ਵਿਸ਼ਵ ਯਾਤਰਾ ਦੀ ਆਜ਼ਾਦੀ: ਇਕ ਕਾਲਾ ਪਾਸਪੋਰਟ-186 ਅੰਤਰ-ਰਾਸ਼ਟਰੀ ਏਅਰਪੋਰਟ

ਨਿਊਜ਼ੀਲੈਂਡ ਪਾਸਪੋਰਟ 186 ਦੇਸ਼ਾਂ ’ਚ ਵੀਜ਼ਾ ਰਹਿਤ ਦਾਖਲੇ ਨਾਲ ਵਿਸ਼ਵ ਦੇ 7ਵੇਂ ਰੈਕਿੰਗ ਦੇਸ਼ਾਂ ’ਚ ਸ਼ਾਮਿਲ

(ਔਕਲੈਂਡ): ਲੰਡਨ ਸਥਿਤ ਗਲੋਬਲ ਸਿਟੀਜ਼ਨਸ਼ਿਪ ਅਤੇ ਰੈਜ਼ੀਡੈਂਸ ਐਡਵਾਈਜ਼ਰੀ ਫਰਮ ‘ਹੈਨਲੇ ਐਂਡ ਪਾਰਟਨਰਜ਼’ ਦੁਆਰਾ ਜਾਰੀ ਕੀਤੀ ਗਈ ਨਵੀਂ ਤਿਮਾਹੀ ਰਿਪੋਰਟ ਦੇ ਅਨੁਸਾਰ, ਏਸ਼ੀਆਈ ਪਾਸਪੋਰਟਾਂ ਦੀ ਇੱਕ ਤਿਕੜੀ ਆਪਣੇ ਪਾਸਪੋਰਟ ਧਾਰਕਾਂ ਨੂੰ ਕਿਸੇ ਵੀ ਹੋਰ ਦੇਸ਼ਾਂ ਦੇ ਮੁਕਾਬਲੇ ਵੱਧ ਵਿਸ਼ਵ ਯਾਤਰਾ ਦੀ ਆਜ਼ਾਦੀ ਦੀ ਪੇਸ਼ਕਸ਼ ਕਰਦੀ ਹੈ। ਪਹਿਲੇ ਨੰਬਰ ਉਤੇ ਜਾਪਾਨੀ ਨਾਗਰਿਕ ਹਨ ਜੋ, ਦੁਨੀਆ ਭਰ ਦੇ ਰਿਕਾਰਡ 193 ਸਥਾਨਾਂ ’ਤੇ ਵੀਜ਼ਾ-ਮੁਕਤ ਜਾਂ ਵੀਜ਼ਾ-ਆਨ-ਡਿਮਾਂਡ ਦਾਖਲੇ ਦਾ ਆਨੰਦ ਮਾਣਦੇ ਹਨ। ਵਿਸ਼ਵ ਰੈਂਕਿੰਗ ਵਿਚ ਇਸਦਾ ਪਹਿਲਾ ਸਥਾਨ ਹੈ। ਦੂਜੇ ਸਥਾਨ ਦੀ ਰੈਕਿੰਗ ਉਤੇ  ਸਿੰਗਾਪੁਰ ਅਤੇ ਦੱਖਣੀ ਕੋਰੀਆ ਹਨ। ਜਿਨ੍ਹਾਂ ਦੇ ਨਾਗਰਿਕ 192 ਦੇਸ਼ਾਂ ਲਈ  ਸੁਤੰਤਰ ਤੌਰ ’ਤੇ ਜਾ ਸਕਦੇ ਹਨ। ਤੀਜੇ ਨੰਬਰ ਦੀ ਰੈਕਿੰਗ ਉਤੇ ਜ਼ਰਮਨੀ ਤੇ ਸਪੇਨ ਹਨ ਜੋ 189 ਦੇਸ਼ਾਂ ਵਿਚ ਵੀਜ਼ਾ ਰਹਿਤ ਜਾ ਸਕਦੇ ਹਨ। ਨਿਊਜ਼ੀਲੈਂਡ ਦਾ ਸ਼ਕਤੀਸ਼ਾਲੀ ਪਾਸਪਰੋਟ ਜਿਸ ਨੂੰ ਕਾਲਾ ਪਾਸਪੋਰਟ ਵੀ ਕਹਿੰਦੇ ਹਨ ਇਸ ਵਾਰ ਰੈਕਿੰਗ 7 ਉਤੇ ਹੈ ਅਤੇ ਇਸਦੇ ਨਾਗਰਿਕ 186 ਦੇਸ਼ਾਂ ਦੇ ਵਿਚ ਵੀਜ਼ਾ ਰਹਿਤ ਦਾਖਲਾ ਪ੍ਰਾਪਤ ਕਰ ਸਕਦੇ ਹਨ। 2015 ਦੇ ਵਿਚ ਨਿਊਜ਼ੀਲੈਂਡ ਦੀ ਰੈਕਿੰਗ 4 ਉਤੇ ਸੀ ਅਤੇ ਪਿਛਲੇ ਸਾਲ ਉਤੇ ਇਸ ਵਾਰ ਦੇ ਬਰਾਬਰ 7 ਹੀ ਸੀ। ਅਮਰੀਕਾ, ਨਾਰਵੇ, ਬੈਲਜ਼ੀਅਮ ਅਤੇ ਸਵਿਟਜ਼ਰਲੈਂਡ ਵੀ ਇਸ ਪੱਧਰ ਦੇ ਹਨ। ਗੁਆਂਢੀ ਮੁਲਕ ਆਸਟਰੇਲੀਆ 186 ਦੇਸ਼ਾਂ ਦੇ ਦਾਖਲੇ ਨਾਲ ਇਕ ਅੰਕ ਪਿੱਛੇ ਹੈ।
ਭਾਰਤ ਦੇਸ਼ ਦੀ ਗੱਲ ਕਰੀਏ ਤਾਂ ਇਸਦਾ ਵਿਸ਼ਵ ਰੈਂਕ ਦਰਜਾ 85 ਹੈ ਅਤੇ ਇਸਦੇ ਨਾਗਰਿਕ 59 ਦੇਸ਼ਾਂ ਦੇ ਵਿਚ ਵੀਜ਼ਾ ਰਹਿਤ ਜਾ ਸਕਦੇ ਹਨ। ਇਸ ਪੱਧਰ ਦੇ ਵਿਚ ਦੋ ਹੋਰ ਦੇਸ਼ ਊਜ਼ੇਬਕਿਸਤਾਨ ਅਤੇ  ਮੈਰੂਟੇਨੀਆ (ਅਫਰੀਕਾ) ਹਨ। ਭਾਰਤ ਦੇ ਲੋਕ ਕੁੱਕ ਆਈਲੈਂਡ, ਮਾਰਸ਼ਲ ਆਈਲੈਂਡ, ਨੀਊ, ਸਾਮੋਆ, ਵਾਨਾਤੂ, ਫੀਜ਼ੀ, ਮਾਕ੍ਰੋਨੇਸ਼ੀਆ, ਪਲਾਊ ਆਈਲੈਂਡ, ਇਰਾਨ, ਓਮਾਨ, ਜੌਰਡਨ, ਕਤਰ,ਅਲੂਾਨੀਆ, ਥਾਈਲੈਂਡ, ਭੁਟਾਨ, ਇੰਡੋਨੇਸ਼ੀਆ, ਮਇਨਮਾਰ, ਸ੍ਰੀਲੰਕਾ, ਕੰਬੋਡੀਆ, ਲਾਓਸ, ਮਾਲਦੀਵ, ਨੇਪਾਲ, ਬੋਲੀਵੀਆ, ਮਾਰੀਸ਼ਸ਼, ਬੁਰੁੰਦੀ ਸਮੇਤ ਹੋਰ ਕਈ ਛੋਟੇ-ਵੱਡੇ ਦੇਸ਼ ਹਨ। ਹੋ ਸਕਦਾ ਹੈ ਭਾਰਤ ਦੇ ਵਿਚ ਏਜੰਟ ਇਨ੍ਹਾਂ ਮੁਲਕਾਂ ਦੇ ਲਈ ਟਿਕਟਾਂ ਵੇਚਣ ਵੇਲੇ ਵੀਜ਼ੇ ਆਦਿ ਦੀ ਫੀਸ ਵੀ ਲੈਂਦੇ ਰਹੇ ਹੋਣਗੇ, ਪਰ ਗੱਲ ਨੋਟ ਕਰਨ ਵਾਲੀ ਹੈ। ਪਿਛਲੇ ਸਾਲ ਭਾਰਤ ਦਾ ਦਰਜਾ 87ਵੇਂ ਨੰਬਰ ਉਤੇ ਸੀ ਅਤੇ ਇਸ ਵਾਰ 2 ਅੰਕ ਉਪਰ ਗਿਆ ਹੈ। 2006 ਦੇ ਵਿਚ ਇਹ ਰੈਕਿੰਗ 71 ਨੰਬਰ ਉਤੇ ਸੀ ਅਤੇ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਸਨ।
 ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ ਵਿਸ਼ਵ ਰੈਕਿੰਗ ਵਿਚ 106ਵੇਂ ਨੰਬਰ ਉਤੇ ਹੈ ਅਤੇ ਇਸਦੇ ਨਾਗਰਿਕ ਸਿਰਫ 32 ਦੇਸ਼ਾਂ ਵਿਚ ਵੀਜ਼ਾ ਰਹਿਤ ਜਾ ਸਕਦੇ ਹਨ। ਸਾਰਿਆਂ ਤੋਂ ਹੇਠਾਂ ਅਫਗਾਨਿਸਤਾਨ ਹੈ ਜਿਸ ਦੇ ਨਾਗਰਿਕ ਸਿਰਫ 27 ਦੇਸ਼ਾਂ ਵਿਚ ਜਾ ਸਕਦੇ ਹਨ।