ਨਿਊਜ਼ੀਲੈਂਡ ਆਮ ਚੋਣਾਂ-2014: ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਲੇਬਰ ਪਾਰਟੀ ਨੇਤਾ ਡੇਵਿਡ ਕਨਲਿਫ ਨੇ ਸੰਗਤਾਂ ਨੂੰ ਸੰਬੋਧਨ ਕੀਤਾ

NZ PIC 31 Augg-3 lr

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਜੇ ਅੱਜ ਹਫਤਾਵਾਰੀ ਦੀਵਾਨ ਦੇ ਵਿਚ ਭਾਰੀ ਗਿਣਤੀ ਦੇ ਵਿਚ ਸੰਗਤਾਂ ਪੁੱਜੀਆਂ। ਇਸ ਮੌਕੇ ਅਖੰਠ ਪਾਠ ਦੇ ਭੋਗ ਪਾਏ ਗਏ ਉਪਰੰਤ ਸਜੇ ਦੀਵਾਨ ਦੇ ਵਿਚ ਪਹਿਲਾਂ ਅਖੰਡ ਕੀਰਤਨੀ ਜਥਿਆਂ, ਫਿਰ ਬੱਚਿਆਂ ਅਤੇ ਅੰਤ ਰਾਗੀ ਸਿੰਘ ਭਾਈ ਗੁਰਜੀਤ ਸਿੰਘ ਸਮਰਾਏ, ਭਾਈ ਹਰਦੀਪ ਸਿੰਘ (ਸਿੰਬਲੀ) ਅਤੇ ਭਾਈ ਦਿਲਬਾਗ ਸਿੰਘ ਦੇ ਜੱਥੇ ਨੇ ਸ਼ਬਦ ਕੀਰਤਨ ਗਾਇਨ ਕੀਤਾ। ਨਿਊਜ਼ੀਲੈਂਡ ਦੇ ਵਿਚ ਆਮ ਚੋਣਾਂ ਦੇ ਚਲਦਿਆਂ ਇਥੇ ਦੀਆਂ ਰਾਜਸੀ ਪਾਰਟੀਆਂ ਭਾਰਤੀ ਭਾਈਚਾਰੇ ਦੇ ਨਾਲ ਆਪਣਾ ਤਾਲਮੇਲ ਵਧਾ ਰਹੀਆਂ ਹਨ। ਇਸੇ ਦੇ ਮੱਦੇ ਨਜ਼ਰ ਅੱਜ ਨਿਊਜ਼ੀਲੈਂਡ ਦੀ ਸੰਸਦ ਵਿਚ ਵਿਰੋਧੀ ਧਿਰ ਵਜੋਂ ਵਿਚਰਦੀ ‘ਲੇਬਰ ਪਾਰਟੀ’ ਦੇ ਨੇਤਾ ਸ੍ਰੀ ਡੇਵਿਡ ਕਨਲਿਫ ਆਪਣੇ ਰਾਜਸੀ ਸਾਥੀਆਂ ਤੇ ਸਥਾਨਕ ਉਮੀਦਵਾਰਾਂ ਸ੍ਰੀ ਫਿੱਲ ਗੌਫ, ਪ੍ਰਿਅੰਕਾ ਰਾਧੇਕ੍ਰਿਸ਼ਨਨ, ਸੰਨੀ ਕੋਸ਼ਿਲ, ਜੀਰੋਮ ਮੀਕਾ, ਲੁਈਸਾ ਵਾਲ ਅਤੇ ਟੌਫਿਕ ਮਾਮੇਡੋਵ ਦੇ ਨਾਲ ਪਹੁੰਚੇ। ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਸ. ਰਜਿੰਦਰ ਸਿੰਘ ਨੇ ਆਈਆਂ ਸੰਗਤਾਂ ਅਤੇ ਲੇਬਰ ਪਾਰਟੀ ਨੇਤਾਵਾਂ ਨੂੰ ਜੀ ਆਇਆ ਆਖਿਆਂ। ਸੁਸਾਇਟੀ ਦੇ ਲੀਗਲ ਅਡਵਾਈਜ਼ਰ ਸ੍ਰੀ ਮੈਟ ਰੌਬਸਨ (ਸਾਬਕਾ ਕੇਂਦਰੀ ਮੰਤਰੀ) ਨੇ ਆਪਣੇ ਸੰਖੇਪ ਭਾਸ਼ਣ ਬਾਅਦ ਸ੍ਰੀ ਡੇਵਿਡ ਕਨਲਿਫ ਨੂੰ ਸੰਗਤਾਂ ਸਾਹਮਣੇ ਆਪਣੇ ਵਿਚਾਰ ਰੱਖਣ ਲਈ ਕਿਹਾ। ਸ੍ਰੀ ਡੇਵਿਡ ਕਨਲਿਫ ਨੇ ਸਭ ਤੋਂ ਪਹਿਲਾਂ ਪੰਜਾਬੀ ਦੇ ਵਿਚ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ’। ਸ਼ੁਰੂਆਤੀ ਸ਼ਬਦਾਂ ਵਿਚ ਉਨ੍ਹਾਂ ਸਿੱਖ ਧਰਮ, ਪੰਜ ਕਾਕਾਰਾਂ ਬਾਰੇ ਅਤੇ ਉਚ ਸੰਸਕਾਰਾਂ ਨੂੰ ਸਲਾਹਿਆ ਅਤੇ ਕਿਹਾ ਕਿ ਉਹ ਨਿਊਜ਼ੀਲੈਂਡ ਦੇ ਵਿਚ ਹਰ ਕਮਿਊਨਿਟੀ ਨੂੰ ਪੂਰਾ ਸਤਿਕਾਰ ਦਿੰਦੇ ਹਨ। ਸਿੱਖਾਂ ਬਾਰੇ ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਨਿਊਜ਼ੀਲੈਂਡ ‘ਚ ਸਿੱਖ ਲਗਪਗ ਸਵਾ ਸੌ ਸਾਲ ਤੋਂ ਰਹਿ ਰਹੇ ਹਨ ਅਤੇ ਇਥੇ ਦੇ ਅਰਥਚਾਰੇ ਤੇ ਸਮਾਜਿਕ ਭਾਈਵਾਲੀ ਵਿਚ ਉਨ੍ਹਾਂ ਦਾ ਖਾਸ ਯੋਗਦਾਨ ਹੈ। ਸਮਾਪਤੀ ਉਪਰੰਤ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਹਾਲ ਦੇ ਵਿਚ ਇਕ ਸੰਖੇਪ ਮਿਲਣੀ ਰੱਖੀ ਗਈ ਜਿਥੇ ਸਾਰੇ ਉਮੀਦਵਾਰਾਂ ਨੇ ਆਪਣੇ-ਆਪਣੇ ਬਾਰੇ ਜਾਣਕਾਰੀ ਦਿੱਤੀ ਅਤੇ ਪਾਰਟੀ ਨੀਤੀਆਂ ਨੂੰ ਆਉਣ ਵਾਲੇ ਸਮੇਂ ਵਿਚ ਲਾਗੂ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਬੋਲਦਿਆਂ ਸ੍ਰੀ ਡੇਵਿਡ ਕਨਲਿਫ ਨੇ ਕਿਹਾ ਕਿ ਅਗਲੀ ਵਾਰ ਉਹ ਜਿਆਦਾ ਸਮਾਂ ਕੱਢ ਕੇ ਗੁਰਦੁਆਰਾ ਸਾਹਿਬ ਆਉਣਗੇ। ਸ੍ਰੀ ਫਿੱਲ ਗੌਫ ਨੇ ਕਿਹਾ ਕਿ ਸਿੱਖਾਂ ਨੂੰ ਕੁੱਝ ਥਾਵਾਂ ਉਤੇ ਕਿਰਪਾਨ ਪਹਿਨਣ ਦੇ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਉਨ੍ਹਾਂ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਸਰਕਾਰ ਆਉਣ ਉਤੇ ਉਸਨੂੰ ਪਹਿਲ ਦੇ ਅਧਾਰ ਉਤੇ ਵਿਚਾਰ ਕਰਕੇ ਹੱਲ ਕਰ ਲਿਆ ਜਾਵੇਗਾ। ਇਸ ਸੰਖੇਪ ਮਿਲਣੀ ਦੇ ਵਿਚ ਲਿਸਟ ਉਮੀਦਵਾਰ ਸ੍ਰੀ ਸੰਨੀ ਕੌਸ਼ਿਲ, ਸ੍ਰੀਮਤੀ ਰਾਧਾ ਕ੍ਰਿਸ਼ਨਨ, ਲੁਈਸਾ ਵਾਲ ਅਤੇ ਸ੍ਰੀ ਮੀਕਾ ਨੇ ਵੀ ਸੰਬੋਧਨ ਕੀਤਾ।

Install Punjabi Akhbar App

Install
×