
ਬਜ਼ੁਰਗਾਂ ਦੇ ਕਲਿਆਣਕਾਰੀ ਕੰਮਾਂ ਦੇ ਵਿਭਾਗਾਂ ਦੇ ਮੰਤਰੀ ਜਿਓਫ ਲੀ ਅਨੁਸਾਰ, ਜਿਵੇਂ ਜਿਵੇਂ ਕ੍ਰਿਸਮਿਸ ਦਾ ਤਿਉਹਾਰ ਨਜ਼ਦੀਕ ਆਉਂਦਾ ਜਾ ਰਿਹਾ ਹੈ ਤਿਵੇਂ ਤਿਵੇਂ ਤੋਹਫਿਆਂ ਦੇ ਸਿਲਸਿਲੇ ਵੀ ਸ਼ੁਰੂ ਹੋਣ ਜਾ ਰਹੇ ਹਨ ਅਤੇ ਇਸੇ ਦਾ ਮੱਦੇਨਜ਼ਰ ਨਿਊ ਸਾਊਥ ਵੇਲਜ਼ ਸਰਕਾਰ ਨੇ ਇਸ ਵਾਰੀ ਕ੍ਰਿਸਮਿਸ ਮੌਕੇ ਤੇ ਬਜ਼ੁਰਗਾਂ ਨੂੰ ਤੋਹਫੇ ਦੇਣ ਦਾ ਫੈਸਲਾ ਕੀਤਾ ਹੈ ਅਤੇ ਉਹ ਵੀ ਬਿਜਲੀ ਦੇ ਬਿਲਾਂ, ਘਰੇਲੂ ਹਾਰਡਵੇਅਰ, ਗਰੋਸਰੀ, ਇੰਟਰਨੈਟ ਅਤੇ ਹੋਰ ਵੀ ਬਹੁਤ ਸਾਰੇ ਖੇਤਰਾਂ ਵਿੱਚ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮਾਰ ਦੌਰਾਨ ਸੀਨੀਅਰ ਲੋਕਾਂ ਨੇ ਬਹੁਤ ਜ਼ਿਆਦਾ ਹੌਂਸਲਾ, ਉਦਾਰਤਾ ਅਤੇ ਵਿਸ਼ਵਾਸ਼ ਦਿਖਾਇਆ ਅਤੇ ਇਸ ਦੇ ਇਵਜ ਵਿੱਚ ਉਨ੍ਹਾਂ ਦੇ ਸਨਮਾਨ ਹਿਤ ਸਰਕਾਰ ਨੇ ਸੀਨੀਅਰ ਕਾਰਡ ਹੋਲਡਰਾਂ ਲਈ ਬਿਜਲੀ ਉਪਰ 21%, ਗੈਸ ਦੇ ਬਿਲਾਂ ਉਪਰ 11% ਤੱਕ ਡਿਸਕਾਊਂਟ ਦੇਣ ਦਾ ਐਲਾਨ ਕੀਤਾ ਹੈ। ਔਸੀ ਬਰਾਡਬੈਂਟ ਅਤੇ ਪੈਨੀਟੈਲ ਵੀ ਇਸੇ ਕਤਾਰ ਵਿੱਚ ਹਨ ਅਤੇ ਐਨ.ਬੀ.ਐਨ. ਅਤੇ ਮੋਬਾਇਲ ਫੋਨਾਂ ਲਈ ਡਿਸਕਾਊਂਟ ਦਾ ਐਲਾਨ ਛੇਤੀ ਹੀ ਕਰਨਗੇ। ਓਟਲੇ ਤੋਂ ਐਮ.ਪੀ. ਮਾਰਕ ਕੌਰੇ ਨੇ ਸ੍ਰੀ ਲੀ ਦਾ ਸਾਥ ਦਿੰਦਿਆਂ ਐਲਾਨ ਕੀਤਾ ਕਿ ਬਜ਼ੁਰਗਾਂ ਨੂੰ ਮਿਤਰੇ 10 ਸਟੋਰਾਂ ਉਪਰ 5% ਦਾ ਡਿਸਕਾਉਂਟ ਮਿਲੇਗਾ। ਜ਼ਿਆਦਾ ਜਾਣਕਾਰੀ ਵਾਸਤੇ www.seniorscard.nsw.gov.au/discounts/homepageoffers/christmas-dazzlers ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।