ਕਰੋਨਾ ਡੈਲਟਾ…. ਚਿੰਬੜ ਈ ਗਿਆ…

– ਨਿਊਜ਼ੀਲੈਂਡ ਪਿਛਲੇ 24 ਘੰਟਿਆਂ ਦੇ ਵਿਚ 18 ਹੋਰ ਨਵੇਂ ਕਰੋਨਾ ਦੇ ਕੇਸ ਆਏ-ਟੀਕਾਕਰਣ ਤੇ ਆਸਾਂ

– ਹੁਣ ਤੱਕ ਲਗਾਏ ਗਏ ਕੁੱਲ 50 ਲੱਖ ਟੀਕੇ

ਔਕਲੈਂਡ :-ਨਿਊਜ਼ੀਲੈਂਡ ਨੇ ਇਸ ਡਰ ਦੁੱਖੋਂ ਆਸਟਰੇਲੀਆ ਨਾਲ ਕੁਆਰੀਨਟੀਨ ਫ੍ਰੀ ਯਾਤਰਾ ਜੁਲਾਈ ਮਹੀਨੇ ਤੋਂ ਬੰਦ ਕਰ ਦਿੱਤੀ ਸੀ ਤਾਂ ਕਿ ਗੁਆਂਢੀ ਮੁਲਕ ਤੋਂ ਕਰੋਨਾ ਕੇਸਾਂ ਦੇ ਆਉਣ ਦਾ ਕੋਈ ਮੌਕਾ ਹੀ ਬਚੇ, ਪਰ ਅਗਸਤ ਮਹੀਨੇ ਆਇਆ ਡੈਲਟਾ ਕਰੋਨਾ ਕਿਹੜੇ ਚੋਰ ਰਸਤਿਓ ਇਥੇ ਪਹੁੰਚ ਗਿਆ ਅਜੇ ਤੱਕ ਸਰਕਾਰ ਪੈੜ ਨਹੀਂ ਨੱਪ ਸਕੀ। 17 ਅਗਸਤ ਨੂੰ ਪਾਜ਼ੇਟਿਵ ਪਾਏ ਗਏ ਇਕ ਵਿਅਕਤੀ ਤੋਂ ਸ਼ੁਰੂ ਹੋਇਆ ਕਰੋਨਾ ਵਾਇਰਸ ਅਜਿਹਾ ਚਿੰਬੜਿਆ ਹੈ ਕਿ ਲੱਥਣ ਦਾ ਨਾਂਅ ਹੀ ਨਹੀਂ ਲੈਂਦਾ। ਅੱਜ ਫਿਰ ਪਿਛਲੇ 24 ਘੰਟਿਆਂ ਦੀ ਲਿਸਟ ਦੇ ਵਿਚ 18 ਹੋਰ ਨਵੇਂ ਕਰੋਨਾ ਕੇਸ ਦਰਜ ਹੋ ਗਏ ਹਨ। ਇਹ ਸਾਰੇ ਹੀ ਔਕਲੈਂਡ ਖੇਤਰ ਦੇ ਨਾਲ ਸਬੰਧਿਤ ਹਨ। ਹੁਣ ਤੱਕ ਆਏ ਡੈਲਟਾ ਦੇ ਕੇਸਾਂ ਦੀ ਕੁੱਲ ਗਿਣਤੀ 1164 ਤੱਕ ਤੱਕ ਪੁੱਜ ਗਈ ਹੈ। ਹਸਪਤਾਲ ਦੇ ਵਿਚ 12 ਮਰੀਜ਼ ਹਨ ਜਿਨ੍ਹਾਂ ਵਿਚ 4 ਆਈ. ਸੀ. ਯੂ. ਦੇ ਵਿਚ ਹਨ। ਸਰਕਾਰ ਨੇ ਟੀਕਾਕਰਣ ਮੁਹਿੰਮ ਚਲਾਈ ਹੋਈ ਹੈ ਅਤੇ ਟੀਕਾਕਰਣ ਉਤੇ ਹੀ ਆਸਾਂ ਹਨ ਤਾਂ ਕਿ ਕਰੋਨਾ ਦੇ ਨੱਕ ਵਿਚ ਦਮ ਕੀਤਾ ਜਾ ਸਕੇ ਅਤੇ ਨੱਕ ਅਕੇ ਮੂੰਹ ਰਾਹੀਂ ਲੋਕਾਂ ਦੇ ਸਰੀਰ ਵਿਚ ਦਾਖਲ ਨਾ ਹੋ ਸਕੇ। ਹੁਣ ਤੱਕ 42.3% ਲੋਕ ਦੋਹਰਾ ਟੀਕਾ ਲਗਵਾ ਚੁੱਕੇ ਹਨ ਜਦ ਕਿ 34.3% ਲੋਕਾਂ ਨੂੰ ਅਜੇ ਇਕ ਟੀਕਾ ਹੀ ਲੱਗਿਆ ਹੈ। ਅੰਕੜਿਆਂ ਅਨੁਸਾਰ ਹੁਣ ਤੱਕ 50 ਲੱਖ 20 ਹਜ਼ਾਰ 900 ਟੀਕੇ ਲਗਾਏ ਜਾ ਚੁੱਕੇ ਹਨ।  ਜਿਨ੍ਹਾਂ ਵਿਚ 32 ਲੱਖ 31 ਹਜ਼ਾਰ 444 ਲੋਕਾਂ ਨੂੰ ਅਜੇ ਇਕ ਟੀਕਾ ਲੱਗਿਆ ਹੈ।  ਦੋਹਰੇ ਟੀਕੇ ਵਾਲਿਆਂ ਦੀ ਗਿਣਤੀ 18 ਲੱਖ ਦੇ ਕਰੀਬ ਹੈ ਜੋ ਕਿ ਅਜੇ ਕਾਫੀ ਘੱਟ ਹੈ ਕਿਉਂਕਿ ਪੂਰੇ ਦੇਸ਼ ਦੇ ਵਿਚ ਜੇਕਰ ਇਕੋ ਜਿਹੀਆਂ ਸ਼ਰਤਾਂ ਰੱਖਣੀਆਂ ਹਨ ਤਾਂ ਇਹ ਟੀਕਾਕਰਣ ਦਰ ਦੋਹਰੇ ਟੀਕਿਆਂ ਦੀ ਗਿਣਦੀ ਦੇ ਨਾਲ ਨਾਪਣੀ ਪਵੇਗੀ।

Install Punjabi Akhbar App

Install
×