ਨਿਊ ਸਾਊਥ ਵੇਲਜ਼ ਦੀ ਇੱਕ ਮਹਿਲਾ ਦੀ ਮੈਨਿੰਗੋਕੋਕਲ ਬਿਮਾਰੀ ਕਾਰਨ ਮੌਤ

ਏ.ਸੀ.ਟੀ. ਵਿੱਚ ਇੱਕ ਸੰਗੀਤ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਨਿਊ ਸਾਊਥ ਵੇਲਜ਼ ਦੀ ਇੱਕ ਮਹਿਲਾ ਦੇ ਮੈਨਿੰਗੋਕੋਕਲ ਬਿਮਾਰੀ ਨਾਲ ਪੀੜਿਤ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਹੁਣ ਉਕਤ ਮਹਿਲਾ ਦੀ ਇਸ ਬਿਮਾਰੀ ਕਾਰਨ ਮੌਤ ਹੋ ਗਈ ਹੈ ਅਤੇ ਰਾਜ ਵਿੱਚ ਉਕਤ ਬਿਮਾਰੀ ਕਾਰਨ ਇਹ ਤੀਸਰੀ ਮੌਤ ਦਰਸਾਈ ਗਈ ਹੈ।
ਉਕਤ ਮਹਿਲਾ ਨੇ 26 ਨਵੰਬਰ ਨੂੰ ਕੈਨਬਰਾ ਦੇ ਐਗਜ਼ੀਬਿਸ਼ਨ ਪਾਰਕ ਵਿੱਚ ਹੋਏ ਇੱਕ ਸੰਗੀਤ ਸਮਾਰੋਹ ਵਿੱਚ ਭਾਗ ਲਿਆ ਸੀ ਅਤੇ ਇਸਤੋਂ ਬਾਅਦ ਉਹ ਉਕਤ ਬਿਮਾਰੀ ਤੋਂ ਪੀੜਿਤ ਹੋ ਗਈ ਸੀ। ਪਰ ਇਹ ਹਾਲੇ ਵੀ ਸਾਫ਼ ਨਹੀਂ ਹੈ ਕਿ ਉਸਨੂੰ ਇਹ ਬਿਮਾਰੀ ਉਕਤ ਸਮਾਰੋਹ ਵਿੱਚੋਂ ਹੀ ਲੱਗੀ ਸੀ।
ਪਰੰਤੂ ਸਿਹਤ ਅਧਿਕਾਰੀਆਂ ਨੇ ਫੇਰ ਵੀ ਅਹਿਤਿਆਦਨ ਐਲਾਨ ਕੀਤੇ ਹਨ ਕਿ ਉਕਤ ਸਮਾਰੋਹ ਵਿੱਚ ਜਿਨ੍ਹਾਂ ਨੇ ਸ਼ਿਰਕਤ ਕੀਤੀ ਸੀ, ਉਹ ਪੂਰਾ ਧਿਆਨ ਰੱਖਣ ਅਤੇ ਜੇਕਰ ਕਿਸੇ ਕਿਸਮ ਦੇ ਕੋਈ ਸਰੀਰਕ ਲੱਛਣ ਉਨ੍ਹਾਂ ਨੂੰ ਦਿਖਾਈ ਦੇਣ ਤਾਂ ਤੁਰੰਤ ਆਪਣੇ ਨਜ਼ਦੀਕੀ ਡਾਕਟਰ ਨੂੰ ਰਿਪੋਰਟ ਕਰਨ।
ਜ਼ਿਕਰਯੋਗ ਹੈ ਕਿ ਉਕਤ ਬਿਮਾਰੀ ਦੇ ਇਸ ਸਾਲ 2022 ਦੌਰਾਨ 29 ਮਾਮਲੇ ਪਾਏ ਜਾ ਚੁਕੇ ਹਨ।