ਆਸਟਰੇਲੀਆ ਤੋਂ ਆਏ ਸਾਹਿਤਕਾਰ ਮਿੰਟੂ ਬਰਾੜ ਨੇ ਆਪਣੇ ਸਾਥੀਆਂ ਸਮੇਤ ਨਿਊਜ਼ੀਲੈਂਡ ਉਤੇ ਬਣਾਈ ਡਾਕੂਮੈਂਟਰੀ

m-brar copy

ਐਡੀਲੇਡ (ਆਸਟਰੇਲੀਆ) ਵਸੇ ਪ੍ਰਸਿੱਧ ਸਾਹਿਤਕਾਰ, ‘ਪੰਜਾਬੀ ਅਖਬਰ’ ਦੇ ਸੰਪਾਦਕ ਅਤੇ ਰੇਡੀਓ ‘ਹਰਮਨ’ ਦੇ ਕਰਤਾ ਧਰਤਾ ਮਿੰਟੂ ਬਰਾੜ ਆਪਣੇ ਸਾਥੀਆਂ ਮਨਪ੍ਰੀਤ ਸਿੰਘ ਢੀਂਡਸਾ ਅਤੇ ਜੌਲੀ ਗਰਗ ਦੇ ਨਾਲ ਅੱਜਕਲ੍ਹ ਨਿਊਜ਼ੀਲੈਂਡ ਦੌਰੇ ‘ਤੇ ਹਨ। ਉਨ੍ਹਾਂ ਆਪਣੀ ਫੇਰੀ ਦੌਰਾਨ ਨਿਊਜ਼ੀਲੈਡ ਵਸਦੇ ਪੰਜਾਬੀਆਂ, ਪੰਜਾਬੀਆਂ ਦੇ ਕਾਰੋਬਾਰ, ਪੰਜਾਬੀ ਮੀਡੀਆ, ਸਿੱਖ ਸੰਸਥਾਵਾਂ, ਦੇਸ਼ ਦੀ ਖੂਬਸੂਰਤੀ ਅਤੇ ਇਥੇ ਪੰਜਾਬੀਅਤ ਨੂੰ ਕਾਇਮ ਰੱਖਣ ਵਾਸਤੇ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਇਕ ਡਾਕੂਮੈਂਟਰੀ ਬਣਾਉਣੀ ਸ਼ੁਰੂ ਕੀਤੀ ਹੋਈ ਹੈ। ਅੱਜ ਉਨ੍ਹਾਂ ਔਕਲੈਂਡ ਦੇ ਵੱਖ-ਵੱਖ ਅਦਾਰਿਆਂ ਵਿਚ ਜਾ ਕੇ ਇਸ ਡਾਕੂਮੈਂਟਰੀ ਫਿਲਮ ਦੀ ਸ਼ੂਟਿੰਗ ਕੀਤੀ। ਸਵੇਰੇ ਪਹਿਲਾਂ ਪੰਜਾਬੀਆਂ ਦੇ ਪਹਿਲੇ 24 ਘੰਟੇ ਚੱਲਣ ਵਾਲੇ ਰੇਡੀਓ ‘ਰੇਡੀਓ ਸਪਾਈਸ’ ਉਤੇ ਇੰਟਰਵਿਊ ਦਿੱਤੀ ਅਤੇ ਫਿਰ ਆਪ ਇੰਟਰਵਿਊ ਲਈ। ਰੇਡੀਓ ਸਟੂਡੀਓ ਵਿਖੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਗੁਰਸਿਮਰਨ ਸਿੰਘ ਮਿੰਟੂ ਅਤੇ ਹਰਪ੍ਰੀਤ ਸਿੰਘ ਹੈਪੀ ਹੋਰਾਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਲੋਕਾਂ ਨਾਲ ਆਨ ਏਅਰ ਕਰਵਾਇਆ।  ਫਿਰ ਵਾਤਾਵਰਣ ਦੀ ਸਾਂਭ-ਸੰਭਾਲ ਵਾਸਤੇ ਮਸ਼ਹੂਰ ਔਕਲੈਂਡ ਬੌਟਾਨਿਕ ਗਾਰਡਨਜ਼ ਮੈਨੁਰੇਵਾ ਵਿਖੇ ਫੁੱਲਾਂ ਅਤੇ ਹੋਰ ਬਨਸਪਤੀ ਨੂੰ ਕੈਮਰੇ ਵਿਚ ਬੰਦ ਕੀਤਾ। ਕੁਦਰਤੀਂ ਅੱਜ ਇਥੇ ਹੋ ਰਹੇ ਆਈਲੈਂਡਰਜ਼ ਦੇ ਇਕ ਵਿਆਹ ਦੀ ਵੀ ਵਿਸ਼ੇਸ਼ ਤੌਰ ‘ਤੇ ਸ਼ੂਟਿੰਗ ਕੀਤੀ ਗਈ ਤੇ ਜੋੜੀ ਨੂੰ ਮੁਬਾਰਕਬਾਦ ਦਿੱਤੀ। ਇਸ ਤੋਂ ਬਾਅਦ ਫੈਂਸੀ ਲੈਟਸ ਵਾਸਤੇ ਮਸ਼ਹੂਰ ਸ. ਬਲਬੀਰ ਸਿੰਘ ਪਾਬਲਾ ਦੇ ਫਾਰਮ ‘ਡਰੂਰੀ ਫ੍ਰੈਸ਼’ ਵਿਖੇ ਬਿਨਾਂ ਧਰਤੀ ਤੋਂ ਉਗਾਏ ਜਾਂਦੇ ਫੈਂਸੀ ਲੈਟਸ ਦੇ ਬੂਟਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਆਧੁਨਿਕ ਫਾਰਮ ਦੇ ਵਿਚ ਉਨ੍ਹਾਂ ਪੰਜਾਬ ਦੀ ਖੇਤੀ ਦੀ ਤੁਲਨਾ ਕਰਦਿਆਂ ਪੰਜਾਬ ਦੇ ਵਿਚ ਵੀ ਅਜਿਹੀ ਖੇਤੀ ਦੀ ਤਮੰਨਾ ਜ਼ਾਹਿਰ ਕੀਤੀ। ਇਸ ਤੋਂ ਬਾਅਦ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਚੱਲ ਰਹੇ ਸਿੱਖ ਹੈਰੀਟੇਜ ਸਕੂਲ ਦੇ ਬੱਚਿਆਂ ਦੀ ਬਾਲ ਸਭਾ ਦੇ ਵਿਚ ਭਾਗ ਲਿਆ। ਉਨ੍ਹਾਂ ਗੁਰਦੁਆਰਾ ਸਾਹਿਬ ਟਾਕਾਨੀਨੀ ਅਤੇ ਇਥੇ ਪੜ੍ਹਦੇ ਸਕੂਲੀ ਬੱਚਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਬਾਲ ਸਭਾ ਦੇ ਵਿਚ ਬੱਚਿਆਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਆਸਟਰੇਲੀਆ ਦੇ ਮੁਕਾਬਲੇ ਇਹ ਮੁਲਕ ਭਾਵੇਂ ਬਹੁਤ ਛੋਟਾ ਹੈ ਪਰ ਇਥੇ ਆ ਕੇ ਜਿੰਨਾ ਕੁੱਝ ਵੇਖਿਆ ਅਤੇ ਦੇਖਿਆ ਹੈ ਉਸਦੇ ਮੁਕਾਬਲੇ ਇਹ ਮੁਲਕ ਪੰਜਾਬੀਅਤ ਤੇ ਵਿਰਸੇ ਪੱਖੋਂ ਕਾਫੀ ਵੱਡਾ ਜਾਪਦਾ ਹੈ। ਸੁਪਰੀਮ ਸਿੱਖ ਸੁਸਾਇਟੀ ਦੇ ਬੁਲਾਰੇ ਸ. ਦਲਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਦੱਸਿਆ ਅਤੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਦੱਸਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਬਰਿੰਦਰ ਸਿੰਘ ਜਿੰਦਰ, ਹਰਦੀਪ ਸਿੰਘ ਬਿੱਲੂ, ਜਸਵਿੰਦਰ ਸਿੰਘ ਨਾਗਰਾ, ਰਜਿੰਦਰ ਸਿੰਘ ਜਿੰਦੀ, ਹਰਮੇਸ਼ ਸਿੰਘ ਕਾਕਾ, ਸ. ਕਰਤਾਰ ਸਿੰਘ, ਸ. ਜਸਪ੍ਰੀਤ ਸਿੰਘ ਤੇ ਹੋਰ ਮੈਂਬਰਾਂ ਨੇ ਮਾਨ ਸਤਿਕਾਰ ਕੀਤਾ।  ਮਿੰਟੂ ਬਰਾੜ ਅਤੇ ਜੌਲੀ ਗਰਗ ਨੂੰ ਗੁਰਦੁਆਰਾ ਸਾਹਿਬ ਵੱਲੋਂ ਦੋ ਜੈਕਟਾਂ ਨਿਸ਼ਾਨੀ ਵਜੋਂ ਭੇਟ ਕੀਤੀਆਂ ਗਈਆਂ। ਅੱਜ ਦੇ ਰੁਝੇਂਵਿਆਂ ਨੂੰ ਸਮਾਪਤੀ ਵੱਲ ਲਿਜਾਂਦਿਆ ਉਨ੍ਹਾਂ ਨੂੰ ਰੇਡੀਓ ਹਮ ਦੇ ਸ. ਬਿਕਰਮਜੀਤ ਸਿੰਘ ਮਟਰਾਂ ਹੋਰਾਂ ‘ਵੱਨ ਟ੍ਰੀ’ ਹਿੱਲ ਵਿਖਾਇਆ ਅਤੇ ਉਥੋਂ ਦੇ ਮਾਓਰੀ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਐਮ. ਆਈ. ਟੀ. ਪੌਲੀਟੈਕਨਿਕ ਕਾਲਿਜ ਵਿਖੇ ਮਾਓਰੀ ਲੋਕਾਂ ਵੱਲੋਂ ਰਸਮੀ ਸਵਾਗਤ ਦੇ ਲਈ ਬਣਾਇਆ ‘ਮਾਰਾਏ’ ਵੀ ਵਿਖਾਇਆ ਗਿਆ। ਅੰਤ ਦੇ ਵਿਚ ਸ. ਅਮਰੀਕ ਸਿੰਘ ਨੱਚਦਾ ਪੰਜਾਬ ਵਾਲਿਆਂ ਨੇ ਰਾਤਰੀ ਭੋਜ ਦਿੱਤਾ ਤੇ ਮਿੰਟੂ ਬਰਾੜ ਹੋਰਾਂ ਬਿਕਰਮਜੀਤ ਸਿਘ ਨੂੰ ਆਪਣੀ ‘ਕੈਂਗਰੂਨਾਮਾ’ ਕਿਤਾਬ ਭੇਟ ਕੀਤੀ ਜਦ ਕਿ ਬਿਕਰਮਜੀਤ ਸਿੰਘ ਮਟਰਾਂ ਹੋਰਾਂ ਆਪਣੀ ਕਿਤਾਬ ‘ਗੁਰਦਾਸ ਮਾਨ’ ਉਨ੍ਹਾਂ ਨੂੰ ਭੇਟ ਕੀਤੀ। ਇਸ ਮੌਕੇ ਪ੍ਰਸਿੱਧ ਗਾਇਕ ਹਰਦੇਵ ਮਾਹੀਨੰਗਲ ਅਤੇ ਕਈ ਹੋਰ ਮਿੱਤਰ ਦੋਸਤ ਵੀ ਹਾਜ਼ਿਰ ਸਨ। ਅੰਤ ਅੱਜ ਦਾ ਦਿਨ ਉਨ੍ਹਾਂ ਦਾ ਬਹੁਤ ਹੀ ਰੁਝੇਵਿਆਂ ਅਤੇ ਜਾਣਕਾਰੀ ਭਰਿਆ ਰਿਹਾ।