ਨਾਟਿਅਮ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੁੱਕੜ ਨਾਟਕ ਕੀਤੇ ਗਏ ਪੇਸ਼

ਗੁਰਸ਼ਰਨ ਭਾਅ ਜੀ ਦੇ ਲਿਖੇ ਨਾਟਕ “ਗੁਰੂ ਲਾਧੋ ਰੇ” ਰਾਹੀਂ ਦਿੱਤਾ ਸੱਚੇ ਗੁਰੂ ਤੇ ਸੱਚੇ ਆਗੂ ਦੀ ਤਲਾਸ਼ ਦਾ ਸੁਨੇਹਾ

ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਨੌਜਵਾਨ ਕਲਾਕਾਰਾਂ ਨੇ ਸਕੂਲਾਂ ਚ ਜਾ ਕੇ ਦਿੱਤੀ ਪੇਸ਼ਕਾਰੀ

ਬਠਿੰਡਾ : ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੁੱਕੜ ਨਾਟਕਾਂ ਦੀ ਲੜੀ ਚਲਾਈ ਗਈ। ਇਸ ਲੜੀ ਵਿਚ ਰੰਗ ਮੰਚੀ ਗਰੁੱਪ ਨਾਟਿਅਮ ਵੱਲੋਂ ਕੀਰਤੀ ਕਿਰਪਾਲ ਦੀ ਨਿਰਦੇਸ਼ਨਾ ਹੇਠ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ-ਸ਼ਹਿਰਾਂ ਵਿਚ ਨਾਟਕਕਾਰ ਗੁਰਸ਼ਰਨ ਭਾਅ ਜੀ ਦਾ ਲਿਖਿਆ ਹੋਇਆ ਨਾਟਕ “ਗੁਰੂ ਲਾਧੋ ਰੇ” ਦੀ ਪੇਸ਼ਕਾਰੀ ਕੀਤੀ ਗਈ। ਬਠਿੰਡਾ ਸ਼ਹਿਰ ਦੇ ਟੀਚਰਜ਼ ਹੋਮ, ਮਿੰਨੀ ਸਕੱਤਰੇਤ ਬਠਿੰਡਾ ਸਾਹਮਣੇ ਅਤੇ ਨਾਲ ਲਗਦੇ ਪਿੰਡਾਂ ਕੋਠੇ ਚੇਤ ਸਿੰਘ, ਬੁਰਜ ਮਹਿਮਾ, ਕੋਠੇ ਲਾਲ ਸਿੰਘ ਆਦਿ ਦੇ ਸਰਕਾਰੀ ਸਕੂਲਾਂ ਵਿੱਚ ਇਸ ਨਾਟਕ ਨੂੰ ਪੇਸ਼ ਕੀਤਾ ਗਿਆ।

ਇਸ ਨਾਟਕ ਵਿਚ ਮੱਖਣ ਸ਼ਾਹ ਲੁਬਾਣਾ ਦੁਆਰਾ ਬਾਬਾ ਬਕਾਲਾ ਵਿਚ ਸੱਚਾ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਲੱਭਣ ਦੀ ਘਟਨਾ ਨੂੰ ਆਧਾਰ ਬਣਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਅੱਜ ਵੀ ਬਹੁਤ ਸਾਰੇ ਠੱਗ ਆਪਣੇ-ਆਪ ਨੂੰ ਸੱਚਾ ਤੇ ਅਸਲੀ ਗੁਰੂ ਦੱਸਕੇ ਕਰਕੇ ਲੋਕਾਂ ਦੀ ਹੱਕ-ਹਲਾਲ ਦੀ ਕਮਾਈ ਨੂੰ ਹੜੱਪਣ ‘ਤੇ ਲੱਗੇ ਹੋਏ ਹਨ, ਜਦ ਕਿ ਲੋਕਾਂ ਨੂੰ ਅੱਜ ਵੀ ਸੱਚੇ ਤੇ ਅਸਲ ਗੁਰੂ ਦੀ ਤਲਾਸ਼ ਹੈ। ਇਸੇ ਤਰ੍ਹਾਂ ਰਾਜਨੀਤਕ ਦਿ੍ਰਸ਼ ਵੀ ਅਜਿਹਾ ਹੈ ਕਿ ਸਾਰੇ ਰਾਜਨੀਤਕ ਆਗੂ ਆਪਣੇ-ਆਪ ਨੂੰ ਲੋਕਾਂ ਦਾ ਮਸੀਹਾ ਦੱਸਦੇ ਹਨ ਪਰ ਸੱਤਾ ‘ਤੇ ਕਾਬਜ਼ ਹੁੰਦਿਆਂ ਹੀ ਲੋਕਾਂ ਨੂੰ ਭੁੱਲ ਕੇ ਸਿਰਫ ਆਪਣੇ ਨਿੱਜ ਬਾਰੇ ਸੋਚਦੇ ਹਨ। ਇਸ ਸਮੇਂ ਸੱਚੇ ਗੁਰੂ ਤੇ ਸੱਚੇ ਆਗੂ ਦੀ ਤਲਾਸ਼ ਹੈ, ਜੋ ਲੋਕਾਂ ਦੀ ਹਨੇਰ ਜ਼ਿੰਦਗੀ ਵਿਚ ਚਾਨਣ ਦਾ ਛਿੱਟਾ ਦੇ ਸਕੇ।

ਨਾਟਕ ਵਿੱਚ ਬਿਕਰਮਜੀਤ ਸਿੰਘ, ਅਸ਼ੀਸ਼ ਸ਼ਰਮਾ, ਹਰਮਨਦੀਪ ਸਿੰਘ, ਹਰਸ਼ਪਿੰਦਰ ਸਿੰਘ ਅਤੇ ਹਿਮਾਂਸ਼ੂ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾ ਕੇ ਦਰਸ਼ਕਾਂ ਦੇ ਮਨਾਂ ‘ਤੇ ਆਪਣੀ ਅਮਿੱਟ ਛਾਪ ਛੱਡੀ। ਇਨ੍ਹਾਂ ਪੇਸ਼ਕਾਰੀਆਂ ਨੂੰ ਕਰਵਾਉਣ ਵਿਚ ਪ੍ਰਿੰਸੀਪਲ ਮਨਦੀਪ ਕੌਰ ਸਸਸਸ ਕੋਠੇ ਚੇਤ ਸਿੰਘ, ਬਲਵਿੰਦਰ ਸਿੰਘ ਮੈਥ ਮਾਸਟਰ, ਬਹਾਦਰ ਸਿੰਘ ਸਹਸ ਬੁਰਜ ਮਹਿਮਾ ਅਤੇ ਮੁੱਖ ਅਧਿਆਪਕ ਗੁਰਜੀਤ ਸਿੰਘ ਸਹਸ ਕੋਠੇ ਲਾਲ ਸਿੰਘ ਨੇ ਮਹੱਤਵਪੂਰਨ ਸਹਿਯੋਗ ਦਿੱਤਾ।

Install Punjabi Akhbar App

Install
×