ਦੇਸੀ ਦਵਾਈਆਂ ਕਿ ਗੈਰ ਕਾਨੂੰਨੀ ਨਸ਼ੇ? ਨਿਊਜ਼ੀਲੈਂਡ ਪੁਲਿਸ ਦੀ ਜਾਣਕਾਰੀ ਪੁਸਤਿਕਾ ’ਚ ਕਾਮਿਨੀ ਅਤੇ ਹਮਦਰਦ ਬਰਸ਼ਾਸ਼ਾ ਗੈਰ ਕਾਨੂੰਨੀ

ਪੁਲਿਸ ਭਾਰਤੀ ਕਾਰੋਬਾਰੀਆਂ ਨੂੰ ਦੱਸਣ ਲੱਗੀ ਕਿ ਤੁਹਾਡੇ ਦੇਸ਼ ਦੇ ਇਹ ਉਤਪਾਦ ਰੱਖਦੇ ਹਨ ਕਲਾਸ-ਬੀ ਨਸ਼ਾ

(ਔਕਲੈਂਡ):- ਨਿਊਜ਼ੀਲੈਂਡ ਦੇ ਵਿਚ ਨਸ਼ਿਆ ਦੀ ਆਮਦ ਕੋਈ ਨਵੀਂ ਗੱਲ ਨਹੀਂ ਹੈ, ਪਰ ਦੇਸੀ ਦਵਾਈਆਂ ਜਾਂ ਜੜੀ ਬੂਟੀਆਂ (ਹਰਬਲ) ਦੇ ਨਾਂਅ ਉਤੇ ਕਲਾਸ-ਬੀ ਦਾ ਨਸ਼ਾ ਆਮ ਲੋਕਾਂ ਨੂੰ ਦਿੱਤਾ ਜਾ ਰਿਹਾ ਹੋਵੇ ਤਾਂ, ਬਹੁਤ ਹੀ ਖਤਰਨਾਕ ਰੁਝਾਨ ਸਾਬਿਤ ਹੋ ਸਕਦਾ ਹੈ। ਜਦੋਂ ਅਜਿਹੇ ਉਤਪਾਦ ਭਾਰਤ ਤੋਂ ਆ ਰਹੇ ਹੋਣ ਅਤੇ ਇਥੇ ਵਸਦੇ ਭਾਰਤੀਆਂ ਦੀਆਂ ਦੁਕਾਨਾਂ ਤੋਂ ਵਿਕ ਰਹੇ ਹੋਣ ਤਾਂ ਕਿਸ ਦੀ ਗਲਤੀ ਹੋਵੇਗੀ? ਦੱਸਣ ਦੀ ਲੋੜ ਨਹੀਂ। ਪਰ ਇਸਦੇ ਬਾਵਜੂਦ ਸ਼ਾਬਾਸ਼ ਹੈ ਨਿਊਜ਼ੀਲੈਂਡ ਪੁਲਿਸ ਦੇ ਜੋ ਜਾਣਕਾਰੀ ਭਰਪੂਰ ਕਿਤਾਬਚੇ, ਪੈਂਫਲਿਟ ਜਾਂ ਕਹਿ ਲਈਏ ਹੱਥਲੀ ਪੁਸਤਿਕਾਂ ਬਣਾ ਕੇ ਦੁਕਾਨਾਂ ਉਤੇ ਵੰਡ ਰਹੀ ਹੈ। ਇਹ ਪੁਸਤਿਕਾਂ ਜਦੋਂ ਭਾਰਤੀ ਦੁਕਾਨਾਂ ਉਤੇ ਪੁਲਿਸ ਵਾਲੇ ਦੇਣ ਜਾਂਦੇ ਹਨ ਤਾਂ ਕੀ ਮਹਿਸੂਸ ਕਰਦੇ ਹੋਣਗੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਕਾਮਿਨੀ ਅਤੇ ਬਰਸ਼ਾਸ਼ਾ ਕੀ ਹੈ? ਇਹ ਉਤਪਾਦ ਦੱਖਣੀ ਏਸ਼ੀਆ ਮੁਲਕਾਂ ਦੇ ਵਿਚ ਹਰਬਲ ਮੈਡੀਸਨ ਦੇ ਤੌਰ ਉਤੇ ਵੇਚੇ ਜਾਂਦੇ ਹਨ ਅਤੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਸਿਹਤ ਲਈ ਫਾਇਦੇਮੰਦ ਹਨ। ਇਸ ਵਿਚ ਮਾਰਫੀਨ (Opioids) ਹੁੰਦੀ ਹੈ। ਵਰਣਯੋਗ ਹੈ ਕਿ ਅਜਿਹੇ ਰਸਾਇਣ ਖਸਖਸ ਅਤੇ ਪੋਸਤ ਤੋਂ ਇਲਾਵਾ ਸਿੰਥੇਟਿਕ ਵੀ ਬਣਾਏ ਜਾਂਦੇ ਹਨ।  ਓਪੀਓਡਜ਼ ਉਹ ਰਸਾਇਣ ਜਾਂ ਦਵਾਈਆਂ ਹਨ ਜੋ ਦਿਮਾਗ ਦੇ ਇੱਕ ਖਾਸ ਹਿੱਸੇ ’ਤੇ ਕੰਮ ਕਰਦੀਆਂ ਹਨ ਜਿਨ੍ਹਾਂ ਨੂੰ ਓਪੀਔਡ ਰੀਸੈਪਟਰ ਕਿਹਾ ਜਾਂਦਾ ਹੈ। ਸਾਡੇ ਸਰੀਰ ਅਸਲ ਵਿੱਚ ਕੁਦਰਤੀ ਓਪੀਔਡਜ਼ ਦੀ ਥੋੜ੍ਹੀ ਮਾਤਰਾ ਪੈਦਾ ਕਰਦੇ ਹਨ ਜੋ ਦਰਦ ਨਾਲ ਨਜਿੱਠਣ ਅਤੇ ਸਾਨੂੰ ਸ਼ਾਂਤ ਕਰਨ ਵਿੱਚ ਮਦਦ ਕਰਨ ਲਈ ਉਹਨਾਂ ਰੀਸੈਪਟਰਾਂ ਨਾਲ ਜੁੜਦੇ ਹਨ। ਨੁਸਖ਼ੇ ਵਾਲੇ ਓਪੀਔਡਜ਼ ਇਹਨਾਂ ਰੀਸੈਪਟਰਾਂ ਨਾਲ ਜਾ ਜੁੜਦੇ ਹਨ। ਉਹਨਾਂ ਦਾ ਉਦੇਸ਼ ਗੰਭੀਰ ਜਾਂ ਪੁਰਾਣੀ ਦਰਦ ਵਿੱਚ ਸਹਾਇਤਾ ਕਰਨਾ ਹੁੰਦਾ ਹੈ, ਪਰ ਉਹ ਕੁਝ ਲੋਕਾਂ ਲਈ ਖੁਸ਼ੀ ਜਾਂ ਖੁਸ਼ੀ ਦੀਆਂ ਭਾਵਨਾਵਾਂ ਦਾ ਕਾਰਨ ਵੀ ਬਣ ਸਕਦੇ ਹਨ।
ਕਾਮਿਨੀ ਅਤੇ ਬਰਸ਼ਾਸ਼ਾ ਕੀ ਨੁਕਸਾਨ ਦਾਇਕ ਹੈ? ਇਸ ਦੀ ਵਰਤੋਂ ਬਾਅਦ ਗੰਭੀਰ ਕਿਸਮ ਦੇ ਨਤੀਜੇ ਸਾਹਮਣੇ ਆਏ ਹਨ। ਜਿਆਦਾ ਵਰਤੋਂ ਕਰਨ ਕਰਕੇ ਜਿਆਦਾ ਖਤਰਾ ਹੋ ਸਕਦਾ ਹੈ, ਸੜਕੀ ਦੁਰਘਟਨਾਵਾਂ ਹੋਣ ਦਾ ਖਤਰਾ ਹੁੰਦਾ ਹੈ ਅਤੇ ਇਹ ਬਹੁਤ ਸਾਰੇ ਕੇਸਾਂ ਵਿਚ ਸਿੱਧ ਵੀ ਹੋ ਚੁੱਕਾ ਹੈ।
ਕੀ ਇਹ ਇਥੇ ਕਾਨੂੰਨਨ ਠੀਕ ਹਨ?  ਨਹੀਂ। ਇਨ੍ਹਾਂ ਦੋਹਾਂ ਦੇ ਵਿਚ ਕਲਾਸ ਬੀ ਯਾਨਿ ਕਿ ਨਿਯੰਤਰਣ ਪੱਧਰ ਦਾ ਨਸ਼ਾ ਪਾਇਆ ਜਾਂਦਾ ਹੈ, ਇਸ ਕਰਕੇ ਨਿਊਜ਼ੀਲੈਂਡ ਦੇ ਵਿਚ ਇਹ ਗੈਰ ਕਾਨੂੰਨੀ ਹੈ। ਇਸਨੂੰ ਮੰਗਵਾਉਣਾ, ਵੇਚਣਾ, ਕਿਤੇ ਹੋਰ ਭੇਜਣਾ ਅਤੇ ਵਰਤਣਾ ਕਾਨੂੰਨ ਦੇ ਵਿਰੁੱਧ ਹੈ। ਸੋ ਇਹ ਗੈਰਕਾਨੂੰਨੀ ਹੈ।
ਸਜ਼ਾ ਕੀ ਹੈ? ਕਾਮਿਨੀ ਅਤੇ ਬਾਰਸ਼ਾਸ਼ਾ ਦੀ ਆਮਦ ਕਰਨਾ ਅਤੇ ਵੇਚਣਾ 14 ਸਾਲ ਤੱਕ ਦੀ ਜ਼ੇਲ੍ਹ ਕਰਵਾ ਸਕਦਾ ਹੈ। ਇਸ ਨੂੰ ਆਪਣੇ ਕੋਲ ਰੱਖਣਾ ਅਤੇ ਵਰਤਣਾ 3 ਮਹੀਨਿਆਂ ਦੀ ਜ਼ੇਲ੍ਹ ਅਤੇ 500 ਡਾਲਰ ਜ਼ੁਰਮਾਨਾ ਕਰਵਾ ਸਕਦਾ ਹੈ। ਪੁਲਿਸ ਦੇ ਕੋਲ ‘ਕ੍ਰਿਮੀਨਲ ਪ੍ਰੋਸੀਡਜ਼’ ਸ਼ਕਤੀ ਅਧੀਨ ਅਧਿਕਾਰ ਹੈ ਕਿ ਉਹ ਇਸਨੂੰ ਜ਼ਬਤ ਕਰ ਸਕਦੀ ਹੈ।
ਕੂਲ ਲਿੱਪ ਕੀ ਹੈ? ਜ਼ਰਦੇ ਵਰਗੀਆਂ ਪੁੜੀਆਂ ਇਸ ਨਾਂਅ ਹੇਠ ਆਉਂਦੀਆਂ ਹਨ ਜਿਸ ਦੇ ਵਿਚ ਤੰਬਾਕੂ ਤੋਂ ਇਲਾਵਾ ਹੋਰ ਸਮਾਨ ਜਿਵੇਂ ਕਈ ਤਰ੍ਹਾਂ ਦੇ ਪੱਤੇ, ਮਸਾਲੇ ਅਤੇ ਹੋਰ ਰਸਾਇਣ ਵੀ ਪਾਏ ਜਾਂਦੇ ਹਨ। ਇਸ ਨੂੰ ਇਥੇ ਨਿਜੀ ਤੌਰ ’ਤੇ ਵਰਤਣਾ ਕਾਨੂੰਨੀ ਹੈ ਪਰ ਵੇਚਣਾ ਗੈਰ ਕਾਨੂੰਨੀ। ਅਜਿਹੀ ਗਲਤੀ ਲਈ 10,000 ਡਾਲਰ ਜ਼ੁਰਮਾਨਾ ਹੋ ਸਕਦਾ ਹੈ। ਇਸਦੇ ਵਰਤਣ ਨਾਲ ਕੈਂਸਰ ਵਰਗੀ ਬਿਮਾਰੀ ਹੋਣ ਦਾ ਡਰ ਹੈ। ਪੁਲਿਸ ਨੇ ਸਲਾਹ ਦਿੱਤੀ ਹੈ ਕਿ ਅਜਿਹੇ ਉਤਪਾਦਾਂ ਦੀ ਵਰਤੋਂ ਨਾ ਕੀਤੀ ਜਾਵੇ।
ਪਰ ਕਈ ਪੰਜਾਬੀ ਕਲਾਕਾਰਾਂ ਨੇ ਤਾਂ ਕੂਲ ਲਿੱਪ ਉਤੇ ਗਾਣੇ ਬਣਾ ਕੇ ਆਪਣਾ ਬਿਜ਼ਨਸ ਵੀ ਕਰ ਲਿਆ ਹੈ। ਅਖੇ ‘‘ਇਕ ਅਮਲੀ ਸਰੀਰ ਦੂਜਾ ਲੌਕਡਾਊਨ ਕਰਤਾ……..ਰੂਹ ਤੇ ਪੱਥਰ ਸਰਕਾਰਾਂ ਨੇ ਧਰਤਾ….ਦੋ ਮਹੀਨੇ ਹੋ ਗਏ ਭੂਕੀ ਸੁੰਘ ਕੇ ਵੇਖੀ……ਮੰਗਵੀਂ ਤਾਂ ਕੋਈ ਕੂਲ ਲਿਪ ਵੀ ਨੀ ਦਿੰਦਾ ਕਹਿੰਦੇ ਮਹਿੰਗੀ ਹੋ ਗਈ।’’