ਪ੍ਰਮਾਣੂ ਸੰਧੀ

sept-2014
ਰਿਸ਼ਤਿਆਂ ਦੀ ਅਹਿਮੀਅਤ ਆਪਣਾ ਇਕ ਖ਼ਾਸ ਥਾਂ ਰੱਖਦੀ ਹੈ ਉਹ ਰਿਸ਼ਤੇ ਭਾਵ ਇਨਸਾਨੀ ਹੋਣ ਭਾਵੇਂ ਮੁਲਕਾਂ ਦੇ ਹੋਣ। ਆਸਟ੍ਰੇਲੀਆ ਭਾਰਤ ਦੇ ਰਿਸ਼ਤੇ ਮੁੱਢੋਂ ਹ ਸੁਖਾਲੇ ਰਹੇ ਹਨ। ਜੇ ਉਧਾਰਨ ਦੇ ਤੌਰ ਤੇ ਦੇਖਿਆ ਜਾਵੇ ਤਾਂ ਅੱਜ ਤੋਂ ਕਈ ਦਹਾਕੇ ਪਹਿਲਾ ਆਸਟ੍ਰੇਲੀਆ ਦੇ ਪਰਧਾਨ ਮੰਤਰੀ ਆਪਣੇ ਭਾਰਤੀ ਦੌਰੇ ਤੇ ਭਾਰਤ ਨੂੰ ਸਫ਼ੈਦੇ ਦੀ ਨਸਲ ਦੇ ਕੇ ਆਏ ਸਨ। ਇਕ ਵਕਤ ਇਹ ਆਇਆ ਸੀ ਕਿ ਲੋਕ ਰਵਾਇਤੀ ਖੇਤੀ ਨੂੰ ਛੱਡ ਸਫ਼ੈਦੇ ਲਾਉਣ ਲੱਗ ਗਏ ਸਨ। ਕਹਿਣ ਦਾ ਭਾਵ ਜੇ ਰਿਸ਼ਤੇ ਚੰਗੇ ਹੋਣ ਤਾਂ ਚੰਗੀਆਂ ਚੀਜ਼ਾਂ ਦੇ ਵਟਾਂਦਰੇ ਵੀ ਹੋ ਜਾਂਦੇ ਹਨ ਨਹੀਂ ਤਾਂ ਖਿੱਚੋਤਾਣ ਵਿੱਚ ਹੀ ਵਕਤ ਅਤੇ ਵਸੀਲੇ ਜਾਇਆ ਹੋ ਜਾਂਦੇ ਹਨ। ਅੰਤਰਰਾਸ਼ਟਰੀ ਰਿਸ਼ਤੇ ਬੰਨ੍ਹਾਉਣੇ ਅਤੇ ਨਿਭਾਉਣੇ ਕਾਫ਼ੀ ਮੁਸ਼ਕਿਲ ਹੁੰਦੇ ਹਨ। ਇਥੇ ਵੀ ਉਹੀ ਫੈਕਟਰ ਕੰਮ ਕਰਦਾ ਜਿਹੜਾ ਇਕ ਪਰਵਾਰ ਦੀ ਇਕਾਈ ‘ਚ ਕਰਦਾ ਬਹੁਤ ਸਾਰੇ ਲੋਕਾਂ ਨੂੰ ਕਿਸੇ ਦੇ ਗੂੜ੍ਹੇ ਰਿਸ਼ਤੇ ਨਹੀਂ ਭਾਉਂਦੇ ਤੇ ਉਹ ਇਹਨਾਂ ਨੂੰ ਆਪਣੇ ਨਫ਼ੇ ਨੁਕਸਾਨ ਨਾਲ ਤੋਲਣ ਲੱਗ ਜਾਂਦੇ ਹਨ। ਕੁਝ ਇਹੋ ਜਿਹਾ ਵਰਤਾਰਾ ਭਾਰਤ ਆਸਟ੍ਰੇਲੀਆ ਦੇ ਰਿਸ਼ਤਿਆਂ ‘ਚ ਵੀ ਦੇਖਣ ਨੂੰ ਮਿਲਿਆ। 2008-09 ਵਿਚ ਭਾਰਤੀ ਵਿਦਿਆਰਥੀਆਂ ਨਾਲ ਹੋਏ ਸਲੂਕ ਨੂੰ ਜੇ ਗੌਹ ਨਾਲ ਦੇਖਿਆ ਜਾਵੇ ਤਾਂ ਉਸ ਪਿੱਛੇ ਵੀ ਕੁਝ ਕੁ ਤਾਕਤਾਂ ਦਾ ਹੱਥ ਮਹਿਸੂਸ ਹੁੰਦਾ ਹੈ। ਭਾਵੇਂ ਇਹ ਸਾਡੀ ਫ਼ਿਤਰਤ ਹੈ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਦਾ ਚਿੱਕੜ ਦੂਜੇ ਤੇ ਸੁੱਟਣ ਦੇ ਆਦੀ ਹਾਂ। ਇਹਨਾਂ ਦੋਨਾਂ ਮੁਲਕਾਂ ਦੇ ਰਿਸ਼ਤੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਨੂੰ ਪ੍ਰਭਾਵਿਤ ਕਰਨ ਦੇ ਸਮਕਸ਼ ਹਨ। ਜਿੱਥੇ ਦੁਨੀਆ ਭਾਰਤ ਦੀ ਨੌਜਵਾਨ ਪੀੜ੍ਹੀ ਦਾ ਆਧੁਨਿਕਤਾ ਦੇ ਖੇਤਰ ‘ਚ ਲੋਹਾ ਮੰਨਦੀ ਹੈ ਉਥੇ ਆਸਟ੍ਰੇਲੀਆ ਕੋਲ ਆਧੁਨਿਕ ਸੰਸਾਰ ਨੂੰ ਚਲਾਉਣ ਵਾਲੇ ਈਂਧਨ ਯਾਨੀ ਕਿ ਯੁਰੇਨੀਅਮ ਦੇ ਭੰਡਾਰ ਹਨ। ਸੋ ਕਹਿੰਦੇ ਹੁੰਦੇ ਹਨ ਕੇ ਜੇ ਹੀਲੇ ਤੇ ਵਸੀਲੇ ਮਿਲ ਜਾਣ ਤਾਂ ਇਤਿਹਾਸ ਦੀ ਸਿਰਜਣਾ ਹੁੰਦੀ। ਕੁੱਝ ਇਹੋ ਜਿਹਾ ਇਤਿਹਾਸ ਸਿਰਜਣ ਦੇ ਰਾਹ ਅੱਜਕੱਲ੍ਹ ਇਹ ਦੋਨੇਂ ਮੁਲਕ ਪਏ ਹਨ। ਜੇ ਆਉਣ ਵਾਲੇ ਦੋ ਕੁ ਸਾਲਾਂ ‘ਚ ਕਿਸੇ ਤੀਜੀ ਧਿਰ ਦਾ ਦਬਾਅ ਨਾ ਬਣਿਆ ਤਾਂ ਭਵਿੱਖ ਸੁਨਹਿਰੀ ਦਿਖਾਈ ਦੇ ਰਿਹਾ। ਬੀਤੇ ਦਿਨੀਂ ਅਸਟ੍ਰੇਲੀਆਈ ਪ੍ਰਧਾਨ ਮੰਤਰੀ ਮਾਣਯੋਗ ਟੋਨੀ ਐਬਟ ਦੇ ਭਾਰਤ ਦੌਰੇ ਦੀਆਂ ਕੁਝ ਪ੍ਰਾਪਤੀਆਂ ‘ਚੋਂ ਪ੍ਰਮਾਣੂ ਸੰਧੀ ਤੇ ਹੋਏ ਦਸਤਖ਼ਤ ਮੀਲ ਪੱਥਰ ਬੰਨ੍ਹਣ ਜਾ ਰਹੇ ਹਨ। ਹੁਣ ਉਹ ਦਿਨ ਦੂਰ ਨਹੀਂ ਦਿਸਦੇ ਜਦੋਂ ਭਾਰਤ ਆਸਟ੍ਰੇਲੀਆ ਦੀ ਇਸ ਐਨਰਜੀ ਸਹਾਰੇ ਅੰਬਰਾਂ ‘ਚ ਉੱਡਣ ਦੇ ਸਮਰੱਥ ਬਣੇਗਾ। ਇਸ ਸਾਰੇ ਵਰਤਾਰੇ ਦਾ ਕਰੈਡਿਟ ਜੇ ਇਕ ਦੋ ਬੰਦਿਆਂ ਨੂੰ ਦੇਣਾ ਹੋਵੇ ਤਾਂ ਬੇ ਸ਼ਰਤ, ਬੇਝਿਜਕ ਸ. ਮਨਮੋਹਨ ਸਿੰਘ ਤੇ ਡਾ. ਅਬਦੁਲ ਕਲਾਮ ਇਸ ਦੇ ਹੱਕਦਾਰ ਹਨ।ਕਈ ਮਿੱਤਰਾਂ ਦੀ ਮੇਰੀ ਇਸ ਗੱਲ ਨਾਲ ਸਹਿਮਤੀ ਹੋਣੀ ਲਾਜ਼ਮੀ ਨਹੀਂ ਹੈ। ਸਮਝੌਤੇ ਤੇ ਦਸਤਖ਼ਤ ਮੋਦੀ ਸਾਹਿਬ ਕਰ ਰਹੇ ਹਨ ਤੇ ਕਰੈਡਿਟ ਮਨਮੋਹਨ ਸਿੰਘ ਹੋਰਾਂ ਨੂੰ। ਜੀ ਬਿਲਕੁਲ ਯਾਦ ਕਰੋ ਉਹ ਦਿਨ ਜਦੋਂ ਇਸੇ ਪ੍ਰਮਾਣੂ ਸੰਬੰਧੀ ਰਣ-ਨੀਤੀਆਂ ਬਣਾਉਂਦੇ ਮਨਮੋਹਨ ਸਿੰਘ ਨੂੰ ਇਸੇ ਬੀਜੇਪੀ ਅਤੇ ਖੱਬੇ ਪੱਖੀਆਂ ਨੇ ਡੇਗਣ ਦੀ ਪੂਰੀ ਵਾਹ ਲਾਈ ਸੀ। ਉਸ ਵਕਤ ਮੇਰੇ ਜਿਹੇ ਅਨਪੜ੍ਹ ਲੋਕ ਵੀ ਮਨਮੋਹਨ ਸਿੰਘ ਤੇ ਅਬਦੁਲ ਕਲਾਮ ਤੇ ਉਂਘਲ਼ਾ ਉਠਾ ਰਹੇ ਸਨ ਤੇ ਅੱਜ ਕੁਝ ਵਰ੍ਹਿਆਂ ਬਾਅਦ ਉਹੀ ਪ੍ਰਮਾਣੂ ਦੇਸ਼ ਲਈ ਘਿਉ ਦੱਸਿਆ ਜਾ ਰਿਹਾ ਹੈ। ਆਮ ਲੋਕਾਂ ਨੂੰ ਮੂਰਖ ਬਣਾਉਣ ਲਈ ਇਕੋ ਮੁੱਦੇ ਤੇ ਦੋਹਰੇ ਮਾਪਦੰਡ ਦੀ ਇਹ ਇਕ ਖ਼ੂਬਸੂਰਤ ਉਧਾਰਨ ਹੈ। ਚਲੋ ਦੇਰ ਆਏ ਦਰੁਸਤ ਆਏ ਅਤੇ ਲੋਕਾਂ ਨੂੰ ਵੀ ਕੁਝ ਸਵਾਲ ਮਿਲੇ ਇਸ ਸਮਝੌਤੇ ਨਾਲ।

Install Punjabi Akhbar App

Install
×