ਹਵਾਈ ਟਿਕਟਾਂ ਦੇ ਅਸਮਾਨੀ ਚੜ੍ਹੇ ਰੇਟ -ਵਿਆਹਾਂ ਦਾ ਆ ਰਿਹਾ ਸੀਜਨ ਹੋਵੇ, ਜਾਣਾ ਪੈ ਜਾਏ ਇੰਡੀਆ…ਗਲ ਤਾਂ ਘੁੱਟਣਾ ਈ ਪੈਣਾ ਬਟੂਏ ਦਾ

(ਔਕਲੈਂਡ): ਅੱਜਕੱਲ੍ਹ ਹਵਾਈ ਟਿਕਟਾਂ ਦੇ ਰੇਟ ਹਵਾਈ ਜਹਾਜ਼ ਨਾਲੋਂ ਜਿਆਦਾ ਅਸਮਾਨੀ ਚੜ੍ਹੇ ਨਜ਼ਰ ਆ ਰਹੇ ਹਨ। ਭਾਰਤ ਦੇ ਵਿਚ ਦਿਵਾਲੀ ਦਿਵਾਲੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਜਾਣਾ ਹੈ, ਫਿਰ ਲੋਹੜੀ ਆ ਜਾਣੀ ਹੈ ਅਤੇ ਪੀ. ਆਰ. ਬਾਅਦ ਸੁੱਖਾਂ ਲਾਹੁਣ ਦੀ ਸ਼ਰਧਾ ਵੀ ਪੂਰੀ ਕੀਤੀ ਜਾਣੀ ਹੈ, ਇਸ ਕਰਕੇ ਹਰ ਕੋਈ ਆਪਣੀ-ਆਪਣੀ ਟਿਕਟ ਲੈਣ ਲਈ ਇਨੀਂ ਦਿਨੀਂ ਉਤਾਵਲਾ ਹੈ। ਹਵਾਈ ਟਿਕਟਾਂ ਵੇਚਣ ਵਾਲੇ ਜਦੋਂ ਟਿਕਟਾਂ ਦੀ ਕੀਮਤ ਦਸਦੇ ਹਨ ਤਾਂ ਗਾਹਕ ਦੇ ਮੂੰਹੋ ਇਹੀ ਸ਼ਬਦ ਨਿਕਦਾ ਹੈ ‘‘ਹੈਂ ਐਨੀ ਮਹਿੰਗੀ’’ ਅਗਲੇ ਕਹਿੰਦੇ ਆ ਬਈ ਜੇਕਰ ਲੈਣੀ ਆ ਤਾਂ ਦੱਸੋ ਵਰਨਾ ਇਸਦੀ ਗਾਰੰਟੀ ਕੋਈ ਨੀ ਕੱਲ੍ਹ ਕਿੰਨੇ ਦੀ ਮਿਲੇ। ਕੁਝ ਲੋਕ 1600 ਦੀ ਟਿਕਟ ਲੈ ਕੇ ਸੀਟਾਂ ਪੱਕੀਆਂ ਕਰਾ ਗਏ, ਫਿਰ ਓਹੀ ਸੀਟ 1900 ਤੱਕ ਗਈ, ਫਿਰ 2200 ਡਾਲਰ ਤੱਕ ਹੋਈ ਅਤੇ ਹੁਣ ਲੋਕ 3000 ਡਾਲਰ ਤੋਂ ਉਪਰ ਟਿਕਟ ਖਰੀਦ ਰਹੇ ਹਨ। ਭਾਰਤੀ ਲੋਕਾਂ ਦਾ ਆਉਣਾ-ਜਾਣਾ ਲਗਦਾ ਕਾਫੀ ਵਧ ਗਿਆ ਹੈ। ਮੈਂ ਮਲੇਸ਼ੀਆ ਏਅਰਲਾਈਨ ਦੇ ਵਿਚ ਹਾਲ ਹੀ ਦੇ ਵਿਚ ਸਫਰ ਕੀਤਾ ਹੈ, ਫਲਾਈਟ ਅਟੈਂਡੈਂਟ ਮੁੰਡੇ ਤਾਂ ਹੁਣ ਹਿੰਦੀ ਦੇ ਵਿਚ ਹੀ ਗੱਲ ਕਰਨ ਲੱਗ ਪਏ ਹਨ। ਮੈਂ ਪਿਛਲੇ ਹਫਤੇ ਇੰਡੀਆ ਤੋਂ ਆਇਆਂ, ਮੈਂ ਵਿਚਾਲੇ ਜਿਹੇ ਆ ਕੇ ਘੰਟੀ ਦੱਬ ਕੇ ਚਾਹ ਮੰਗਵਾ ਲਈ, ਚਾਹ ਦੁੱਧ ਆਦਿ ਪਾਉਣ ਕਰਕੇ ਸ਼ਾਇਦ ਠੰਡੀ ਹੋ ਗਈ, ਪਰ ਮੈਂ ਅੱਧਾ ਕੱਪ ਪੀ ਲਿਆ ਅਤੇ ਜਦੋਂ ਕੱਪ ਵਾਪਿਸ ਕਰਨ ਲੱਗਾਂ ਤਾਂ ਫਲਾਈਟ ਅਟੈਂਡੈਂਟ ਮੁੰਡਾ ਕਹਿੰਦਾ ‘ਮੈਂ ਆਪ ਕੇ ਲੀਏ ਚਾਏ ਲੈ ਕੇ ਆਇਆ ਆਪ ਨੇ ਆਧੀ ਛੋੜ ਦੀ’’ ਮੈਂ ਉਸ ਵੱਲ ਵੇਖਿਆ ਤੇ ਸੋਚਿਆ ਕਿ ਇਹ ਤਾਂ ਸਿੱਧਾ ਹਿੰਦੀ ਦੇ ਵਿਚ ਹੀ ਆ ਗਿਆ, ਮੈਂ ਕਿਹਾ ਕਿ ਠੰਡੀ ਹੋ ਗਈ ਸੀ, ਪਰ ਉਹ ਇਹ ਗੱਲ ਮੰਨਣ ਦੀ ਬਜਾਏ ਮੂੰਹ ਜਿਹਾ ਬਣਾ ਕੇ ਚਲਾ ਗਿਆ।
ਮੈਂ ਹੁਣੇ-ਹੁਣੇ ਨੈਟ ਉਤੇ ਟਿਕਟਾਂ ਦੀ ਕੀਮਤ ਚੈਕ ਕਰਨ ਦੀ ਕੋਸ਼ਿਸ਼ ਕੀਤੀ। ਨਵੀਂ ਦਿੱਲੀ ਲਈ ਜੋ ਕੀਮਤ ਸਾਹਮਣੇ ਆ ਰਹੀ ਹੈ ਲਗਦਾ ਹੈ ਕਿ ਬਹੁਤਿਆਂ ਨੂੰ ਹੁਣ ਆਪਣੇ ਬਟੂਏ ਦਾ ਗਲਾ ਘੁੱਟ ਕੇ ਹੀ ਇੰਡੀਆ ਜਾਣਾ ਪਵੇਗਾ।  1 ਨਵੰਬਰ ਨੂੰ ਜਾ ਕੇ 30 ਨਵੰਬਰ ਨੂੰ ਆਉਣਾ ਹੋਵੇ ਤਾਂ ਕੀਮਤ 2900 ਡਾਲਰ ਤੋਂ 3400 ਡਾਲਰ ਤੱਕ ਕੀਮਤ ਆ ਰਹੀ ਹੈ। ਜੇਕਰ ਲੋਹੜੀ ਦੁਆਲੇ ਵਾਪਿਸ ਆਉਣਾ ਹੋਵੇ ਤਾਂ ਵੀ 3600 ਡਾਲਰ ਤੱਕ ਕੰਮ ਜਾ ਪਹੁੰਚਦਾ ਹੈ। ਸਕੂਲ ਟਰਮ-4 (20 ਦਸੰਬਰ ਤੋਂ ਪਹਿਲਾਂ) ਦੇ  ਖਤਮ ਹੁੰਦਿਆ ਹੀ ਬੱਚਿਆਂ ਨਾਲ ਫਲਾਈਟ ਫੜਨੀ ਹੋਵੇ ਜਾਂ ਕਹਿ ਲਈਏ ਦਸੰਬਰ ਦੇ ਅੱਧ ਵਿਚ ਜਾਣਾ ਹੋਵੇ ਅਤੇ ਲੋਹੜੀ ਵਾਲੇ ਲੱਡੂ ਖਾ ਕੇ ਵਾਪਿਸ ਆਉਣਾ ਹੋਵੇ ਤਾਂ ਇਹ ਕੀਮਤ 4000 ਡਾਲਰ ਤੋਂ 4500 ਡਾਲਰ ਤੱਕ ਆ ਰਹੀ ਹੈ। ਬਜ਼ੁਰਗ ਇਕ ਥਾਂ ਹੀ ਰਸਤੇ ਵਿਚ ਰੁਕਣਾ ਚੰਗਾ ਸਮਝਦੇ ਹਨ ਅਤੇ ਪਰ ਇਹ ਟਿਕਟਾਂ ਵੀ ਲੰਬੀ ਉਡੀਕ ਦੇ ਨਾਲ 4500 ਤੋਂ 7500 ਤੱਕ ਪੈ ਰਹੀਆਂ ਹਨ।
ਸਲਾਹ ਇਹੀ ਹੈ ਕਿ ਜੇਕਰ ਵਿਆਹ ਮੰਡਪਾਂ ਅਤੇ ਮੈਰਿਜ ਪੈਲਿਸਾਂ ਵਾਲੇ ਵਿਆਹ ਖਾਣ ਜਾਣਾ ਹੈ ਤਾਂ ਟਿਕਟਾਂ ਦੀ ਖਰੀਦੋ-ਫਰੋਖਤ ਟਾਈਮ ਨਾਲ ਕਰ ਲਓ ਨਹੀਂ ਤਾਂ ਲਾਗੀਆਂ ਵਾਲੇ ਪੈਸਿਆਂ ਦੇ ਵਿਚ ਤੁਸੀਂ ਕੱਟ ਲਾ ਕੇ ਗਰੀਬ ਮਾਰ ਕਰ ਜਾਣੀ। ਚੰਗੀ ਗੱਲ ਇਹ ਹੈ ਕਿ ਟਿਕਟਾਂ ਵਾਲੀ ਦੁਕਾਨ ਉਤੇ ਇਹ ਧਾਰ ਕੇ ਜਾਓ ਕਿ ਟਿਕਟ ਲੈ ਕੇ ਹੀ ਮੁੜਨਾ ਹੈ। ਜੇਕਰ ਪਤਾ ਕਰਕੇ ਛੱਡ ਆਏ ਤਾਂ ਅਗਲੇ ਦਿਨ ਟਿਕਟਾਂ ਦੀ ਦੁਕਾਨ ਵਾਲਿਆਂ ਨੇ ਐਨਕਾਂ ਉਪਰ ਨੂੰ ਚੱਕ ਕੇ ਇਹੀ ਕਹਿਣਾ ਕਿ ਅੱਜ ਭਾਅ ਵੱਖਰਾ ਆ ਗਿਆ ਹੈ।  ਕਈ ਟਿਕਟਾਂ ਵਾਲੇ ਤਾਂ ਬਾਹਲੇ ਤੱਤੇ ਹੁੰਦੇ ਵੀ ਸੁਣੇ ਗਏ ਹਨ। ਪਰ ਬੇਨਤੀ ਹੈ ਠੰਡੇ ਰਿਹਾ ਕਰੋ….ਜਹਾਜ਼ ਪਹਿਲਾਂ ਹੀ ਬੜਾ ਤੱਤਾ ਹੋ ਕੇ ਉਡਦਾ।

Install Punjabi Akhbar App

Install
×