ਅਖੇ ਜੇਹੀ ਕੋਕੋ ਤੇਹੇ ਬੱਚੇ: ਨਿਊਜ਼ੀਲੈਂਡ ਦੇ ਅਪਰਾਧਿਕ ਰਿਕਾਰਡ ਵਿਚ ਸਭ ਤੋਂ ਛੋਟੀ ਉਮਰ ਦਾ ਬੱਚਾ ਹੈ ਤਿੰਨ ਸਾਲ ਦਾ

ਕਹਿੰਦੇ ਨੇ ਜੇਹੀ ਕੋਕੋ ਤੇਹੇ ਬੱਚੇ। ਇਹ ਗੱਲ ਚੰਗਿਆਂ ਵਾਸਤੇ ਵੀ ਢੁੱਕਦੀ ਹੈ ਅਤੇ ਮਾੜਿਆਂ ਵਾਸਤੇ ਵੀ। ਗੱਲ ਕਰਾਂਗੇ ਮਾੜਿਆਂ ਦੀ। ਨਿਊਜ਼ੀਲੈਂਡ ਦੇ ਅਪਰਾਧਿਕ ਮਾਮਲਿਆਂ ਦੇ ਅੰਕੜਿਆਂ ਉਤੇ ਨਜ਼ਰ ਮਾਰੀ ਜਾਵੇ ਤਾਂ ਹੈਰਾਨੀ ਜਨਕ ਤੱਥ ਸਾਹਮਣੇ ਆਉਂਦੇ ਹਨ। ਜਾਰੀ ਅੰਕੜਿਆਂ ਦੇ ਵਿਚ ਸਾਹਮਣੇ ਆਇਆ ਹੈ ਕਿ ਇਸ ਵੇਲੇ ਪੁਲਿਸ ਦੇ ਕੋਲ ਜਿਹੜਾ ਸਭ ਤੋਂ ਘੱਟ ਉਮਰ ਦਾ ਅਪਰਾਧੀ ਹੈ ਉਹ ਤਿੰਨ ਸਾਲ ਦਾ ਹੈ। ਇਸ ਬੱਚੇ ਨੇ ਮੈਨੁਕਾਓ ਦੀ ਇਕ ਸੁਪਰ ਮਾਰਕੀਟ ਦੇ ਵਿਚ ਟੈਡੀ ਬੀਅਰ ਚੁਰਾਇਆ ਸੀ। ਇਹ ਬੱਚਾ ਆਪਣੇ ਪਰਿਵਾਰ ਦੇ ਨਾਲ ਸੀ ਪਰ ਫਿਰ ਵੀ ਚੋਰੀ ਕਰ ਗਿਆ। ਇਸ ਤੋਂ ਅਗਲਾ ਚਾਰ ਸਾਲ ਦਾ ਹੈ ਜਿਸ ਨੇ ਫਾਇਰ ਅਲਾਰਮ ਤੋੜਿਆ। 11 ਸਾਲ ਦੇ ਬੱਚੇ ਇਥੇ ਲੁੱਟ ਖੋਹ ਦੀਆਂ ਵਾਰਦਾਤਾਂ ਦੇ ਵਿਚ ਸ਼ਾਮਿਲ ਪਾਏ ਗਏ। ਕਾਨੂੰਨ ਅਨੁਸਾਰ 10 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਦੋਸ਼ੀ ਨਹੀਂ ਐਲਾਨਿਆ ਜਾ ਸਕਦਾ। 12-13 ਸਾਲ ਦੇ ਅਪਰਾਧੀ ਲੋਕਾਂ ਨੂੰ ਗੰਭੀਰ ਮਾਮਲਿਆਂ ਵਿਚ ਦੋਸ਼ੀ ਗਿਣਿਆ ਜਾ ਸਕਦਾ ਹੈ ਜਦ ਕਿ 10-11 ਸਾਲ ਦੇ ਬੱਚਿਆਂ ਉਤੇ ਕਤਲ ਆਦਿ ਦਾ ਦੋਸ਼ ਲਾਇਆ ਜਾ ਸਕਦਾ ਹੈ।