ਨਿਊ ਸਾਊਥ ਵੇਲਜ਼ ਅੰਦਰ ਦੁਨੀਆਂ ਦੀ ਸਭ ਤੋਂ ਵੱਡੀ ਜੰਗਲੀ ਕੁੱਤਿਆਂ ਤੋਂ ਬਚਾਅ ਲਈ ਵਾੜ ਲਗਾਉਣ ਵਾਸਤੇ ਟੈਂਡਰ ਜਾਰੀ

ਨਿਊ ਸਾਊਥ ਵੇਲਜ਼ ਸਰਕਾਰ ਨੇ 17 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਾਈ ਜਾਣ ਵਾਲੀ 742 ਕਿਲੋ ਮੀਟਰ ਲੰਬੀ ਲੋਹੇ ਦੀ ਜਾਲੀ ਵਾਲੀ ਵਾੜ ਜਿਹੜੀ ਕਿ ਰਾਜ ਦੇ ਬਾਰਡਰ ਉਪਰ ਲਗਾਈ ਜਾਵੇਗੀ ਅਤੇ ਇਸ ਨਾਲ ਜੰਗਲੀ ਕੁੱਤਿਆਂ ਨੂੰ ਰਿਹਾਇਸ਼ੀ ਇਲਾਕਿਆਂ ਵਿੱਚ ਆਉਣ ਤੋਂ ਰੋਕਿਆ ਜਾਵੇਗਾ, ਲਈ ਟੈਂਡਰਾਂ ਦੀ ਮੰਗ ਕੀਤੀ ਹੈ। ਵਧੀਕ ਪ੍ਰੀਮੀਅਰ ਜੋਹਨ ਬੈਰੀਲਾਰੋ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਦਾ ਪਾਇਲਟ, ਹੰਗਰਫੋਰਡ ਦੇ ਨਜ਼ਦੀਕ ਪੂਰਨ ਕਰ ਲਿਆ ਗਿਆ ਹੈ ਅਤੇ ਇਸ ਵਾਸਤੇ ਹੁਣ ਸੰਪੂਰਨ ਕੰਮ ਲਈ ਟੈਂਡਰਾਂ ਦੀ ਮੰਗ ਜਨਤਕ ਤੌਰ ਤੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਜ ਭਾਵੇਂ ਹਾਲੇ ਵੀ ਕੋਵਿਡ-19 ਦੀ ਆਫ਼ਤ ਨਾਲ ਜੂਝ ਰਿਹਾ ਹੈ ਅਤੇ ਇਸ ਸਾਲ ਦੀਆਂ ਜੰਗਲੀ ਅੱਗ ਅਤੇ ਸੋਕੇ ਦੀ ਮਾਰ ਦਾ ਭਾਰ ਵੀ ਹਾਲੇ ਕਾਇਮ ਹੈ ਪਰੰਤੂ ਫੇਰ ਵੀ ਇਸ ਵਾੜ ਵਾਸਤੇ ਪਹਿਲ ਕੀਤੀ ਜਾ ਰਹੀ ਹੈ। 742 ਕਿਲੋ ਮੀਟਰ ਦੀ ਇਸ ਵਾੜ ਨੂੰ 50 ਤੋਂ 120 ਕਿ.ਮੀਟਰ ਦੇ ਚਰਣਾਂ ਵਿੱਚ ਬਣਾਇਆ ਜਾਵੇਗਾ ਅਤੇ ਇਸ ਨਾਲ ਜ਼ਿਆਦਾ ਲੋਕਾਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ। ਦਿੱਤੀ ਗਈ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਹੰਗਰਫੋਰਡ ਦੇ ਨਜ਼ਦੀਕ ਅਜਿਹੀ ਹੀ ਇੱਕ ਵਾੜ ਪਾਇਲਟ ਨਮੂਨੇ ਦੇ ਤੌਰ ਤੇ 15 ਕਿ.ਮੀਟਰ ਲੰਬੀ ਲਗਾਈ ਗਈ ਹੈ ਅਤੇ ਸਾਰੇ ਹੀ ਅਗਲੇ ਕਰਤਾਵਾਂ ਨੂੰ ਇਨ੍ਹਾਂ ਹਦਾਇਤਾਂ ਉਪਰ ਹੀ ਵਾੜ ਲਗਾਉਣੀ ਹੋਵੇਗੀ। ਪਾਇਲੇਟ ਪ੍ਰਾਜੈਕਟ ਲਈ ਸਥਾਨਕ ਇੰਡੀਜੀਨਸ ਆਸਟ੍ਰੇਲੀਆਈਆਂ ਦੀ ਹੀ ਮਦਦ ਲਈ ਗਈ ਹੈ ਅਤੇ ਇਸ ਵਾਸਤੇ ਐਨਗੋਨੀਆ ਤੋਂ ਕੰਟਰੈਕਟਰ ਲਏ ਗਏ ਸਨ ਅਤੇ ਸਾਜੋ ਸਾਮਾਨ ਬੌਰਕੇ ਖੇਤਰ ਵਿੱਚੋਂ ਉਪਲੱਭਧ ਕੀਤਾ ਗਿਆ ਸੀ। ਪ੍ਰਾਜੈਕਟ ਲਈ ਸਥਾਪਿਤ ਕੀਤੀ ਗਈ ਨਿਗਰਾਨ ਟੀਮ ਹੋ ਰਹੇ ਕੰਮ ਦਾ ਸਮੇਂ ਸਮੇਂ ਸਿਰ ਜਾਇਜ਼ਾ ਲੈਂਦੀ ਰਹੇਗੀ ਤਾਂ ਜੋ ਹੋ ਰਹੀ ਕਮੀ ਪੇਸ਼ੀ ਨੂੰ ਨਾਲ ਦੀ ਨਾਲ ਹੀ ਦੂਰ ਕੀਤਾ ਜਾ ਸਕੇ। ਜਾਣਕਾਰੀ ਮੁਤਾਬਿਕ ਇਸ ਦੀ ਲੰਬਾਈ ਨੂੰ ਹੋਰ ਵੀ ਵਧਾਇਆ ਜਾਣਾ ਹੈ ਅਤੇ ਇਹ ਸੰਪੂਰਨ ਰੂਪ ਵਿੱਚ 1,325 ਕਿ.ਮੀਟਰ ਤੱਕ ਵੀ ਹੋ ਜਾਵੇਗੀ ਅਤੇ ਇਹ ਸਥਾਨਕ ਲੋਕਾਂ ਨੂੰ ਜੰਗਲੀ ਜੀਵਾਂ ਤੋਂ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਵੇਗੀ। ਸਾਰੇ ਪ੍ਰਾਜੈਕਟ ਦੀ ਕੀਮਤ 37.5 ਮਿਲੀਅਨ ਡਾਲਰ ਹੋਣ ਤੱਕ ਦਾ ਅਨੁਮਾਨ ਹੈ ਅਤੇ ਜ਼ਿਆਦਾ ਜਾਣਕਾਰੀ ਲਈ www.suppliers.buy.nsw.gov.au/signup/supplier ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ। ਅਰਜ਼ੀਆਂ ਦੇਣ ਲਈ ਨਿਯਤ ਮਿਤੀ 02 ਫਰਵਰੀ 2021 ਤੈਅ ਕੀਤੀ ਗਈ ਹੈ। ਸੰਪੂਰਨ ਜਾਣਕਾਰੀ ਵਾਸਤੇ wilddogfence@scs.nsw.gov.au ਉਪਰ ਵਿਜ਼ਿਟ ਵੀ ਕੀਤਾ ਜਾ ਸਕਦਾ ਹੈ ਅਤੇ (02) 5852 1215 ਉਪਰ ਕਾਲ ਕਰਕੇ ਅਤੇ ਜਾਂ ਫੇਰ www.lls.nsw.gov.au ਉਪਰ ਵਿਜ਼ਿਟ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ।

Install Punjabi Akhbar App

Install
×