ਉਡਾਣਾ ਸ਼ੁਰੂ-ਆਇਆ ਸੁੱਖ ਦਾ ਸਾਹ: ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾ ਦੀ ਆਵਾਜਾਈ ਸ਼ੁਰੂ-ਕਈ ਅਜੇ ਕੈਂਸਲ ਤੇ ਸਮਾਂ ਤਬਦੀਲ

ਦੋ ਦਿਨਾਂ ਦੇ ਫਸੇ ਯਾਤਰੀ ਆਪਣੇ-ਆਪਣੇ ਘਰਾਂ ਵੱਲ ਪਰਤੇ

ਔਕਲੈਂਡ, 29 ਜਨਵਰੀ, 2023: (16 ਮਾਘ, ਨਾਨਕਸ਼ਾਹੀ ਸੰਮਤ 554):-ਸ਼ੁੱਕਰਵਾਰ ਬਾਅਦ ਦੁਪਹਿਰ ਭਾਰੀ ਮੀਂਹ ਦੇ ਖਲਜਗਣ ਪਾਉਣ ਕਰਕੇ ਔਕਲੈਂਡ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਅੰਤਰਰਾਸ਼ਟਰੀ ਉਡਾਣਾਂ ਦੇ ਲਈ ਮਜਬੂਰਨ ਬੰਦ ਕਰਨਾ ਪਿਆ ਸੀ। ਬੰਦ ਤਾਂ ਘਰੇਲੂ ਹਵਾਈ ਅੱਡਾ ਵੀ ਹੋਇਆ ਸੀ, ਪਰ ਉਹ ਜਲਦੀ ਅਗਲੇ ਹੀ ਦਿਨ ਸ਼ੁਰੂ ਕਰ ਦਿੱਤਾ ਗਿਆ ਸੀ, ਪਰ ਅੰਤਰਰਾਸ਼ਟਰੀ ਉਡਾਣਾ ਦਾ ਔਖਾ ਹੋ ਗਿਆ ਸੀ। ਲਗਾਤਾਰ 100 ਦੇ ਕਰੀਬ ਔਕਲੈਂਡ ਹਵਾਈ ਅੱਡੇ ਦੇ ਸਟਾਫ ਅਤੇ ਵਲੰਟੀਅਰਜ਼ ਵੱਲੋਂ ਚੱਲੇ ਸਾਫ ਸਫਾਈ ਅਭਿਆਨ ਤੋਂ ਬਾਅਦ ਅਤੇ ਤਕਨੀਕੀ ਨੁਕਸਾਂ ਨੂੰ ਠੀਕ ਕਰਦਿਆਂ ਜਿਵੇਂ ਰੱਨ ਵੇਅ ਲਾਈਟਾਂ ਆਦਿ ਤੋਂ ਬਾਅਦ ਅੱਜ ਦੁਬਾਰਾ ਅੰਤਰਾਸ਼ਟਰੀ ਹਵਾਈ ਉਡਾਣਾ ਸ਼ੁਰੂ ਹੋ ਗਈਆਂ ਹਨ। ਫੀਜ਼ੀ ਤੋਂ ਪਹਲਿੀ ਫਲਾਈਟ ਸਵੇਰੇ 10.45 ਅਤੇ ਲੈਂਡ ਕਰ ਗਈ ਸੀ। ਸ਼ਾਮ 3.30 ਤੱਕ ਦਰਜਨਾਂ ਹੋਰ ਫਲਾਈਟਾਂ ਵੀ ਇਥੇ ਲੈਂਡ ਕਰ ਗਈਆਂ ਸਨ। ਇਸੀ ਤਰ੍ਹਾਂ ਇਥੋਂ ਉਡਾਣ ਭਰਨ ਵਾਲੀਆਂ ਫਲਾਈਟਾਂ ਵੀ ਸ਼ਾਮ 3.30 ਤੱਕ ਦਰਜਨ ਤੋਂ ਵੱਧ ਹੋ ਗਈਆਂ ਸਨ। ਜਿਹੜੀਆਂ ਫਲਾਈਟਾਂ ਕੈਂਸਲ ਅਤੇ ਨਵੇਂ ਟਾਈਮ ਟੇਬਲ ਦੇ ਹਿਸਾਬ ਨਾਲ ਸੈਟ ਹੋ ਰਹੀਆਂ ਹਨ, ਨੂੰ ਦੁਬਾਰਾ ਲਾਈਨ ਉਤੇ ਸਾਰਾ ਕੰਮ ਲਿਆਉਣ ਦੇ ਲਈ ਅਜੇ ਹੋਰ ਲੰਬਾ ਸਮਾਂ ਲੱਗਾ ਹੈ, ਪਰ ਆਵਾਜਾਈ ਖੁੱਲ੍ਹ ਗਈ ਹੈ। ਹਵਾਈ ਅੱਡੇ ਉਤੇ ਕੰਮ ਕਰਨ ਵਾਲਿਆਂ ਦੇ ਲਈ ਖਾਣਾ ਅਤੇ 500 ਕੰਬਲ ਅਤੇ ਪਾਣੀ ਆਦਿ ਦਾ ਪ੍ਰਬੰਧ ਲੋਕਾਂ ਵੱਲੋਂ ਕੀਤਾ ਗਿਆ। ਹੁਣ ਲੋਕ ਆਪਣੇ-ਆਪਣੇ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ ਹਨ ਅਤੇ ਉਨ੍ਹਾਂ ਸੁੱਖ ਦਾ ਸਾਹ ਲਿਆ ਹੈ।