ਸਤਿਕਾਰ: ਮਹਾਰਾਣੀ ਦੀ ਨਿੱਘੀ ਯਾਦ -ਨਿਊਜ਼ੀਲੈਂਡ ’ਚ ਸਮੂਹ ਰਾਜਸੀ ਪਾਰਟੀਆਂ ਦੀ ਸਲਾਹ ਉਪਰੰਤ 26 ਸਤੰਬਰ ਨੂੰ ਜਨਤਕ ਛੁੱਟੀ ਦਾ ਐਲਾਨ

ਪ੍ਰਧਾਨ ਮੰਤਰੀ ਤੇ ਗਵਰਨਰ ਜਨਰਲ ਅੰਤਿਮ ਰਸਮਾਂ ਵਿਚ ਕਰਨਗੇ ਸ਼ਿਰਕਤ

(ਆਕਲੈਂਡ):-ਬਰਤਾਨੀਆ ਦੀ ਮਹਾਰਾਣੀ ਅਤੇ ਨਿਊਜ਼ੀਲੈਂਡ ਰਾਜ ਦੀ ਸਾਬਕਾ ਮੁਖੀ ਮਹਾਰਾਣੀ ਏਲਿਜ਼ਾਬੇਥ-2 ਦੀ ਨਿੱਘੀ ਯਾਦ ਵਿਚ ਨਿਊਜ਼ੀਲੈਂਡ ਸਰਕਾਰ ਨੇ ਜਿੱਥੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੋਇਆ ਹੈ, ਉਥੇ ਇਸ ਸਾਲ ਆਉਂਦੀ 26 ਸਤੰਬਰ ਨੂੰ ਜਨਤਕ ਛੁੱਟੀ ਦਾ ਅੱਜ ਐਲਾਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਦਫਤਰ ਵੱਲੋਂ ਕੀਤਾ ਗਿਆ। ਇਸ ਜਨਤਕ ਛੁੱਟੀ ਉਤੇ ਸਾਰੀ ਰਾਜਸੀ ਪਾਰਟੀਆਂ ਨੇ ਆਪਣੀ ਸਹਿਮਤੀ ਦਿੱਤੀ ਹੈ। ਇਸ ਜਨਤਕ ਛੁੱਟੀ ਨੂੰ ‘ਕੁਈਨ ਏਲਿਜ਼ਾਬੇਥ-2 ਮੈਮੋਰੀਅਲ ਡੇਅ’ ਦੇ ਤੌਰ ਉਤੇ ਯਾਦ ਕੀਤਾ ਜਾਵੇਗਾ। ਛੁੱਟੀ ਨੂੰ ਅਮਲ ਵਿਚ ਲਿਆਉਣ ਲਈ ਇਕ ਵਿਧਾਨ ਵੀ ਅਗਲੇ ਹਫਤੇ ਪਾਰਲੀਮੈਂਟ ਦੇ ਵਿਚ ਲਿਆਂਦਾ ਜਾਵੇਗਾ। ਮਹਾਰਾਣੀ ਦੀਆਂ ਅੰਤਿਮ ਰਸਮਾਂ ਦੇ ਲਈ ਮਾਣਯੋਗ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਤੇ ਮਾਣਯੋਗ ਗਵਰਨਰ ਜਨਰਲ ਸਿੰਡੀ ਕਿਰੋ ਪਹੁੰਚਣਗੇ। ਇਹ ਦੋਵੇਂ 14 ਸਤੰਬਰ ਨੂੰ ਲੰਡਨ ਲਈ ਰਵਾਨਾ ਹੋਣਗੀਆਂ। ਇਹ ਸਫਰ 18,325 ਕਿਲੋਮੀਟਰ ਦਾ ਬਣਦਾ ਹੈ ਅਤੇ ਲਗਪਗ 23 ਘੰਟੇ ਤੋਂ 25 ਘੰਟੇ ਦੀ ਹਵਾਈ ਉਡਾਣ ਬਣਦੀ ਹੈ। ਲੰਡਨ ਜਾਣਾ ਹੋਵੇ ਤਾਂ ਬਹੁਤੇ ਕਮਰਸ਼ੀਅਲ ਜਹਾਜ਼ ਭਾਰਤ ਦੇ ਉਪਰੋਂ ਲੰਘ ਕੇ ਜਾਂਦੇ ਹਨ। ਇਸ ਤੋਂ ਬਾਅਦ ਉਹ ਨਿਊਯਾਰਕ ਵਿਖੇ ਜਾਣਗੇ ਜਿੱਥੇ ਯੂਨਾਈਟਿਡ ਨੇਸ਼ਨਜ ਜਨਰਲ ਅਸੈਂਬਲੀ ਹੋ ਰਹੀ ਹੈ। ਇਥੇ ਉਨ੍ਹਾਂ ਦੀਆਂ ਹਫਤੇ ਭਰ ਦੀਆਂ ਗਤੀਵਿਧੀਆਂ ਹਨ। ਇਥੇ ਕ੍ਰਾਈਸਟਚਰਚ-ਕਾਲ ਵਿਸ਼ੇਸ਼ ਸਬੰਧੀ ਇਕ ਸਮਾਗਮ ਹੈ ਜਿੱਥੇ ਉਹ ਨਿਊਜ਼ੀਲੈਂਡ ਦਾ ਪੱਖ ਰੱਖਣਗੇ।
ਰਾਜਪੱਧਰੀ ਸ਼ਰਧਾਂਜਲੀ ਸਮਾਗਮ ਵਲਿੰਗਟਨ ਸੇਂਟ ਪਾਲ ਕੈਥਡਰਾਲ ਵਿਖੇ 26 ਸਤੰਬਰ ਨੂੰ ਹੋਵੇਗਾ, ਜੋ ਟੀ.ਵੀ. ਉਤੇ ਵੀ ਵੇਖਿਆ ਜਾ ਸਕੇਗਾ। ਹੋਰ ਰਾਜ ਪੱਧਰ ਉਤੇ ਹੋਣ ਵਾਲੇ ਸ਼ਰਧਾਂਜਲੀ ਸਮਾਗਮਾਂ ਬਾਰੇ ਸਰਕਾਰ ਜਲਦੀ ਹੀ ਵੇਰਵੇ ਜਾਰੀ ਕਰੇਗੀ।