ਸੁਪਰ ਸ਼ਨੀਵਾਰ-ਟੀਕਿਆਂ ਦੀ ਰਹੀ ਭਰਮਾਰ

– ਨਿਊਜ਼ੀਲੈਂਡ ’ਚ ਰਿਕਾਰਡ ਗਿਣਤੀ ਵਿਚ 129,965 ਲੱਗੇ ਕਰੋਨਾ ਰੋਕਥਾਮ ਦੇ ਟੀਕੇ-ਜਹਾਜ਼ ਵੀ ਬਣਿਆ ਟੀਕਾ ਸੈਂਟਰ
– ਪ੍ਰਧਾਨ ਮੰਤਰੀ ਬਾਗੋ-ਬਾਗ ਕਿਉਂਕਿ ਨਿਸ਼ਾਨਾ ਸੀ ਕਿ ਇਕ ਲੱਖ ਤੋਂ ਉਪਰ ਲੱਗਣ

ਔਕਲੈਂਡ:-ਨਿਊਜ਼ੀਲੈਂਡ ਨੂੰ ਕਰੋਨਾ ਤਾਲਾਬੰਦੀ ਤੋਂ ਬਾਹਰ ਕੱਢਣ ਅਤੇ ਕੁਝ ਦੇਸ਼ਾਂ ਵਾਂਗ ਲੋਕਾਂ ਨੂੰ ਦੁਨੀਆ ਦੇ ਸੁਰੱਖਿਅਤ ਹੋ ਰਹੇ ਦੂਸਰੇ ਦੇਸ਼ਾਂ ਨਾਲ ਜੋੜਣ ਦੇ ਲਈ ਇਕੋ ਇਕ ਹੀਲਾ-ਵਸੀਲਾ ਇਹ ਹੈ ਕਿ ਕਰੋਨਾ ਰੋਕਥਾਮ ਦਾ ਟੀਕਾਕਰਣ ਜਿੰਨਾ ਜਲਦੀ ਹੋ ਸਕੇ ਕੀਤਾ ਜਾਵੇ। ਇਸ ਉਦੇਸ਼ ਦੇ ਨਾਲ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਟੀਕਾਕਰਣ ਨੂੰ ਇਥੇ ਤੇਜ਼ ਕੀਤਾ ਹੋਇਆ ਹੈ। ਅੱਜ ਸ਼ਨੀਵਾਰ ਨੂੰ ਸੁਪਰ ਸ਼ਨੀਵਾਰ ਦਾ ਨਾਂਅ ਦਿੱਤਾ ਗਿਆ ਸੀ ਅਤੇ ਸਾਰਾ ਦਿਨ ਟੀਕਿਆਂ ਅਤੇ ਟੀਕਾਕਰਣ ਦੀ ਭਰਮਾਰ ਹੀ ਰਹੀ। ਰਾਸ਼ਟਰੀ ਨਿਸ਼ਾਨਾ ਸੀ ਕਿ ਘੱਟੋ-ਘੱਟ ਇਕ ਲੱਖ ਟੀਕੇ ਲਗਾਏ ਜਾਣ। ਇਹ ਟੀਚਾ ਬਾਅਦ ਦੁਪਹਿਰ ਹੀ ਪੂਰਾ ਹੋ ਗਿਆ ਸੀ ਅਤੇ ਰਾਤ 10 ਵਜੇ ਤੱਕ ਹੋਈ ਗਿਣਤੀ ਦੇ ਮੁਤਾਬਿਕ 129,965 ਟੀਕੇ ਅੱਜ ਲਗਾਏ ਗਏ। ਔਕਲੈਂਡ ਖੇਤਰ ਦੇ ਤਿੰਨ ਜ਼ਿਲ੍ਹਿਆ ਦੇ ਵਿਚ ਹੀ 40,000 ਟੀਕੇ ਲੱਗੇ। ਕੈਂਟਰਬਰੀ ਵਿਖੇ 17,036 ਟੀਕੇ ਲਗਾਏ ਗਏ, ਜੋ ਕਿ ਇਕ ਹੈਲਥ ਬੋਰਡ ਦੇ ਵਿਚ ਸਭ ਤੋਂ ਜਿਆਦਾ ਹਨ।  ਟੀਕਾਕਰਣ ਦਾ ਪਹਿਲਾ ਰਿਕਾਰਡ ਬੀਤੀ 26 ਅਗਸਤ ਦਾ ਸੀ ਜਿਸ ਦਿਨ 90,757 ਟੀਕੇ ਲੱਗੇ ਸਨ, ਅਤੇ ਅੱਜ ਇਹ ਪੁਰਾਣਾ ਰਿਕਾਰਡ ਵੀ ਟੁੱਟ ਗਿਆ।  ਅੱਜ ਟੀਕਾਕਰਣ ਦੇ ਵਿਚ ਜਿੱਥੇ ਫਾਰਮੇਸੀਆਂ, ਮਾਓਰੀ ਲੋਕਾਂ ਦੇ ਰਸਮੀ ਸਵਾਗਤੀ ਸਥਾਨ ‘ਮਾਰਾਏ’, ਚਰਚ, ਗੁਰਦੁਆਰੇ ਅਤੇ ਹੋਰ ਏਥਨਿਕ ਕਮਿਊਨਿਟੀ ਦੇ ਸਥਾਨ ਸ਼ਾਮਿਲ ਰਹੇ ਉਥੇ ਏਅਰ ਨਿਊਜ਼ੀਲੈਂਡ ਨੇ ਆਪਣੇ ਬੋਇੰਗ 787 ਜਹਾਜ਼ ਨੂੰ ਵੀ ਵੈਕਸੀਨੇਸ਼ਨ ਸੈਂਟਰ ਬਣਾ ਕੇ ਇਸ ਅਭਿਆਨ ਵਿਚ ਸ਼ਾਮਿਲ ਕੀਤਾ ਹੋਇਆ ਸੀ। ਬਿਜ਼ਨਸ ਕਲਾਸ ਦੀਆਂ ਸੀਟਾਂ ਉਤੇ ਵੀ ਬਿਠਾ ਕੇ ਲੋਕਾਂ ਨੂੰ ਟੀਕੇ ਲਗਾਏ ਗਏ। ਜਹਾਜ਼ ਦੇ ਵਿਚ ਟੀਕਾ ਲਗਾਉਣਾ ਇਕ ਤਰ੍ਹਾਂ ਨਾਲ ਸੰਦੇਸ਼ ਦੇਣਾ ਸੀ ਕਿ ਇਹ ਜਹਾਜ਼ ਤਾਂ ਹੀ ਉਡਦੇ ਨਜ਼ਰ ਆਉਣਗੇ ਜਦੋਂ ਲੋਕ ਟੀਕਾਕਰਣ ਕਰਵਾ ਲੈਣਗੇ। ਸ਼ਾਇਦ ਦੁਨੀਆ ਦੇ ਵਿਚ ਅਜਿਹਾ ਪਹਿਲੀ ਵਾਰ  ਹੋਇਆ ਹੋਵੇ ਕਿ ਬੋਇੰਗ ਜਹਾਜ਼  ਨੂੰ ਇਸ ਗੱਲ ਲਈ ਵਰਤਿਆ ਹੋਵੇ। ਸਮਾਂ ਬਣ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਉਹ ਹੀ ਲੋਕ ਉਡਾਣ ਭਰ ਸਕਣਗੇ ਜਿਨ੍ਹਾਂ ਦਾ ਟੀਕਾਕਰਣ ਹੋਇਆ ਹੋਵੇਗਾ। ਵੱਖ-ਵੱਖ ਟੀਕਾਕਰਣ ਸਥਾਨਾਂ ਉਤੇ ਖਾਣ-ਪੀਣ ਅਤੇ ਕਈ ਤਰ੍ਹਾਂ ਦੇ ਭੋਜਨ ਵੀ ਸੰਸਥਾਵਾਂ ਵੱਲੋਂ ਉਪਲਬਧ ਕਰਵਾਏ ਗਏ ਸਨ। ਕਈ ਜਗ੍ਹਾ ਖੁਸ਼ੀ ਵਿਚ ਨਿ੍ਰਤ ਅਤੇ ਹਾਕਾ ਆਦਿ ਵੀ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਤਿੰਨ ਕੁ ਵਜੇ ਆਪਣਾ ਨਿਸ਼ਾਨਾ ਬਦਲ ਕੇ ਡੇਢ ਲੱਖ ਕਰ ਦਿੱਤਾ ਸੀ, ਪਰ ਫਿਰ ਵੀ ਪਹਿਲੇ ਨਿਸ਼ਾਨੇ ਨਾਲੋਂ 30% ਤੱਕ ਹੋਰ ਵਾਧੂ ਨਿਸ਼ਾਨਾ ਪ੍ਰਾਪਤ ਕਰ ਲਿਆ ਗਿਆ।
ਇਸ ਸਾਰੇ ਦੇ ਬਾਵਜੂਦ ਅੱਜ ਔਕਲੈਂਡ ਸਿਟੀ ਦੇ ਡੋਮੇਨ ਵਿਖੇ ਕਰੋਨਾ ਤਾਲਾਬੰਦੀ ਵਿਰੋਧੀ ਲੋਕ ਵੀ 2000 ਤੋਂ ਉਪਰ ਇਕੱਠੇ ਹੋਏ। ਇਨ੍ਹਾਂ ਨੇ ਜਿੱਥੇ ਕਰੋਨਾ ਤਾਲਬੰਦੀ ਨਿਯਮਾਂ ਦੀ ਅਣਦੇਖੀ ਕੀਤੀ ਉਥੇ ਪੁਲਿਸ ਨੂੰ ਕਾਫੀ ਮੁਸ਼ਕੱਤ ਨਾਲ ਨਜ਼ਰਸਾਨੀ ਕਰਨੀ ਪਈ। ਕਿਸੇ ਦੀ ਗਿ੍ਰਫਤਾਰੀ ਨਹੀਂ ਕੀਤੀ ਗਈ, ਪਰ ਨਿਯਮਾਂ ਨੂੰ ਤੋੜਨ ਵਾਲਿਆਂ ਉਤੇ ਕਾਰਵਾਈ ਹੋ ਸਕਦੀ ਹੈ।

Install Punjabi Akhbar App

Install
×