕਰਕੇ ਸਿਵਲ ਡਿਫੈਂਸ ਦੀ ਸਹਾਇਤਾ ਨਾਲ ਵੱਖ-ਵੱਖ ਥਾਵਾਂ ’ਤੇ ਸੰਗਤਾਂ ਵੱਲੋਂ ਪਹੁੰਚਾਏ ਜਾ ਰਹੇ ਹਨ। ਗੁਰਦੁਆਰਾ ਸਾਹਿਬ ਦਾ ਰਾਗੀ ਜੱਥਾ ਇਸ ਸਾਰੇ ਕਾਰਜ ਵਿਚ ਅਤੇ ਨੌਜਵਾਨ ਵੀਰ ਆਪਣਾ ਵੱਡਾ ਯੋਗਦਾਨ ਲੰਗਰ ਪਹੁੰਚਾਉਣ ਵਿਚ ਪਾ ਰਹੇ ਹਨ।
ਗੁਰਦੁਆਰਾ ਸਾਹਿਬ ਨੇ ਅਜਿਹੇ ਸਮਾਜਿਕ ਕਾਰਜਾਂ ਦੇ ਲਈ ਇਕ ਵੱਖਰਾ ਖਾਤਾ ਵੀ ਖੋਲ੍ਹਿਆ ਹੋਇਆ ਹੈ, ਜਿੱਥੇ ਸੰਗਤ ਆਪਣਾ ਸਹਿਯੋਗ ਦੇ ਸਕਦੀ ਹੈ। ਲੰਗਰ ਤਿਆਰ ਕਰਨ ਵਾਸਤੇ ਸੰਗਤਾਂ ਖਾਸ ਕਰ ਬੀਬੀਆਂ ਵੀ ਆਪਣਾ ਸਹਿਯੋਗ ਦੇ ਸਕਦੀਆਂ ਹਨ। ਅਜਿਹੇ ਕਾਰਜ ਸੰਗਤ ਦੇ ਸਹਿਯੋਗ ਨਾਲ ਜਾਰੀ ਰਹਿੰਦੇ ਹਨ ਅਤੇ ਸੰਗਤਾਂ ਨੂੰ ਵੱਧ-ਚੜ੍ਹ ਕੇ ਸਹਿਯੋਗ ਦੀ ਅਪੀਲ ਵੀ ਕੀਤੀ ਗਈ ਹੈ।