ਬੇਹੱਦ ਦੁੱਖਦਾਈ ਕਮਿਊਨਿਟੀ ਸ਼ੋਕ ਸਮਾਚਾਰ: 30 ਸਾਲਾ ਪੰਜਾਬੀ ਨੌਜਵਾਨ ਕੁਲਬੀਰ ਸਿੰਘ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ

ਨਿਊ ਪਲਾਈਮੱਥ ਤੋਂ ਵਾਪਿਸ ਪਰਤਦਿਆਂ ਘਟੀ ਘਟਨਾ

(ਔਕਲੈਂਡ, 27 ਦਸੰਬਰ, 2022: (12 ਪੋਹ, ਨਾਨਕਸ਼ਾਹੀ ਸੰਮਤ 554): ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਲਈ ਬੇਹੱਦ ਦੁਖਦਾਈ ਸ਼ੋਕ ਸਮਾਚਾਰ ਹੈ ਕਿ ਇਥੇ 18-19 ਸਾਲਾਂ ਤੋਂ ਰਹਿ ਰਹੇ 30 ਸਾਲਾ ਪੰਜਾਬੀ ਨੌਜਵਾਨ ਸ. ਕੁਲਬੀਰ ਸਿੰਘ ਸਿੱਧੂ ਸਪੁੱਤਰ ਸਵ. ਸ. ਲਖਬੀਰ ਸਿੰਘ ਅਤੇ ਸ੍ਰੀਮਤੀ ਹਰਪ੍ਰੀਤ ਕੌਰ, ਪਿੰਡ ਪੁਰਾਣਾ ਜ਼ਿਲ੍ਹਾ ਗੁਰਦਾਸਪੁਰ ਕੱਲ੍ਹ ਇਕ ਦਰਦਨਾਕ ਸੜਕ ਹਾਦਸੇ ਦੇ ਵਿਚ ਆਪਣੀ ਜਾਨ ਗਵਾ ਗਏ। ਪੁਲਿਸ ਅਨੁਸਾਰ ਜੋ ਵਾਹਨ (ਯੂਟ) ਇਹ ਨੌਜਵਾਨ ਚਲਾ ਰਿਹਾ ਸੀ, ਉਹ ਬੁਰੀ ਤਰ੍ਹਾਂ ਸੜ੍ਹ ਗਿਆ ਸੀ ਅਤੇ ਉਸ ਨੂੰ ਚਲਾਉਣ ਵਾਲਾ (ਸ. ਕੁਲਬੀਰ ਸਿੰਘ ਸਿੱਧੂ) ਵੀ ਬੁਰੀ ਤਰ੍ਹਾਂ ਸੜ ਗਿਆ ਸੀ। ਪੁਲਿਸ ਅਜੇ ਹੋਰ ਜਾਂਚ-ਪੜ੍ਹਤਾਲ ਕਰ ਰਹੀ ਹੈ।
ਕਿਵੇਂ ਘਟੀ ਦੁੱਖਦਾਈ ਘਟਨਾ: ਸ. ਕੁਲਬੀਰ ਸਿੰਘ ਸਿੱਧੂ ਆਪਣੀ ਪਤਨੀ ਅਤੇ ਦੋ ਬੱਚੀਆਂ ਦੇ ਨਾਲ ਕ੍ਰਿਸਮਸ ਦੀਆਂ ਛੁੱਟੀਆਂ ਕਰਕੇ ਨਿਊਪਲਾਈਮੱਥ ਵਿਖੇ ਗਿਆ ਸੀ ਤੇ ਹੋਟਲ ਆਦਿ ਬੁੱਕ ਸੀ। ਸ਼ਾਮ ਨੂੰ ਬੱਚਿਆਂ ਦੇ ਕਹਿਣ ਉਤੇ ਇਹ ਉਥੇ ਰਾਤ ਰਹਿਣ ਦੀ ਬਜ਼ਾਏ ਵਾਪਿਸ ਮੈਨੁਰੇਵਾ (ਔਕਲੈਂਡ) ਨੂੰ ਚੱਲ ਪਏ। ਕੁੱਝ ਘੰਟੇ ਦਾ ਸਫਰ ਕੱਢਣ ਉਤੇ ਵੇਖਿਆ ਕਿ ਉਸਦਾ ਮੋਬਾਇਲ ਹੋਟਲ ਦੇ ਵਿਚ ਹੀ ਰਹਿ ਗਿਆ ਹੈ। ਪਰਿਵਾਰ ਇਸ ਹੱਕ ਵਿਚ ਸੀ ਕਿ ਹੋਟਲ ਵਾਲੇ ਕੋਰੀਅਰ ਕਰ ਦੇਣਗੇ ਪਰ ਇਸ ਨੇ ਸੋਚਿਆ ਕਿ ਕਈ ਦਿਨ ਲੱਗ ਜਾਣੇ ਹਨ, ਜਾ ਕੇ ਹੀ ਲੈ ਆਉਂਦਾ ਹਾਂ। ਹਮਿਲਟਨ ਤੱਕ ਪਹੁੰਚਣ ਉਤੇ ਉਸਨੇ ਆਪਣੇ ਇਕ ਦੋਸਤ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਉਸਦੇ ਬੱਚਿਆਂ ਨੂੰ ਹਮਿਲਟਨ ਤੋਂ ਮੈਨੁਰੇਵਾ ਲੈ ਜਾਵੇ। ਬੱਚੇ ਵਾਪਿਸ ਆ ਗਏ ਅਤੇ ਪਰਿਵਾਰ ਨੇ ਕਿਹਾ ਕਿ ਤੁਸੀਂ ਹੁਣ ਹੋਟਲ ਰਾਤ ਰਹਿ ਕੇ ਸਵੇਰੇ ਆਇਓ ਤਾਂ ਕਿ ਰੈਸਟ ਵੀ ਹੋ ਸਕੇ। ਮਾੜੀ ਕਿਸਮਤ ਜਿਵੇਂ ਮੌਤ ਪਿੱਛੇ ਅਵਾਜਾਂ ਮਾਰ ਰਹੀ ਹੋਵੇ। ਉਹ ਵਾਪਿਸ ਜਾ ਕੇ ਅਗਲੇ ਦਿਨ 26 ਦਸੰਬਰ ਨੂੰ ਵਾਪਿਸ ਤੜਕੇ ਹੀ ਔਕਲੈਂਡ ਨੂੰ ਨਿਕਲ ਪਿਆ। ਸਵੇਰੇ 7.20 ਕੁ  ਵਜੇ ਦੀ ਘਟਨਾ ਹੈ ਕਿ ਜਦੋਂ ਉਹ ਥੋੜਾ ਦਾ ਸਫਰ ਤੈਅ ਕਰ ਚੁੱਕਾ ਸੀ ਤਾਂ ਮੀਮੀ ਅਤੇ ਵਾਇਟੀ ਰੋਡ ਦੇ ਨੇੜੇ ਪਤਾ ਨਹੀਂ ਕਿਸ ਤਰ੍ਹਾਂ ਉਸਦੇ ਯੂਟ ਨੂੰ ਅੱਗ ਲੱਗ ਗਈ ਅਤੇ ਉਹ ਵੀ ਵਿਚ ਹੀ ਸੜ ਗਿਆ। ਕਿਸੀ ਨੇ ਜਲਦੇ ਯੂਟ ਨੂੰ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਉਸਨੂੰ ਵਾਇਕਾਟੋ ਹਸਪਤਾਲ ਵਿਖੇ ਹਵਾਈ ਜਹਾਜ਼ ਰਾਹੀਂ ਪਹੁੰਚਾਇਆ, ਪਰ ਮੌਤ ਉਸਨੂੰ ਝੱਪਟ ਕੇ ਲੈ ਗਈ ਸੀ। ਉਹ ਬਾਕਸਿੰਗ ਡੇਅ ਮੌਕੇ ਬੱਚਿਆਂ ਨੂੰ ਸ਼ਾਪਿੰਗ ਕਰਾਉਣ ਦੇ ਚਾਅ ਵਿਚ ਹੀ ਜਲਦੀ ਨਿਕਲ ਆਇਆ ਸੀ, ਪਰ ਮੌਤ ਸਿਰ ਉਤੇ ਮੰਡਰਾ ਰਹੀ ਸੀ ਅਤੇ ਮੌਕਾ ਪਾ ਕੇ ਇਸ ਨੌਜਵਾਨ ਨੂੰ ਨਿਗਲ ਗਈ। ਸ. ਕੁਲਬੀਰ ਸਿੰਘ ਸਿੱਧੂ ਦੇ ਮਾਤਾ ਇੰਡੀਆ ਗਏ ਹੋਏ ਹਨ ਜੋ ਕਿ ਇਥੇ ਦੇ ਨਾਗਰਿਕ ਹਨ। ਪਿਤਾ ਜੀ ਸਵਰਗਵਾਸ ਹਨ ਅਤੇ ਇਕ ਭੈਣ ਇਥੇ ਹੈ। ਵੱਡਾ ਭਰਾ ਆਸਟਰੇਲੀਆ ਹੈ। ਉਨ੍ਹਾਂ ਦੇ ਸਤਿਕਾਰਯੋਗ ਜੀਜਾ ਸ. ਜਸਵਿੰਦਰ ਸਿੰਘ ਚੀਮਾ (021 716 318) ਇਸ ਵੇੇਲੇ ਗਹਿਰੇ ਸਦਮੇ ਵਿਚ ਹਨ ਅਤੇ ਪਰਿਵਾਰ ਨੂੰ ਹੌਂਸਲਾ ਦੇ ਰਹੇ ਹਨ। ਸ. ਕੁਲਬੀਰ ਸਿੰਘ ਸਿੱਧੂ ਦੀ ਪਤਨੀ ਪ੍ਰੀਤ ਕੌਰ ਸਿੱਧੂ ਵੀ ਇਸ ਵੇਲੇ ਗਹਿਰੇ ਸਦਮੇ ਵਿਚ ਹੈ। ਦੋ ਬੱਚੀਆਂ 6 ਅਤੇ 4 ਸਾਲ ਦੀਆਂ ਹਨ, ਜਿਨ੍ਹਾਂ ਦਾ ਆਪਣੇ ਪਿਤਾ ਜੀ ਨਾਲ ਬਹੁਤ ਛੋਟੀ ਉਮਰੇ ਵਿਛੋੜਾ ਪੈ ਗਿਆ। ਇਸ ਘਟਨਾ ਨੂੰ ਲੈ ਕੇ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ। ਸ. ਕੁਲਬੀਰ ਸਿੰਘ ਸਿੱਧੂ ਇਕ ਕੰਪਨੀ ਦੇ ਵਿਚ ਟਰੱਕ ਚਲਾਉਂਦਾ ਸੀ। 8-9 ਮਹੀਨੇ ਪਹਿਲਾਂ ਹੀ ਇਸਨੇ ਮੈਨੁਰੇਵਾ ਵਿਖੇ ਘਰ ਲਿਆ ਸੀ। ਪੁਲਿਸ ਕਾਰ ਨੂੰ ਅੱਗ ਲੱਗਣ ਦੇ ਕਾਰਨ ਲੱਭਣ ਦੀ ਕੋਸ਼ਿਸ਼ ਵਿਚ ਹੈ ਅਤੇ ਲੋਕਾਂ ਕੋਲੋਂ ਵੀ ਸਹਾਇਤਾ ਮੰਗੀ ਗਈ ਹੈ।