ਔਕਲੈਂਡ ਤੋਂ ਲਗਪਗ 450 ਕਿਲੋਮੀਟੀਰ ਦੂਰ ਵਸੇ ਸ਼ਹਿਰ ਹੇਸਟਿੰਗਜ਼ ਵਿਖੇ ਸਿੱਖ ਭਾਈਚਾਰੇ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਜਾਰੀ ਭੁੱਖ ਹੜ੍ਹਤਾਲ ਪ੍ਰਤੀ ਸਰਕਾਰ ਦਾ ਕੋਈ ਰੁੱਖ ਨਾ ਹੋਣ ਦਾ ਬੜਾ ਅਫਸੋਸ ਪ੍ਰਗਟ ਕੀਤਾ ਗਿਆ। ਗੁਰਦੁਆਰਾ ਸਾਹਿਬ ਇਕੱਤਰ ਸਾਧ ਸੰਗਤ ਨੇ ਭਾਈ ਖਾਲਸਾ ਵੱਲੋਂ ਦੂਜੀ ਵਾਰ ਕੀਤੇ ਗਏ ਉਪਰਾਲੇ ਜਿਸ ਦਾ ਸਬੰਧ ਦਹਾਕਿਆਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨਾਲ ਹੈ, ਦਾ ਭਰਪੂਰ ਸਮਰਥਨ ਦਿੱਤਾ ਗਿਆ ਅਤੇ ਉਨ੍ਹਾਂ ਦੀ ਵਿਗੜ ਰਹੀ ਸਿਹਤ ਉਤੇ ਚਿੰਤਾ ਪ੍ਰਗਟ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਉਹ ਚੜ੍ਹਦੀ ਕਲਾ ਦੇ ਵਿਚ ਰਹਿਣ। ਉਨ੍ਹਾਂ ਦੀ ਤੰਦਰੁਸਤੀ ਵਾਸਤੇ ਸਭ ਨੇ ਅਰਦਾਸ ਵਿਚ ਸ਼ਾਮਿਲ ਹੋ ਕੇ ਨਵੇਂ ਸਾਲ ਦੇ ਵਿਚ ਸਰਬੱਤ ਦੇ ਭਲੇ ਲਈ ਵੀ ਅਰਦਾਸ ਕੀਤੀ। ਖਾਸ ਤੌਰ ‘ਤੇ ਹੇਸਟਿੰਗਜ਼ ਦੇ ਨੌਜਵਾਨ ਵੀਰ ਅਤੇ ਭੈਣਾਂ ਅੱਜ ਗੁਰਦੁਆਰਾ ਸਾਹਿਬ ਇਕੱਤਰ ਹੋਏ ਸਨ। ਭਾਈ ਸੁਖਵੀਰ ਸਿੰਘ ਤੇ ਭਾਈ ਰੇਸ਼ਮ ਸਿੰਘ ਹੋਰਾਂ ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲਿਆ ਅਤੇ ਅਰਦਾਸ ਕੀਤੀ।