ਚੱਕਰਵਾਤ ਗਿਆ-ਖਿਲਾਰਾ ਬਾਕੀ: ਤਿੰਨ ਦਿਨਾਂ ਖਰਾਬ ਮੌਸਮ ਨੇ ਹੁਣ ਤੱਕ 11 ਦੀ ਲਈ ਜਾਨ -ਹਜ਼ਾਰਾਂ ਅਜੇ ਬਿਨਾਂ ਸੰਪਰਕ ਤੋਂ

ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਲਈ ਵੀ ਰਾਹਤ ਕਾਰਜ ਜਾਰੀ

(ਔਕਲੈਂਡ): ਸਾਇਕਲੋਨ ਗੈਬਰੀਅਲ ਭਾਵੇਂ ਦੇਸ਼ ਤੋਂ ਬਾਹਰ ਨਿਕਲ ਗਿਆ ਹੈ, ਪਰ ਉਸਦਾ ਖਿਲਾਰਾ ਅਜੇ ਬਾਕੀ ਹੈ। ਹੁਣ ਤੱਕ ਮਰਨ ਵਾਲਿਆਂ ਦੀ ਸੰਖਿਆ 11 ਹੋ ਚੁੱਕੀ ਹੈ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿਚ ਉਹ ਲੋਕ ਨਾਲ ਜਿਨ੍ਹਾਂ ਦਾ ਸੰਪਰਕ ਸਰਕਾਰੀ ਏਜੰਸੀਆਂ ਨਾਲ ਨਹੀਂ ਹੋ ਰਿਹਾ। ਇਨ੍ਹਾਂ ਵਿਚੋਂ 9000 ਲੋਕ ਹਾਕਸ ਬੇਅ ਖੇਤਰ ਦੇ ਹਨ। 10 ਲੋਕ ਲਾਪਤਾ ਚੱਲ ਰਹੇ ਹਨ। ਹਾਕਸਬੇਅ ਅਤੇ ਤਾਇਰਾਬਿਟੀ ਖੇਤਰ ਦੇ ਵਿਚ ਰਾਹਤ ਕਾਰਜ ਜਾਰੀ ਹਨ। ਸਰਕਾਰ ਨੇ ਭਵਿੱਖ ਦੇ ਵਿਚ ਅਜਿਹੇ ਹਾਲਾਤਾਂ ਲਈ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਤੁਸੀਂ ਪਾਣੀ ਦਾ ਵਹਾਅ ਉਪਰ ਉਠਦਾ ਵੇਖਦੇ ਹੋ ਤਾਂ ਅਗਾਊਂ ਬਚਾਅ ਪ੍ਰਬੰਧ ਕਰ ਲਏ ਅਤੇ ਸਰਕਾਰੀ ਘੋਸ਼ਣਾ ਦੀ ਉਡੀਕ ਨਾ ਕਰੋ। ਜੇਕਰ ਤੁਹਾਡੇ ਖਾਣ ਵਾਲੇ ਭੋਜਨ ਦੇ ਨਾਲ ਹੜ੍ਹ ਵਾਲਾ ਪਾਣੀ ਰਲ ਗਿਆ ਹੋਵੇ ਤਾਂ ਉਸ ਭੋਜਨ ਨੂੰ ਨਾ ਖਾਓ ਅਤੇ ਨਾ ਹੀ ਹੜ੍ਹ ਦੇ ਪਾਣੀ ਨਾਲ ਰਲੇ ਆਮ ਪਾਣੀ ਨੂੰ ਪੀਓ। ਨਾਰਥਲੈਂਡ, ਔਕਲੈਂਡ, ਗਿਸਬੋਰਨ ਅਤੇ ਹਾਕਸਬੇਅ ਦੇ ਲਗਪਗ 10,000 ਲੋਕ ਅਜੇ ਵੀ ਬਿਨਾਂ ਬਿਜਲੀ ਤੋਂ ਜੀਵਨ ਨਿਰਬਾਹ ਕਰ ਰਹੇ ਹਨ।
ਚੋਰਾਂ ਨੇ ਆਪਣਾ ਸੂਤ ਲਾਇਆ ਤੇ ਸਾਮਾਨ ਆਪਣੇ ਖਾਤੇ ਵਿਚ ਰੋੜਿ੍ਹਆ: ਜਿੱਥੇ ਲੋਕ ਚੱਕਰਵਾਤ ਦੇ ਨੁਕਸਾਨ ਨਾਲ ਪੀੜਤ ਹਨ ਅਤੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਚਲੇ ਗਏ ਸਨ, ਉਥੇ ਸਰਗਰਮ ਚੋਰਾਂ ਨੇ ਆਪਣਾ ਸੂਤ ਲਾ ਕੇ ਸਮਾਨ ਚੋਰੀ ਕਰਨਾ ਸ਼ੁਰੂ ਕੀਤਾ ਹੋਇਆ ਹੈ। ਚੋਰਾਂ ਨੇ ਉਹ ਜਨਰੇਟਰ ਵੀ ਚੋਰ ਕਰ ਲਿਆ ਜਿਸ ਦੇ ਨਾਲ ਸੈਲਫੋਨ ਟਾਵਰ ਚਲਾਏ ਜਾ ਰਹੇ ਸਨ। ਗਿਸਬੌਰਨ ਦੇ ਵਿਚ 3-4 ਜਨਰੇਟਰ ਚੋਰੀ ਕੀਤੇ ਗਏ ਹਨ। ਕੁਝ ਥਾਵਾਂ ਉੇਤ ਇੰਟਰਨੈਟ ਪੂਰਾ ਨਾ ਹੋਣ ਕਰਕੇ ਲੋਕ ਐਫਟਪੌਸ, ਈਮੇਲ, ਨੈਟ ਸਰਫਿੰਗ ਅਤੇ ਨੈਟਫਲੈਕ ਆਦਿ ਦੀ ਵਰਤੋਂ ਤੋਂ ਵਾਂਝੇ ਚੱਲ ਰਹੇ ਹਨ।
ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਲਈ ਵੀ ਰਾਹਤ ਕਾਰਜ: ਸਰਕਾਰ ਅਤੇ ਗੈਰ ਸਰਕਾਰੀ ਏਜੰਸੀਆਂ ਲੋਕਾਂ ਨੂੰ ਰਾਹਤ ਵਾਸਤੇ ਕਾਰਜ ਕਰ ਰਹੀਆਂ ਹਨ। ਇਨਸਾਨਾਂ ਦੇ ਨਾਲ-ਨਾਲ ਚੱਕਰਵਾਤ ਦਾ ਸ਼ਿਕਾਰ ਹੋਏ ਪਾਲਤੂ ਜਾਨਵਰਾਂ ਦੇ ਲਈ ਵੀ ਰਾਹਤ ਕਾਰਜ ਜਾਰੀ ਹਨ, ਜੋ ਕਿ ਹੇਸਟਿੰਗਜ਼ ਦੇ ਰੇਸਕੋਰਸ ਵਿਖੇ ਹੋ ਰਹੇ ਹਨ। ਸੰਸਥਾ ਵੱਲੋਂ ਜਾਨਵਰਾਂ ਦੇ ਖਾਣੇ ਵਾਸਤੇ ਵੀ ਦਾਨ ਦੀ ਅਪੀਲ ਕੀਤੀ ਗਈ ਹੈ, ਜਿਸ ਦੇ ਵਿਚ ਘੋੜਿਆਂ ਦਾ ਖਾਣਾ, ਕੁੱਤਿਆਂ ਦਾ ਖਾਣਾ ਅਤੇ ਬਿੱਲੀਆਂ ਦਾ ਖਾਣਾ ਸ਼ਾਮਿਲ ਹੈ।