‘ਲੀਡਰਸ਼ਿਪ ਇਨ ਯੰਗ ਫਰੂਟ ਗਰੋਵਰ ਆਫ ਦਾ ਯੀਅਰ’

ਸ. ਧਰਮ ਸਿੰਘ ਦੋਲੋਂ ਕਲਾਂ -‘ਕੇਮਾਹੀ ਐਵਾਰਡ’ ਨਾਲ ਸਨਮਾਨਿਤ

(ਔਕਲੈਂਡ):-ਔਕਲੈਂਡ ਤੋਂ ਲਗਪਗ 450 ਕਿਲੋਮੀਟਰ ਦੂਰ ਨਿਊਜ਼ੀਲੈਂਡ ਦੇ ਹਾਕਸ ਬੇਅ (ਉੱਤਰੀ ਟਾਪੂ ਦੇ ਪੂਰਬੀ ਤੱਟ ’ਤੇ ਵਸਿਆ ਇੱਕ ਖੇਤਰ ਜੋ ਆਪਣੇ ਸਮੁੰਦਰੀ ਤੱਟਾਂ (ਬੀਚਾਂ), ਵਾਈਨਰੀਆਂ (ਅੰਗੂਰਾਂ ਦੇ ਬਾਗ) ਅਤੇ ਵੱਖ-ਵੱਖ ਤਰਾਂ ਦੇ ਫਲਾਂ ਦੀ ਖੇਤੀ ਲਈ ਜਾਣਿਆ ਜਾਂਦਾ ਹੈ) ਅਤੇ 13000 ਕਿਲੋਮੀਟਰ ਦੂਰ ਜ਼ਿਲ੍ਹਾ ਲੁਧਿਆਣਾ ਤੋਂ ਇਥੇ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਪਹੁੰਚੇ ਇਕ ਅੰਮ੍ਰਿਤਧਾਰੀ ਨੌਜਵਾਨ ਧਰਮ ਸਿੰਘ (26) ਨੇ ਇਥੇ ਵਸਦੇ ਸਾਰੇ ਪੰਜਾਬੀਆਂ ਨੂੰ ਉਦੋਂ ਉਹ ਮਾਣ ਦਿਵਾ ਦਿੱਤਾ ਜਦੋਂ ਬੀਤੇ ਦਿਨੀਂ ਉਸਨੂੰ ਇਥੇ ਸਲਾਨਾ ਹੁੰਦੇ ‘ਯੰਗ ਫਰੂਟ ਗਰੋਵਰ ਆਫ ਦਾ ਯੀਅਰ’ ਦੀ ਸ਼੍ਰੇਣੀ ਲਈ ਚੁਣੇ ਗਏ ਪਹਿਲੇ 8 ਪ੍ਰਤੀਯੋਗੀਆਂ ਵਿਚ ਚੁਣਿਆ ਗਿਆ ਅਤੇ ਫਿਰ ਅੰਤਿਮ ਮੁਕਾਬਲੇ ਦੇ ਵਿਚ ਉਸਨੂੰ ‘ਓਵਰਆਲ ਲੀਡਰਸ਼ਿਪ ਇਨ ਯੰਗ ਫਰੂਟ ਗਰੋਵਰ ਆਫ ਦਾ ਯੀਅਰ’ ਚੁਣ ਕੇ ‘ਕੇਮਾਹੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ‘ਕੇਮਾਹੀ’ ਮਾਓਰੀ ਬੋਲੀ ਦਾ ਸ਼ਬਦ ਹੈ ਅਤੇ ਇਸਦਾ ਅਰਥ ਹੈ ‘ਕਿਰਤੀ। ਸਿੱਖੀ ਸਰੂਪ ਦੇ ਵਿਚ ਵਿਚਰਣ ਵਾਲੇ  ਕਿਰਤੀ ਪਰਿਵਾਰ ਦਾ ਇਹ ਵੱਡਾ ਸਪੁੱਤਰ ਸ. ਧਰਮ ਸਿੰਘ ਸਪੁੱਤਰ ਸ. ਅਵਤਾਰ ਸਿੰਘ (ਕਿਸਾਨ)-ਸ੍ਰੀਮਤੀ ਹਰਪ੍ਰੀਤ ਕੌਰ (ਭਾਰਤ ਨਿਵਾਸੀ) ਸੰਨ  2014 ਦੇ ਵਿਚ ਪਿੰਡ ਦੋਲੋਂ ਕਲਾਂ ਜ਼ਿਲ੍ਹਾ ਲੁਧਿਆਣਾ ਤੋਂ ਇਥੇ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਨ ਕਰਨ ਵਾਸਤੇ ਆਇਆ ਸੀ। ਇਕ ਵਕਾਰੀ ਕੀਵੀ ਕੰਪਨੀ ‘ਥੋਰਨਹਿੱਲ ਹਾਰਟੀਕਲਚਰ’ ਦੇ ਵਿਚ ਉਸਨੇ ਥੋੜ੍ਹ ਸਮੇਂ ਲਈ ਕੰਮ ਕਰਨਾ (ਕਿਰਤ ਕਮਾਈ) ਸ਼ੁਰੂ ਕੀਤਾ, ਫਿਰ ਮਿਹਨਤ, ਮੁਸ਼ੱਕਤ ਅਤੇ ਸਮਰਪਿਣ ਭਾਵਨਾ ਨਾਲ ਕੰਮ ਕਰਿਦਆਂ ਇਹ ਨੌਜਵਾਨ ਟੀਮ ਲੀਡਰ ਬਣਿਆ, ਫਿਰ ਸੁਪਰਵਾਈਜ਼ਰ ਬਣਿਆ ਅਤੇ ਇਸ ਵੇਲੇ ਕਸਟਮਰ ਫੀਲਡ ਮੈਨੇਜਰ ਵੱਜੋਂ ਪਿਛਲੇ 5 ਸਾਲਾਂ ਤੋਂ ਕੰਮ ਕਰ ਰਿਹਾ ਹੈ। ਇਸ ਕੰਪਨੀ ਦੀਆਂ ਦੋ ਸ਼ਾਖਾਵਾਂ ਹਨ। ਹਾਕਸ ਬੇਅ ਵਾਲੀ ਕੰਪਨੀ ਦੇ ਵਿਚ ਹੀ 500 ਤੋਂ ਵੱਧ ਕਾਮੇ ਫਲਾਂ ਦੀ ਖੇਤੀ ਦਾ ਕੰਮ ਕਰਦੇ ਹਨ, ਜਿਨ੍ਹਾਂ ਦੇ ਲਈ ਇਹ ਨੌਜਵਾਨ ਪ੍ਰਬੰਧਕੀ ਕਾਰਜ ਕਰਦਾ ਹੈ।
ਖਾਸ ਕਰ ਹਕਾਸ ਬੇਅ ਖੇਤਰ ਦੇ ਅਤੇ ਨਿਊਜ਼ੀਲੈਂਡ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਦੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਿਸ ਧਰਮ ਦੇ ਵਿਚ ਕਿਰਤ ਕਰਨ ਨੂੰ ਵੱਡੀ ਮਹਾਨਤਾ ਦਿੱਤੀ ਗਈ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ 90 ਕੁ ਵਾਰੀ ਆਇਆ ਹੈ ਅਤੇ ਇਸੇ ਕਿਰਤ ਦੇ ਨਾਂਅ ਦੇ ਨਾਲ ਦਿੱਤਾ ਜਾਣ ਵਾਲਾ ਐਵਾਰਡ ‘ਕੇਮਾਹੀ’ ਸਿੱਖ ਧਰਮ ਦੇ ਵਿਚ ਰਹਿੰਦਿਆ ਸਿੱਖੀ ਨਾਲ ਜੁੜੇ ਸ. ਧਰਮ ਸਿੰਘ ਹਾਸਿਲ ਕਰ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਰਤ ਨੂੰ ਸਿੱਧੇ ਰੂਪ ਵਿਚ ਚਾਰ ਮੁੱਖ ਭਾਗਾਂ ਦੇ ਵਿਚ ਦਰਸਾਇਆ ਸੀ, ਜਿਵੇਂ ਕਿਰਸਾਨੀ, ਹੱਟੀ, ਵਪਾਰ ਤੇ ਚਾਕਰੀ। ਸੋ ਕਿਰਤ ਇਕ ਧਰਮ ਹੈ ਅਤੇ ਹਰ ਸਿੱਖ ਇਸ ਵਿਚ ਵਿਸ਼ਵਾਸ਼ ਰੱਖਦਾ ਹੈ। ਸ. ਧਰਮ ਸਿੰਘ ਇਸ ਵੇਲੇ ਹਾਕਸ ਬੇਅ ਵਿਖੇ ਆਪਣੀ ਧਰਮ ਪਤਨੀ ਸ੍ਰੀਮਤੀ ਜਸਕਰਨ ਕੌਰ, ਬੇਟਾ ਏਕਮਜੋਤ ਸਿੰਘ (ਢੇਡ ਸਾਲ) ਅਤੇ ਆਪਣੇ ਛੋਟੇ ਭਰਾ ਕਰਮਪ੍ਰੀਤ ਸਿੰਘ- ਭਰਜਾਈ ਗਗਨਦੀਪ ਕੌਰ ਨਾਲ ਰਹਿ ਰਿਹਾ ਹੈ।
ਰੱਸਾ ਕੱਸੀ ਵੀ ਜਿੱਤ ਗਈ ਪੰਜਾਬੀਆਂ ਵਾਲੀ ਟੀਮ: ਇਸਦੇ ਨਾਲ ਹੀ ਹਾਕਸ ਬੇਅ ਵਿਖੇ ਸਲਾਨਾ ਟੱਗ ਓ ਵਾਰ (ਰੱਸਾ-ਕੱਸੀ) ਜਿਸ ਦੇ ਵਿਚ ‘ਥੌਰਨਹਿੱਲ’ ਕੰਪਨੀ ਦੀ ਤਰਫ਼ ਤੋਂ ਪੰਜਾਬੀ ਨੌਜਵਾਨ ਸ. ਤੇਜਦੀਪ ਸਿੰਘ ਭਿੰਡਰਕਲਾਂ (ਮੋਗਾ) ਅਤੇ ਸ. ਗੁਰਪ੍ਰੀਤ ਸਿੰਘ ਵੀ ਭਾਗ ਲੈ ਰਹੇ ਸਨ, ਇਹ ਰੱਸਾਕੱਸੀ ਦਾ ਮੁਕਾਬਲਾ ਵੀ ਜਿੱਤ ਗਈ।

Install Punjabi Akhbar App

Install
×