ਨਿਊਜ਼ੀਲੈਂਡ ਦੇ ਵਿਚ ਟੈਕਸੀ ਕਾਰੋਬਾਰ ਵਰ੍ਹਿਆਂ ਪੁਰਾਣਾ ਹੈ ਅਤੇ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਦੇ ਵਿਚ ਵਰ੍ਹਿਆਂ ਪੁਰਾਣੇ ਟੈਕਸੀ ਚਾਲਕ ਅਜੇ ਵੀ ਆਪਣਾ ਬਣਦਾ ਯੋਗਦਾਨ ਪਾ ਕੇ ਨੌਜਵਾਨਾਂ ਦੇ ਲਈ ਕੋਈ ਨਾ ਕੋਈ ਸੁਨੇਹਾ ਛੱਡਣ ਦੀ ਕੋਸ਼ਿਸ਼ ਵਿਚ ਹਨ। ਇਸ ਵੇਲੇ ਨਿਊਜ਼ੀਲੈਂਡ ਦੇ ਵਿਚ ਸਭ ਤੋਂ ਜਿਆਦਾ ਉਮਰ ਦੇ ਟੈਕਸੀ ਚਾਲਕ ਸ੍ਰੀ ਬਿੱਲ ਟੀਗ ਹਨ। ਇਨ੍ਹਾਂ ਦੀ ਉਮਰ 87 ਸਾਲ ਹੈ ਜਦ ਕਿ ਇਥੇ ਰਿਟਾਇਰਮੈਂਟ 65 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਲਈ ਜਾ ਸਕਦੀ ਹੈ ਅਤੇ ਸਰਕਾਰ ਬੈਠਿਆਂ ਨੂੰ ਰੱਜਵਾਂ ਪੈਸਾ ਦਿੰਦੀ ਹੈ। ਇਸ ਦੀ ਧੀ ਦੀ ਉਮਰ ਵੀ ਪੈਨਸ਼ਨ ਲੈਣ ਦੇ ਬਰਾਬਰ ਹੋ ਚੁੱਕੀ ਹੈ ਪਰ ਇਹ ਬਜ਼ੁਰਗ ਟੈਕਸੀ ਚਲਾ ਕੇ ਜਿੱਥੇ ਆਪਣਾ ਵਧੀਆ ਸਮਾਂ ਪਾਸ ਕਰਦਾ ਹੈ ਉਥੇ ਕਹਿੰਦਾ ਹੈ ਕਿ ਰਾਤ ਦੀ ਡਿਊਟੀ ਦੌਰਾਨ ਉਸਨੂੰ ਇਕੱਲਾ ਪਨ ਵੀ ਮਹਿਸੂਸ ਨਹੀਂ ਹੁੰਦਾ। ਸਵਾਰੀਆਂ ਦੇ ਨਾਲ ਉਹ ਰਾਜਨੀਤਕ ਅਤੇ ਧਾਰਮਿਕ ਗੱਲਾਂ ਕਰਕੇ ਪ੍ਰਸੰਨ ਹੁੰਦਾ ਹੈ। ਉਸਨੇ ਕਿਹਾ ਕਿ ਉਹ ਪੈਸੇ ਕਰਕੇ ਕੰਮ ਨਹੀਂ ਕਰ ਰਿਹਾ ਸਗੋਂ ਕੰਪਨੀ ਅਤੇ ਲੋਕਾਂ ਦੇ ਨਾਲ ਆਪਣਾ ਮੇਲ-ਮਿਲਾਪ ਬਰਾਬਰ ਬਣਾਈ ਰੱਖਣਾ ਚਾਹੁੰਦਾ ਹੈ।