ਫੁੱਲਕਾਰੀ ਨਾਈਟ: ਰੌਣਕ ਮੇਲਾ ਜ਼ਿੰਦਗੀ ਦੀਆਂ ਫੁੱਲ ਪੱਤੀਆਂ ਦਾ -ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ‘ਫੁੱਲਕਾਰੀ ਨਾਈਟ’ 3 ਸਤੰਬਰ ਨੂੰ

ਮਹਿਲਾਵਾਂ ਦੇ ਇਸ ਮੇਲੇ ਵਿਚ ਹੋਵੇਗੀ ਫ੍ਰੀ ਐਂਟਰੀ

‘ਡੋਰ ਪਾਸ’ ਰਾਹੀਂ ਹੋਵੇਗਾ ਦਾਖਲਾ-ਹਾਲ ਦੀ ਸਮਰੱਥਾ ਰਹੇਗੀ 2500 ਤੱਕ

(ਔਕਲੈਂਡ): ਗ੍ਰਹਿਸਥ ਦੀਆਂ ਜ਼ਿੰਮੇਵਾਰੀਆਂ ਸੰਭਾਲਦੀਆਂ ਗ੍ਰਹਿਣੀਆਂ, ਵਿਦੇਸ਼ੀ ਵਸਦੀਆਂ ਧੀਆਂ, ਸੱਸਾਂ-ਬਹੂਆਂ ਦੇ ਲਈ ਵਿਦੇਸ਼ ਦੇ ਵਿਚ ਹੋਣ ਵਾਲੇ ਸਭਿਆਚਾਰਕ ਪ੍ਰੋਗਰਾਮ ਲੰਬਾ ਸਮਾਂ ਖੁਸ਼ੀਆਂ ਦਾ ਸਰੋਤ ਬਣਦੇ ਹਨ। ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਪੰਜਵਾਂ ਮਹਿਲਾ ਮੇਲਾ ਇਸ ਵਾਰ ਇਕ ਨਵੇਂ ਅਤੇ ਸਦਾ ਲਈ ਮੁਕੱਰਰ ਕੀਤੇ ਜਾ ਰਹੇ ਨਾਂਅ ‘ਫੁੱਲਕਾਰੀ ਨਾਈਟ’ ਸਿਰਲੇਖ ਹੇਠ 3 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਕਰਵਾਇਆ ਜਾ ਰਿਹਾ ਹੈ। ਫੁੱਲਕਾਰੀ ਦੇ ਜੇਕਰ ਅੱਖਰੀ ਅਰਥ ਵੇਖਣੇ ਹੋਣ ਤਾਂ ਫੁੱਲ ਪੱਤੀਆਂ ਹੁੰਦਾ ਹੈ, ਪਰ ਜ਼ਿੰਦਗੀ ਦੇ ਵਿਚ ਵੀ ਰੌਣਕਾਂ ਭਰਿਆ ਸਮਾਂ ਫੁੱਲ ਪੱਤੀਆਂ ਤੋਂ ਘੱਟ ਨਹੀਂ ਹੁੰਦਾ। ਫੁੱਲਕਾਰੀ ਪੰਜਾਬਣ ਮਹਿਲਾ ਦੇ ਸਭਿਆਚਾਰਕ ਅਤੇ ਸਭਿਅਕ ਪਹਿਰਾਵੇ ਦੀ ਪ੍ਰਤੀਕ ਵੀ ਹੈ। ਫੁੱਲਕਾਰੀ ਸ਼ਬਦ ਜ਼ਿਹਨ ਦੇ ਵਿਚ ਆਉਂਦਿਆਂ ਹੀ ਖੁਸ਼ੀ ਭਰੇ ਸਮਾਗਮ, ਸ਼ਗਨ, ਵਿਆਹ, ਵਿਆਹ ਵਾਲੇ ਗੀਤ ਅਤੇ ਹੋਰ ਬਹੁਤ ਕੁਝ ਰਵਾਇਤਾ ਅੱਖਾਂ ਸਾਹਮਣੇ ਆ ਜਾਂਦਾ ਹੈ। ਮਾਲਵਾ ਸਪੋਰਟਸ ਕਲੱਬ ਨੇ ਸ਼ਬਦ ‘ਫੁੱਲਕਾਰੀ’ ਦੇ ਨਾਂਅ ਨਾਲ ਇਸ ਰਵਾਇਤ ਨੂੰ ਤੋਰਨ ਦੀ ਸ਼ੁਰੂਆਤ ਕਰਕੇ ਸਭਿਆਚਾਰ ਨਾਲ ਆਪਣੀ ਗੰਢ ਹੋਰ ਪੀਡੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਅੱਜ ‘ਲਵ ਪੰਜਾਬ’ ਰੈਸਟੋਰੈਂਟ ਮੈਨੁਵਰੇਵਾ ਵਿਖੇ ਇਕ ਭਰਵੇਂ ਸਮਾਗਮ ਦੇ ਵਿਚ ‘ਫੁੱਲਕਾਰੀ ਨਾਈਟ’ ਦਾ ਰੰਗਦਾਰ ਪੋਸਟਰ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੇ ਸਮੂਹ ਮੈਂਬਰਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੇ ਪੰਜਾਬੀ ਮੀਡੀਆ ਕਰਮੀਆਂ ਦੀ ਹਾਜ਼ਰੀ ਵਿਚ ਜਾਰੀ ਕੀਤਾ। ਇਕੱਤਰ ਮਹਿਲਾਵਾਂ ਨੇ ਜਿੱਥੇ ਬੋਲੀਆਂ ਪਾ ਕੇ ਪੋਸਟਰ ਜਾਰੀ ਕੀਤਾ ਉਥੇ ਨਿਊਜ਼ੀਲੈਂਡ ਵਸਦੀਆਂ ਸਮੂਹ ਭਾਰਤੀ ਮਹਿਲਾਵਾਂ ਨੂੰ 3 ਸਤੰਬਰ ਨੂੰ ਇਸ ਫੁੱਲਕਾਰੀ ਨਾਈਟ ਦੇ ਵਿਚ ਸ਼ਾਮਿਲ ਹੋਣ ਲਈ ਵੀ ਬੇਨਤੀ ਕੀਤੀ।
 3 ਸਤੰਬਰ ਸ਼ਾਮ 6 ਵਜੇ ਤੋਂ ਦੇਰ ਰਾਤ ਚੱਲਣ ਵਾਲੇ ਇਸ ਫੁੱਲਕਾਰੀ ਨਾਈਟ (ਮਹਿਲਾ ਮੇਲੇ) ਦੇ ਵਿਚ ਦਾਖਲਾ ਬਿਲਕੁਲ ਮੁਫਤ ਹੋਵੇਗਾ। ਮੇਲੇ ਵਿਚ ਵੱਖ-ਵੱਖ ਤਰ੍ਹਾਂ ਦੀਆਂ ਸਟੇਜ ਵੰਨਗੀਆਂ ਜਿਵੇਂ ਗਿੱਧਾ ਭੰਗੜਾ ਹੋਣਗੇ ਉਪਰੰਤ ਖੁੱਲ੍ਹੇ ਪੰਡਾਲ ਦੇ ਵਿਚ ਡੀ. ਜੇ. ਉਤੇ ਗੀਤ-ਸੰਗੀਤ ਦਾ ਮਾਹੌਲ ਸਿਰਜਿਆ ਜਾਵੇਗਾ ਤਾਂ ਕਿ ਹਰ ਕੋਈ ਖੁੱਲ੍ਹੇ ਵਿਹੜੇ ਦੇ ਵਿਚ ਸੰਗੀਤਕ ਧੁਨਾਂ ਉਤੇ ਆਪਣੇ ਮਨ ਪ੍ਰਚਾਵੇ ਦੇ ਵਾਸਤੇ ਨੱਚ ਸਕੇ ਅਤੇ ਰੌਣਕਾਂ ਨੂੰ ਹੋਰ ਵਧਾਵੇ। ਭਾਗ ਲੈਣ ਵਾਲੀਆਂ ਮਹਿਲਾਵਾਂ ਦੇ ਲਈ ਕਈ ਤਰ੍ਹਾਂ ਦੇ ਲੱਕੀ ਡ੍ਰਾਅ ਰਹਿਣਗੇ ਅਤੇ ਇਨਾਮ ਨਿਕਲਣਗੇ। ਇਨਾਮਾਂ ਦੇ ਵਿਚ ਫੁੱਲਕਾਰੀਆਂ ਵੀ ਸ਼ਾਮਿਲ ਰਹਿਣਗੀਆਂ।
ਅੱਜ ਪੋਸਟਰ ਸਮਾਰੋਹ ਦੇ ਵਿਚ ਬੋਲਦਿਆਂ ਕਲੱਬ ਦੇ ਪ੍ਰਧਾਨ ਸ. ਜਗੀਦਪ ਸਿੰਘ ਵੜੈਚ ਨੇ ਪਹੁੰਚੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਆ ਰਹੀ ਫੁੱਲਕਾਰੀ ਨਾਈਟ ਸਬੰਧੀ ਜਾਣਕਾਰੀ ਸਾਂਝੀ ਕੀਤੀ। ਮਹਿਲਾਵਾਂ ਦੇ ਇਸ ਮੇਲੇ ਵਿਚ ਦਾਖਲਾ ਮੁਫਤ ਰਹੇਗਾ ਪਰ ਮੁੱਖ ਦਰਵਾਜ਼ੇ ਉਤੇ ਵਿਸ਼ੇਸ਼ ਐਂਟਰੀ ਪਾਸ ਦਿੱਤੇ ਜਾਣਗੇ। ਹਾਲ ਦੀ ਸਮਰੱਥਾ 2500 ਹੋਣ ਕਰਕੇ ਇਸ ਤੋਂ ਵੱਧ ਦਾਖਲਾ ਨਹੀਂ ਹੋ ਸਕੇਗਾ ਇਸ ਕਰਕੇ ਸਾਰੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਆ ਕੇ ਆਪਣੇ ਐਂਟਰੀ ਪਾਸ ਪ੍ਰਾਪਤ ਕਰਨ। ਹਾਲ ਭਰਨ ਉਤੇ ਦਾਖਲਾ ਬੰਦ ਕਰ ਦਿੱਤਾ ਜਾਵੇਗਾ। ਆਏ ਸਾਰੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਗਿਆ।

Install Punjabi Akhbar App

Install
×