ਨਿਊਜ਼ੀਲੈਂਡ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਸ੍ਰੀ ਪੀਟਰ ਡੱਨ ਨੇ ਅੱਜ ਜਾਰੀ ਬਿਆਨ ਵਿਚ ਕਿਹਾ ਹੈ ਕਿ ਨਿਊਜ਼ੀਲੈਂਡ ਵਾਸੀ ਇਸ ਸਾਲ ਦੇ ਅੰਤ ਤੱਕ 10 ਸਾਲ ਦੀ ਮਿਆਦ ਵਾਲੇ ਪਾਸਪੋਰਟ ਦੀ ਸੁਵਿਧਾ ਦਾ ਫਾਇਦਾ ਚੁੱਕਣਾ ਸ਼ੁਰੂ ਕਰ ਦੇਣਗੇ। ਇਸ ਨੂੰ ਹੋਰ ਘੱਟ ਲਾਗਤ ਵਾਲਾ ਅਤੇ ਹਵਾਈ ਆਵਾਜਾਈ ਲਈ ਲਾਭਕਾਰੀ ਬਣਾਇਆ ਜਾ ਰਿਹਾ ਹੈ। ਬੱਚਿਆਂ ਦੇ ਪਾਸਪੋਰਟ ਅਜੇ ਪੰਜ ਸਾਲ ਦੀ ਮਿਆਦ ਤੱਕ ਹੀ ਰਹਿਣਗੇ। 10 ਸਾਲਾ ਪਾਸਪੋਰਟ ਦੀ ਲਾਗਤ 180 ਡਾਲਰ ਰੱਖੀ ਗਈ ਹੈ। ਪਾਸਪੋਰਟ ਦੀ ਮਿਆਦ ਵਿਚ ਬਦਲਾਅ ਲਈ ਇਸੇ ਸਾਲ ਦੇ ਅੰਤ ਤੱਕ ਕਾਨੂੰਨੀ ਸੋਧ ਕੀਤੀ ਜਾਵੇਗੀ। ਸਰਕਾਰ ਬੱਚਿਆਂ ਦੇ ਲਈ ਵੀ ਆਨ ਲਾਈਨ ਪਾਸਪੋਰਟ ਐਪਲੀਕੇਸ਼ਨ ਸੁਵਿਧਾ ਦੇਣ ਉਤੇ ਵਿਚਾਰ ਕਰ ਰਹੀ ਹੈ। ਇਸ ਵੇਲੇ 40% ਬਾਲਗ ਲੋਕ ਆਨ ਲਾਈਨ ਸੇਵਾ ਪਾਸਪੋਰਟ ਨਵਿਆਉਣ ਲਈ ਵਰਤ ਰਹੇ ਹਨ। ਵਰਨਣਯੋਗ ਹੈ ਕਿ ਕੀਵੀ ਪਾਸਪੋਰਟ ਹੋਲਡਰ 170 ਦੇਸ਼ਾਂ ਦੇ ਵਿਚ ਬਿਨਾਂ ਵੀਜ਼ਾ ਅਪਲਾਈ ਕੀਤਿਆਂ ਜਾ ਸਕਦੇ ਹਨ।