ਨਾਰਦਰਨ ਟੈਰਿਟਰੀ ਵਿੱਚ ਗੁੰਮ ਹੋਏ ਤਿੰਨਾਂ ਵਿਅੱਕਤੀਆਂ ਵਿਚੋਂ ਇੱਕ ਹੋਰ ਮਿਲਿਆ

( ਫੂ ਟਰਾਨ ਅਤੇ ਕਲੇਰ ਹੋਕਰਿਜ਼ )

ਸੁਰੱਖਿਆ ਦਸਤਿਆਂ ਨੇ ਨਾਰਦਰਨ ਟੈਰਿਟਰੀ ਵਿੱਚ ਗੁੰਮ ਹੋਏ ਤਿੰਨ ਵਿਅੱਕਤੀਆਂ ਵਿਚੋਂ ਇੱਕ ਹੋਰ ਦੀ ਭਾਲ ਕਰ ਲਈ ਹੈ ਅਤੇ ਇਸ ਦੀ ਪਹਿਚਾਣ 40 ਸਾਲਾ ਫੂ ਟਰਾਨ ਵਜੋਂ ਹੋਈ ਹੈ। ਇਸਤੋਂ ਪਹਿਲਾਂ 52 ਸਾਲਾਂ ਦੇ ਟਾਮਰਾ ਮੈਕਬੀਥ ਨੂੰ ਵੀ ਐਤਵਾਰ ਵਾਲੇ ਦਿਨ ਭਾਲ ਲਿਆ ਗਿਆ ਸੀ। ਹੁਣ ਸਿਰਫ ਕਲੇਰ ਹੋਕਰਿਜ਼ ਨਾਂ ਦੀ ਮਹਿਲਾ ਜੋ ਕਿ 46 ਸਾਲਾਂ ਦੀ ਹੈ, ਹਾਲੇ ਤੱਕ ਲਾ ਪਤਾ ਹੈ ਅਤੇ ਹੁਣ ਸੁਰੱਖਿਆ ਦਸਤੇ ਉਸਦੀ ਭਾਲ ਵਿੱਚ ਰੁੱਝੇ ਹਨ। ਜ਼ਿਕਰਯੋਗ ਹੈ ਕਿ ਬੀਤੇ 19 ਨਵੰਬਰ ਨੂੰ ਇਹ ਲੋਕ ਆਪਣੀ ਕਾਰ ਵਿੱਚ ਨਿਕਲੇ ਸਨ ਅਤੇ ਇਨਾ੍ਹਂ ਦੀ ਕਾਰ ਫਿੰਕ ਨਦੀ ਦੇ ਰੇਤਲੇ ਕਿਨਾਰੇ ਵਿੱਚ ਧੱਸ ਜਾਣ ਕਾਰਨ ਫੱਸ ਗਈ ਸੀ ਅਤੇ ਇਹ ਮਦਦ ਭਾਲਦੇ ਤਿੰਨੋ ਪੈਦਲ ਹੀ ਨਿਕਲ ਗਏ ਸਨ। ਪਰ ਬਾਅਦ ਵਿੱਚ ਇਹ ਤਿੰਨੋ ਭਟਕ ਕੇ ਆਪਸ ਵਿੱਚ ਵਿੱਛੜ ਗਏ। ਵਿਛੜਨ ਤੋਂ ਪਹਿਲਾਂ ਇਹ ਤਕਰੀਬਨ ਇੱਕ ਹਫਤੇ ਤੱਕ ਇਕੱਠੇ ਰਹੇ ਸਨ ਅਤੇ ਫੇਰ ਪਾਣੀ ਅਤੇ ਭੋਜਨ ਦੀ ਤਲਾਸ਼ ਨੇ ਇਨਾ੍ਹਂ ਨੂੰ ਅਲੱਗ ਅਲੱਗ ਦਿਸ਼ਾਵਾਂ ਵੱਲ ਜਾਣ ਲਈ ਮਜਬੂਰ ਕਰ ਦਿੱਤਾ। ਇਸ ਦੌਰਾਨ ਇਹ ਪਸ਼ੂਆਂ ਲਈ ਬਣੇ ਪਾਣੀ ਦੇ ਸੌਮਿਆਂ ਤੋਂ ਪਾਣੀ ਪੀਂਦੇ ਰਹੇ ਅਤੇ ਆਪਣੇ ਨਾਲ ਨੂਡਲਜ਼ ਅਤੇ ਬਿਸਕੁਟ ਹੀ ਖਾਂਦੇ ਰਹੇ ਸਨ।