ਅਖੇ ਸਾਡੇ ਹੱਕ ਇਥੇ ਰੱਖ-ਨਿਊਜ਼ੀਲੈਂਡ ‘ਚ ਵੀ ਬੱਸਾਂ ਵਾਲਿਆਂ ਕੀਤੀ 4 ਘੰਟੇ ਦੀ ਹੜਤਾਲ

ਪੰਜਾਬ ਦੇ ਵਿਚ ਤਾਂ ਬੱਸਾਂ ਵਾਲਿਆਂ ਦੀ ਹੜ੍ਹਤਾਲ ਆਮ ਸੁਣੀਦੀ ਸੀ ਪਰ ਹੁਣ ਨਿਊਜ਼ੀਲੈਂਡ ਵਰਗੇ ਮੁਲਕਾਂ ਦੇ ਵਿਚ ਵੀ ਹੜ੍ਹਤਾਲ ਹੁੰਦੀ ਹੈ। ਅੱਜ ਆਕਲੈਂਡ ਐਨ. ਜ਼ੈਡ. ਬੱਸ ਕੰਪਨੀ ਦੇ 80% ਬੱਸ ਡਰਾਈਵਰਾਂ ਨੇ 4 ਘੰਟੇ ਤੱਕ ਹੜ੍ਹਤਾਲ ਕੀਤੀ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਕੋਲੋਂ 13 ਘੰਟੇ ਤੱਕ ਕੰਮ ਕਰਵਾਉਣ ਵਾਸਤੇ ਬਿਜੀ ਰੱਖਿਆ ਜਾਂਦਾ ਹੈ ਜਿਸ ਦੇ ਵਿਚ 3-4 ਘੰਟੇ ਦੀ ਬ੍ਰੇਕ ਪਾ ਦਿੱਤੀ ਜਾਂਦੀ ਹੈ। ਬ੍ਰੇਕ ਸ਼ਿਫਟ ਹੋਣ ਕਰਕੇ ਬਹੁਤ ਸਾਰੇ ਡ੍ਰਾਈਵਰਾਂ ਨੂੰ ਪੂਰਾ ਸਮਾਂ ਆਰਾਮ ਕਰਨ ਨੂੰ ਵੀ ਨਹੀਂ ਮਿਲਦਾ। ਡ੍ਰਾਈਵਰਾਂ ਨੇ ਤਨਖਾਹ ਦੇ ਵਿਚ 2.95% ਦੇ ਵਾਧੇ ਦੀ ਮੰਗ ਕੀਤੀ ਹੈ ਅਤੇ ਡਿਊਟੀ ਰੋਸਟਰਜ ਨੂੰ ਸੁਧਾਰ ਕੇ ਲਾਉਣ ਦੀ ਮੰਗ ਕੀਤੀ ਹੈ। ਕ੍ਰਿਸਮਸ ਦਾ ਸਮਾਂ ਹੋਣ ਕਰਕੇ ਬਹੁਤ ਸਾਰੀਆਂ ਸਵਾਰੀਆਂ ਨੂੰ ਅੱਜ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।