ਅੰਬੇਡਕਰ ਮਿਸ਼ਨ ਸੁਸਾਇਟੀ ਨਿਊਜ਼ੀਲੈਂਡ ਨੇ ਬਾਬਾ ਸਾਹਿਬ ਦਾ 131ਵਾਂ ਜਨਮ ਦਿਵਸ ਮਨਾਇਆ

ਅਣਗੌਲੇ ਭਾਰਤੀ ਸਮਾਜ ਦੀ ਦਸ਼ਾ ਨੂੰ ਸੁਧਾਰਨ ਵਾਲੇ ਸਾਰੇ ਨੇਤਾਵਾਂ ਨੂੰ ਵੀ ਕੀਤਾ ਯਾਦ

(ਔਕਲੈਂਡ): “ਉਚਾ ਦਿਮਾਗ, ਨਾਂਅ ਸੀ ਉਸਦਾ ਭੀਮ ਰਾਓ ਅੰਬੇਡਕਰ -ਕਦਰ ਕਰਵਾਈ ਕਿਰਤ ਦੀ, ਸਿੱਖਿਆ ਪਹੁੰਚਾਈ ਨੀਂਵੇ ਘਰ..”

2006 ਤੋਂ ਸਥਾਪਿਤ ਡਾ. ਬੀ. ਆਰ.ਅੰਬੇਡਕਰ ਮਿਸ਼ਨ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਜੀ ਦਾ ਅੱਜ 131ਵਾਂ ਜਨਮ ਦਿਵਸ ‘ਪੁੱਕੀਕੋਹੀ ਵਾਰ ਮੈਮੋਰੀਅਲ ਹਾਲ’ ਵਿਖੇ ਉਤਸ਼ਾਹ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਦੀ ਰੌਸ਼ਨੀ ਵਿਚ ਮਨਾਇਆ ਹੈ। ਭਾਰਤ ਦੇਸ਼ ਅੰਦਰ ਅਣਗੌਲੇ ਸਮਾਜ ਦੀ ਦਸ਼ਾ ਸੁਧਾਰਨ ਦੇ ਵਿਚ ਪ੍ਰਾਚੀਨ ਅਤੇ ਨਵੀਨ ਨੇਤਾਵਾਂ ਨੂੰ ਬਰਾਬਰ ਰੱਖਦਿਆਂ ਉਨ੍ਹਾਂ ਦੀਆਂ ਸਿਖਿਆਵਾਂ ਦੇ ਪੋਸਟਰ ਦਸਦੇ ਸਨ ਕਿ ਸਮਾਜ ਦੀ ਦਸ਼ਾ ਸੁਧਾਰਨ ਦੇ ਵਿਚ ਕਿੰਨੇ ਦਹਾਕਿਆਂ ਦਾ ਸਮਾਂ ਲੱਗਿਆ ਹੈ। ਨਵੀਂ ਪੀੜ੍ਹੀ ਨੂੰ ਦੱਸਣ ਵਾਸਤੇ ਨਰਾਇਣ ਗੁਰੂ ਜੀ, ਪੇਰੀਆਰ ਈਰੋਡ ਵੈਂਕਾਟਾਪਾ ਰਾਮਾਸੈਮੀ, ਚਤਰਪਤੀ ਸ਼ਾਹੂ ਜੀ ਮਹਾਰਾਜ, ਮਹਾਤਮਾ ਜਯੋਤੀਬਾ ਫੂਲੇ ਜੀ, ਮਾਤਾ ਸਵੀਤਰੀ ਬਾਈ ਫੂਲੇ ਜੀ, ਮਾਤਾ ਰਮਾ ਬਾਈ ਅੰਬੇਡਕਰ, ਸਾਹਿਬ ਕਾਂਸ਼ੀ ਰਾਮ ਅਤੇ ਭੈਣ ਮਾਇਆਵਤੀ ਦੇ ਪੋਸਟਰ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਮਾਤਾ ਦਰਸ਼ਨ ਕੌਰ ਰੱਤੂ ਹੋਰਾਂ ਨੇ ਜੋਤ ਜਗਾ ਕੇ ਕੀਤੀ। ਸ੍ਰੀ ਰਾਕੇਸ਼ ਚੰਦੜ ਹੋਰਾਂ ਬੁੱਧ ਵੰਦਿਨਾਂ ਕੀਤੀ।  ਉਨ੍ਹਾਂ ਦੇ ਨਾਲ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਮਹਿੰਦਰ ਪਾਲ, ਮੀਤ ਪ੍ਰਧਾਨ ਸ੍ਰੀ ਮਨਜੀਤ ਰੱਤੂ, ਸਕੱਤਰ ਸ੍ਰੀ ਰੇਸ਼ਮ ਲਾਲ ਕਰੀਮਪੁਰੀ, ਰਾਕੇਸ਼ ਚੰਦਰ, ਸੰਜੀਵ ਰੋਮੀਓ ਬੁੱਧਾ ਸਮੇਤ ਹੋਰ ਬਹੁਤ ਸਾਰੇ ਭਾਈਚਾਰੇ ਤੋਂ ਪੁਰਸ਼ ਅਤੇ ਮਹਿਲਾਵਾਂ ਸਨ।
ਸ੍ਰੀ ਰੇਸ਼ਮ ਲਾਲ ਜੀ ਨੇ ਆਏ ਸਾਰੇ ਸਰੋਤਿਆਂ ਨੂੰ ਜੀ ਆਇਆਂ ਆਖਿਆ, ਬਾਬਾ ਸਾਹਿਬ ਦੇ ਜੀਵਨ ਉਤੇ ਸੰਖੇਪ ਚਾਨਣਾ ਪਾਇਆ ਤੇ ਪ੍ਰਧਾਨਗੀ ਮੰਡ ਉਤੇ ਸੁਸਾਇਟੀ ਦੇ ਪ੍ਰਧਾਨ ਸ੍ਰੀ ਧਰਮ ਪਾਲ, ਮੈਂਬਰ ਵਿਚੋਂ ਸ੍ਰੀਮਤੀ ਜਸਵਿੰਦਰ ਕੌਰ, ਸ੍ਰੀਮਤੀ ਸੁਨੀਤਾ ਕਰੀਮਪੁਰੀ, ਸ੍ਰੀਮਤੀ ਨੀਲਮ ਰੱਤੂ  ਨੂੰ ਸਟੇਜ ਉਤੇ ਪਹੁੰਚ ਲਈ ਸੱਦਾ ਦਿੱਤਾ। ਸਵਾਗਤੀ ਭਾਸ਼ਣ ਸ੍ਰੀ ਧਰਮ ਪਾਲ ਜੀ ਨੇ ਦਿੱਤਾ ਅਤੇ ਦਲਿਤ ਸਮਾਜ ਦੇ ਪਿਛੋਕੜ ਨੂੰ ਸ਼ਬਦਾਂ ਵਿਚ ਚਿਤਰਦਿਆਂ ਅਜੋਕੇ ਸਮਾਂ ਅਤੇ ਪਹੁੰਚਣ ਵਿਚ ਬਾਬਾ ਸਾਹਿਬ ਦੀ ਅਣਥੱਕ ਮਿਹਨਤ, ਲਗਨ ਅਤੇ ਉਚੇ ਦਿਮਾਗ ਦੀ ਦਾਦ ਦਿੱਤੀ ਜਿਨ੍ਹਾਂ ਨੇ ਅਤਿ ਦੀ ਗਰੀਬੀ ਦੇ ਵਿਚ ਵਿਚਰਦਿਆਂ ਹਜ਼ਾਰਾਂ ਕਿਤਾਬਾਂ ਦੀ ਪੜ੍ਹਾਈ ਕਰਦਿਆਂ ਨੀਂਵੇਂ ਕਹੇ ਜਾਣ ਵਾਲੇ ਲੋਕਾਂ ਦੇ ਘਰਾਂ ਵਿਚ ਪੜ੍ਹਾਈ ਕਰਨ ਦਾ ਹੱਕ ਦਿੱਤਾ। ਕਿਰਤ ਦੀ ਕਦਰ ਬਾਬਾ ਸਾਹਿਬ ਦੇ ਸੰਵਿਧਾਨ ਨੇ ਹੀ ਦਿਵਾਈ ਹੈ ਨਹੀਂ ਤਾਂ ਹਾਲਾਤ ਅਜੇ ਵੀ ਕੁਝ ਜਿਆਦਾ ਸੁਧਰੇ ਹੋਏ ਨਹੀਂ ਸਨ ਮਿਲਣੇ। ਰੇਡੀਓ ਸਪਾਈਸ ਤੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਬਾਬਾ ਸਾਹਿਬ ਨੂੰ ਸਮਰਪਿਤ ਸ਼ੇਅਰ ਪੇਸ਼ ਕੀਤੇ ਅਤੇ ਇਸ ਸਮਾਗਮ ਨੂੰ ਵੱਡੇ ਪੱਧਰ ਉਤੇ ਮਨਾਉਣ ਦੀ ਗੱਲ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਕਿਸੀ ਜਾਤ ਜਾਂ ਧਰਮ ਤੱਕ ਸੀਮਤ ਨਹੀਂ ਸੀ, ਉਨ੍ਹਾਂ ਦੀਆਂ ਸਿਖਿਆਵਾਂ ਸਰਵਜਨਕ ਸਨ। ਸ. ਹਰਜਿੰਦਰ ਸਿੰਘ ਬਸਿਆਲਾ ਹੋਰਾਂ ਨੇ ਵੀ ਬਾਬਾ ਸਾਹਿਬ ਦੀਆਂ ਸਿਖਿਆਵਾਂ ਦੇ ਲਈ ਇਕ ਕਦਮ ਅੱਗੇ ਪੁੱਟਦਿਆਂ ਆਡੀਓ-ਵੀਡੀਓ ਰਾਹੀਂ ਪ੍ਰਚਾਰ ਕਰਨ ਦੀ ਲੋੜ ਹੈ।
ਇਸ ਤੋਂ ਬਾਅਦ ਗਾਇਕ ਸਤਿੰਦਰ ਪੱਪੀ ਹੋਰਾਂ ਤੂੰਬੀ ਦੇ ਨਾਲ ਗੀਤ ਗਾ ਕੇ ਸੰਗੀਤਕ ਮਾਹੌਲ ਸਿਰਜਿਆ ਜਿਸ ਦੇ ਵਿਚ ਸੰਗੀਤਕ ਉਪਕਰਣ ਦੇ ਉਤੇ ਸਾਥ ਦਿੱਤਾ ਦਿਨੇਸ਼ ਸਿੰਘ ਬਿਰਦੀ ਹੋਰਾਂ ਨੇ। ਇਨ੍ਹਾਂ ਨੇ ਖੁਦ ਵੀ ਦੋ ਗੀਤ ਗਾ ਕੇ ਬਾਬਾ ਸਾਹਿਬ ਦੀਆਂ ਸਿਖਿਆਵਾਂ ਨੂੰ ਵੱਖਰੇ ਤਰੀਕੇ ਨਾਲ ਪੇਸ਼ ਕੀਤਾ।  ਬਿੱਲਾ ਮੁੱਗੋਵਾਲੀਆ ਨੇ ਵੀ ਇਕ ਗੀਤ ਨਾਲ ਹਾਜ਼ਰੀ ਲਗਾਈ।
ਬਾਕੀ ਬੁਲਾਰਿਆਂ ਦੇ ਵਿਚ ਅਮਰਜੀਤ ਬੰਗੜ, ਪਰਮਜੀਤ ਮਹਿਮੀ, ਮਲਕੀਅਤ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ, ਰੋਮੀਓ ਬੁੱਧਾ,  ਡਾ. ਰਾਜ (ਇੰਡੀਅਨ ਮਨਿਉਰਿਟੀ ਐਸੋਸੀਏਸ਼ਨ) ਮਨਜੀਤ ਰੱਤੂ ਹੋਰਾਂ ਆਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।
ਬੰਬੇ ਹਿੱਲ ਗੁਰਦੁਆਰਾ ਸਾਹਿਬ ਤੋਂ ਪ੍ਰਧਾਨ ਰਾਮ ਸਿੰਘ ਚੌਂਕੜੀਆਂ, ਜਸਵਿੰਦਰ ਸੰਧੂ, ਸ੍ਰੀ ਕਰਨੈਲ ਬੱਧਣ, ਸ੍ਰੀ ਸੰਜੀਵ ਤੂਰਾ, ਪੁੱਕੀਕੋਹੀ ਤੋਂ ਅਵਤਾਰ ਤਰਕਸ਼ੀਲ ਪੁੱਕੀਕੋਹੀ, ਮਾਹਰਾਜ ਸਿੰਘ ਤੇ ਹੋਰ ਬਹੁਤ ਸਾਰੇ ਮੈਂਬਰ ਪਹੁੰਚੇ ਸਨ।
ਆਏ ਸਾਰੇ ਬੁਲਾਰਿਆਂ ਨੂੰ ਅਤੇ ਹਾਜ਼ਰੀਨ ਨੂੰ ਬਾਬਾ ਸਾਹਿਬ ਦੀ ਫੋਟੋ ਅਤੇ ਸਿਰੋਪਾ ਭੇਟ ਕੀਤਾ ਗਿਆ। ਸਾਰਿਆਂ ਦੇ ਲਈ ਚਾਹ-ਪਾਣੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। 

Install Punjabi Akhbar App

Install
×