R-21: ਸਵਾ ਲੱਖ ਹੋ ਗਏ ਪੱਕੇ: ਇਕ ਸਾਲ ਦੇ ਵਿਚ ਇਮੀਗ੍ਰੇਸ਼ਨ ਨੇ ਠਾਹ-ਠਾਹ ਕਰਕੇ 123,000 ਤੋਂ ਵੱਧ ਪ੍ਰਵਾਸੀ ਬਣਾਏ ਕੀਵੀ

ਆਰ-21 ਇਨਟਰਮ ਵੀਜ਼ਾ ਵਾਲੇ ਵੀ ਬਾਹਰ ਆ ਜਾ ਸਕਣਗੇ

(ਔਕਲੈਂਡ) ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਰੈਜ਼ੀਡੈਟ-21 ਸ਼੍ਰੇਣੀ ਤਹਿਤ ਹੁਣ ਤੱਕ 106,085 ਅਰਜ਼ੀਆਂ ਪ੍ਰਾਪਤ ਕੀਤੀਆਂ ਸਨ ਅਤੇ ਇਨ੍ਹਾਂ ਵਿਚੋਂ 67,760 ਉਤੇ ਪੱਕੀਆਂ ਮੋਹਰਾਂ ਲਾ ਕੇ 123,000 ਤੋਂ ਵੱਧ ਪ੍ਰਵਾਸੀਆਂ ਨੂੰ ਪੱਕਾ ਕਰਕੇ ਕੀਵੀ ਬਣਾ ਦਿੱਤਾ ਗਿਆ ਹੈ। ਲਗਪਗ 64% ਅਰਜ਼ੀਆਂ ਦਾ ਨਿਬੇੜਾ ਕਰ ਦਿੱਤਾ ਗਿਆ ਹੈ। ਆਰ-21 ਤਹਿਤ ਅਰਜ਼ੀਆਂ 1 ਦਸੰਬਰ 2021 ਨੂੰ ਲੈਣੀਆ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਅੱਜ ਇਕ ਸਾਲ ਹੋ ਗਿਆ ਹੈ। ਬਾਕੀ ਰਹਿੰਦੀਆਂ ਅਰਜ਼ੀਆਂ ਨੂੰ ਜੂਨ 2023 ਤੱਕ ਨਿਬੇੜਨ ਦਾ ਟੀਚਾ ਮਿਥਿਆ ਹੋਇਆ ਹੈ। ਸਰਕਾਰ ਨੇ ਸਮਾਂ ਸੀਮਾ 12 ਤੋਂ 18 ਮਹੀਨੇ ਕਰ ਦਿੱਤੀ ਸੀ। ਜਿਨ੍ਹਾਂ ਨੂੰ ਆਰ-21 ਤਹਿਤ ਇਨਟਰਮ ਵੀਜ਼ਾ ਦਿੱਤਾ ਗਿਆ ਸੀ, ਪਹਿਲਾਂ ਉਨ੍ਹਾਂ ਦੇ ਨਿਊਜ਼ੀਲੈਂਡ ਤੋਂ ਬਾਹਰ ਜਾਣ ਉਤੇ ਵੀਜ਼ਾ ਕੈਂਸਿਲ ਹੋ ਜਾਣ ਦੀ ਸ਼ਰਤ ਲਾਗੂ ਸੀ, ਪਰ ਹੁਣ ਇਹ ਸ਼ਰਤ ਚੁੱਕ ਦਿੱਤੀ ਗਈ ਹੈ। ਲਗਪਗ 3000 ਲੋਕ ਇਸ ਵੀਜ਼ੇ ਵਾਲੇ ਹਨ ਅਤੇ 300 ਲੋਕਾਂ ਨੇ ਬਾਹਰ ਜਾਣ ਦੀ ਅਰਜ਼ੀ ਵੀ ਪਾਈ ਹੈ। ਇਸ ਤੋਂ ਇਲਾਵਾ ਜਿਹੜੇ ਪਰਿਵਾਰ ਆਰ-21 ਦੀ ਅਰਜ਼ੀ ਦੇ ਵਿਚ ਸ਼ਾਮਿਲ ਹਨ ਅਤੇ ਵਿਛੜੇ ਬੈਠੇ ਹਨ, ਜਾਂ ਬੱਚੇ ਵਿਛੜੇ ਬੈਠੇ ਹਨ, ਉਨ੍ਹਾਂ ਨੂੰ ਪਹਿਲ ਦੇਣ ਲਈ ਈਮੇਲ ਰਾਹੀਂ ਅਰਜ਼ੀਆਂ ਮੰਗੀਆਂ ਗਈਆਂ ਸਨ। ਪਹਿਲੇ 10 ਦਿਨਾਂ ਦੇ ਵਿਚ ਹੀ 3000 ਅਰਜ਼ੀਆਂ ਇਮੀਗ੍ਰੇਸ਼ਨ ਕੋਲ ਪਹੁੰਚੀਆਂ। ਇਮੀਗ੍ਰੇਸ਼ਨ ਨੇ ਹੁਣ ਤੱਕ ਲਗਪਗ 200 ਅਰਜ਼ੀਆਂ ਕੈਂਸਿਲ ਵੀ ਕੀਤੀਆਂ ਹਨ। ਸਾਰੀਆਂ ਅਰਜ਼ੀਆਂ ਖਤਮ ਹੋਣ ਬਾਅਦ ਲਗਪਗ 2 ਲੱਖ 14 ਹਜ਼ਾਰ ਤੋਂ ਵੱਧ ਲੋਕ ਇਥੇੇ ਪੱਕੇ ਹੋ ਕੇ ਕੀਵੀ ਬਣ ਜਾਣਗੇ।