ਮੁਰਗੀਆਂ ਨੂੰ ਪਿੰਜਰਿਆਂ ਵਿਚ ਕੈਦ ਕਰ ਅੰਡਿਆਂ ਦਾ ਉਤਪਾਦਨ ਗੈਰ ਕਾਨੂੰਨੀ

ਨਵੀਂ ਨਿਯਮਾਂ ਤਹਿਤ ‘ਕਲੋਨੀ ਕੇਜ਼’ ਵਿਚ ਅਜੇ ਰੱਖੀਆਂ ਜਾ ਸਕਣਗੀਆਂ ਅੰਡੇ ਦੇਣ ਵਾਲੀਆਂ ਮੁਰਗੀਆਂ, 2027 ਵਿਚ ਸਿਰਫ ‘ਕੇਜ਼ ਫ੍ਰੀ’ ਅੰਡੇ ਵਿਕਣਗੇ

(ਔਕਲੈਂਡ, 27 ਦਸੰਬਰ, 2022: (12 ਪੋਹ, ਨਾਨਕਸ਼ਾਹੀ ਸੰਮਤ 554): ਪਸ਼ੂ-ਪੰਛੀਆਂ ਦਾ ਵੀ ਆਪਣਾ ਜੀਵਨ ਹੈ, ਕੀ ਹੋਇਆ ਜੇਕਰ ਉਹ ਬੇਜ਼ੁਬਾਨੇ ਹਨ, ਉਨ੍ਹਾਂ ਨੂੰ ਵੀ ਆਜ਼ਾਦ ਤੌਰ ਉਤੇ ਜ਼ਿੰਦਗੀ ਜੀਉਣ ਦਾ ਹੱਕ ਹੋਣਾ ਚਾਹੀਦਾ ਹੈ। ਨਿਊਜ਼ੀਲੈਂਡ ਦੀ ਸੰਸਥਾ ‘ਸੇਫ ਫਾਰ ਐਨੀਮਲਜ਼’ ਅਜਿਹੇ ਬਹੁਤ ਸਾਰੇ ਕਾਰਜ ਕਰ ਰਹੀ ਹੈ ਜਿੱਥੇ ਜਾਨਵਰਾਂ ਅਤੇ ਪਸ਼ੂਆਂ ਦੀ ਭਲਾਈ ਵਾਸਤੇ ਕੰਮ ਕੀਤੇ ਜਾਂਦੇ ਹਨ। ਨਿਊਜ਼ੀਲੈਂਡ ਸਰਕਾਰ ਨੇ 2012 ਦੇ ਵਿਚ ਐਲਾਨ ਕੀਤਾ ਸੀ ਕਿ ਮੁਰਗੀਆਂ ਦੇ ਅੰਡਿਆਂ ਲਈ ਮੁਰਗੀਆਂ ਨੂੰ ਤੰਗ ਪਿੰਜਰਿਆਂ ਦੇ ਵਿਚ ਨਾ ਰੱਖਿਆ ਜਾਵੇ। ਇਸ ਸਾਲ ਦੇ ਅੰਤ ਤੱਕ ਦਾ ਸਮਾਂ ਸੀ ਤਾਂ ਕਿ ਇਸਦੇ ਬਦਲਵੇਂ ਪ੍ਰਬੰਧ ਹੋ ਜਾਣ। ਹੁਣ 31 ਦਸੰਬਰ ਤੋਂ ਬਾਅਦ ਜਿਹੜੇ ਦੁਕਾਨਦਾਰ ਪਿੰਜਰੇ ਵਾਲੇ ਅੰਡੇ ਵੇਚਦੇ ਸਨ, ਉਹ ਨਹੀਂ ਵੇਚ ਸਕਣਗੇ। ਇਸਦੇ ਬਦਲ ਵਿਚ ਅਜੇ ਸਰਕਾਰ ਨੇ ਕਿਹਾ ਹੈ ਕਿ ਮੁਰਗੀਆਂ ਦੇ ਛੋਟੇ-ਛੋਟੇ ਝੁੰਡ ਬਣਾਏ ਜਾ ਸਕਦੇ ਹਨ ਜਿਸ ਦੇ ਵਿਚ 60 ਮੁਰਗੀਆਂ ਹੋ ਸਕਦੀਆਂ ਹਨ। ਇਨ੍ਹਾਂ ਦੇ ਜੀਵਨ ਨਿਰਬਾਹ ਲਈ ਕਈ ਹੋਰ ਸਹੂਲਤਾਂ ਮੁਰਗੀਆਂ ਦੇ ਪਿੰਡ (ਕਲੋਨੀ ਕੇਜ਼) ਦੇ ਵਿਚ ਸ਼ਾਮਿਲ ਕਰਨੀਆਂ ਹੋਣਗੀਆਂ। ਇਥੋਂ ਤੱਕ ਮੁਰਗੀਆਂ ਦੇ ਪੰਜੇ ਰੱਖਣ ਵਾਸਤੇ ਰਬੜ ਦੇ ਮੈਟ ਅਤੇ ਫਰ ਖਿਲਾਰਨ ਵਾਸਤੇ ਲੋੜੀਂਦੀ ਥਾਂ ਦੇਣ ਦੀ ਸਹੂਲਤ ਰੱਖੀ ਜਾਵੇਗੀ। ਇਕ ਮੁਰਗੀ ਦੇ ਲਈ ਲਗਪਗ ਏ-4 ਕਾਗਜ਼ ਆਕਾਰ  ਦੀ ਥਾਂ ( 750 ਵਰਗ ਸੈਂਟੀਮੀਟਰ) ਲਾਜ਼ਮੀ ਹੋਵੇਗੀ।
2027 ਦੇ ਵਿਚ ਇਹ ਪ੍ਰਣਾਲੀ ਵੀ ਖਤਮ ਹੋ ਜਾਵੇਗੀ ਅਤੇ ਸਿਰਫ ਖੁੱਲ੍ਹੇ ਥਾਵਾਂ ਵਿਚ ਰੱਖੀਆਂ ਮੁਰਗੀਆਂ ਦੇ ਅੰਡੇ ਹੀ ਵੇਚੇ ਜਾ ਸਕਣਗੇ। ਨਿਊਜ਼ੀਲੈਂਡ ਦੇ ਵਿਚ ਇਸ ਵੇਲੇ 39 ਲੱਖ 40 ਹਜ਼ਾਰ ਮੁਰਗੀਆਂ ਹਨ ਜਿਨ੍ਹਾਂ ਵਿਚੋਂ ਲਗਪਗ 27 ਲੱਖ  40 ਹਜ਼ਾਰ ਮੁਰਗੀਆਂ ਪਿੰਜਰੇ ਵਿਚ ਹੀ ਆਪਣਾ ਜੀਵਨ ਗੁਜ਼ਾਰ ਦਿੰਦੀਆਂ ਹਨ। ਇਥੋਂ ਤੱਕ ਕਿ ਆਪਣੇ ਫਰ (ਪੰਖ) ਵੀ ਨਹੀਂ ਖਿਲਾਰ ਸਕਦੀਆਂ। ਅਜਿਹੇ ਨਿਯਮਾਂ ਦੇ ਪਰਿਵਰਤਨ ਦੇ ਚਲਦਿਆਂ ਨਿਊਜ਼ੀਲੈਂਡ ਦੇ ਵਿਚ ਅੰਡਿਆ  ਦਾ ਕਾਲ ਪੈ ਚੁੱਕਾ ਹੈ। ਜਿਹੜੀ ਟ੍ਰੇਅ 6-7 ਡਾਲਰ ਦੀ ਆਉਂਦੀ ਸੀ, ਉਹ 20 ਡਾਲਰ ਤੱਕ ਵਿਕ ਚੁੱਕੀ ਹੈ। ਵੱਡੀਆਂ-ਵੱਡੀਆਂ ਸੁਪਰ ਮਾਰਕੀਟਾਂ ਦੇ ਵਿਚ ਵੀ ਅੰਡੇ ਖਤਮ ਹੋ ਗਏ ਹਨ।